ਬੀਮਾਰ ਭਰਾ ਨੂੰ ਬਚਾਉਣ ਲਈ ਪੰਡਿਤ ਪਿੱਛੇ ਲੱਗਿਆ ਅੰਧ-ਵਿਸ਼ਵਾਸੀ, ਗਊਸ਼ਾਲਾ 'ਚ ਕੀਤਾ ਵੱਡਾ ਕਾਂਡ
Monday, Aug 03, 2020 - 10:15 AM (IST)
ਮੁੱਲਾਂਪੁਰ ਦਾਖਾ (ਕਾਲੀਆ) : ਸਥਾਨਕ ਸ੍ਰੀ ਕ੍ਰਿਸ਼ਨ ਗੋਪਾਲ ਗਊਸ਼ਾਲਾ ’ਚ ਬੀਤੀ ਰਾਤ ਦੋ ਗਊਆਂ ਅਤੇ ਤਿੰਨ ਸਾਨ੍ਹਾਂ ਦੀ ਸੁੱਕੀ ਖਲ੍ਹ ਖਾ ਕੇ ਅਫ਼ਾਰੇ ਨਾਲ ਮੌਤ ਹੋ ਗਈ, ਜਦੋਂ ਕਿ ਦੋ ਹੋਰ ਗਊਆਂ ਨੂੰ ਦਵਾਈ ਦੇ ਕੇ ਬਚਾ ਲਿਆ ਗਿਆ। ਗਊਸ਼ਾਲਾ ਦੇ ਮੁਨੀਮ ਦੇਵੀ ਦਿਆਲ ਮੁਤਾਬਕ ਇਕ ਅੰਧ-ਵਿਸ਼ਵਾਸੀ ਨੂੰ ਪੰਡਿਤ ਨੇ ਦੱਸਿਆ ਸੀ ਕਿ ਉਸ ਦਾ ਭਰਾ, ਜੋ ਕਿ ਬਹੁਤ ਬੀਮਾਰ ਹੈ, ਉਹ ਤਾਂ ਹੀ ਬਚ ਸਕਦਾ ਹੈ, ਜੇਕਰ ਗਊਆਂ ਨੂੰ ਕੋਈ ਕਾਲੀ ਚੀਜ਼ ਖੁਆਈ ਜਾਵੇ। ਆਪਣੇ ਭਰਾ ਦੀ ਜ਼ਿੰਦਗੀ ਬਚਾਉਣ ਲਈ ਅੰਧ-ਵਿਸ਼ਵਾਸੀ ਦੋ ਬੋਰੀਆਂ ਸਰ੍ਹੋਂ ਦੀ ਖਲ੍ਹ ਦੀਆਂ ਗਊਸ਼ਾਲਾ ਲੈ ਆਇਆ ਅਤੇ ਸੁੱਕੀ ਖਲ੍ਹ ਗਊਆਂ ਨੂੰ ਪਾ ਦਿੱਤੀ। ਸੁੱਕੀ ਖਲ੍ਹ ਖਾਣ ਉਪਰੰਤ ਗਊਆਂ ਅਤੇ ਸਾਨ੍ਹਾਂ ਨੇ ਉਪਰੋਂ ਪਾਣੀ ਪੀ ਲਿਆ, ਜਿਸ ਕਰ ਕੇ ਉਨ੍ਹਾਂ ਨੂੰ ਅਫ਼ਾਰਾ ਹੋ ਗਿਆ, ਜਿਸ ਦੇ ਸਿੱਟੇ ਵਜੋਂ 3 ਸਾਨ੍ਹ ਅਤੇ 2 ਗਊਆਂ ਦੀ ਮੌਤ ਹੋ ਗਈ, ਜਦੋਂ ਕਿ ਦੋ ਹੋਰ ਗਊਆਂ ਜੋ ਕਿ ਅਫ਼ਾਰੇ ਨਾਲ ਤੜਫ ਰਹੀਆਂ ਸਨ, ਨੂੰ ਡਾ. ਹਰਦੀਪ ਨੇ ਦਵਾਈ ਦੇ ਕੇ ਬਚਾ ਲਿਆ।
ਇਹ ਵੀ ਪੜ੍ਹੋ : ਪ੍ਰੇਮਿਕਾ ਦੇ ਇਸ਼ਕ 'ਚ ਅੰਨ੍ਹੇ ਪਤੀ ਨੂੰ ਜ਼ਹਿਰ ਦਿਖਦੀ ਸੀ ਪਤਨੀ, ਰਾਹ 'ਚੋਂ ਹਟਾਉਣ ਲਈ ਕੀਤਾ ਖ਼ੌਫਨਾਕ ਕਾਰਾ
ਡਾ. ਹਰਦੀਪ ਨੇ ਦੱਸਿਆ ਕਿ ਮੈਂ ਅੰਧ-ਵਿਸ਼ਵਾਸੀ ਨੂੰ ਕਿਹਾ ਸੀ ਕਿ ਗਊਆਂ ਨੂੰ ਸੁੱਕੀ ਖਲ੍ਹ ਨਾ ਪਾਵੇ, ਸਗੋਂ ਗਊਸ਼ਾਲਾ ਨੂੰ ਦੇ ਦੇਵੇ, ਅਸੀਂ ਬਾਅਦ 'ਚ ਪਾ ਦਿਆਂਗੇ ਪਰ ਉਹ ਨਹੀਂ ਮੰਨਿਆ ਅਤੇ ਜ਼ਿੱਦ ਕਰਕੇ ਮੇਰੇ ਜਾਣ ਤੋਂ ਬਾਅਦ ਖਲ੍ਹ ਪਸ਼ੂਆਂ ਨੂੰ ਪਾ ਗਿਆ। ਜਦੋਂ ਮੈਂ ਸਵੇਰੇ ਗਊਸ਼ਾਲਾ ਆਇਆ ਤਾਂ 5 ਪਸ਼ੂ ਮਰੇ ਪਏ ਸਨ ਅਤੇ ਦੋ ਗਊਆਂ ਅਫ਼ਾਰੇ ਨਾਲ ਤੜਫ ਰਹੀਆਂ ਸਨ। ਉਨ੍ਹਾਂ ਨੂੰ ਦਵਾਈ ਦਿੱਤੀ ਗਈ ਅਤੇ ਹੁਣ ਉਨ੍ਹਾਂ ਦੀ ਹਾਲਤ ਠੀਕ ਹੈ। ਅੰਧ-ਵਿਸ਼ਵਾਸੀ ਦੀ ਬੇਵਕੂਫ਼ੀ ਕਾਰਨ ਵਾਪਰੀ ਇਸ ਮੰਦਭਾਗੀ ਘਟਨਾ ਕਾਰਨ ਸ਼ਹਿਰ ਵਾਸੀਆਂ ਅਤੇ ਗਊ ਭਗਤਾਂ ’ਚ ਕਾਫੀ ਰੋਸ ਹੈ।
ਇਹ ਵੀ ਪੜ੍ਹੋ : ਪੰਜਾਬ ਦੀਆਂ ਜੇਲ੍ਹਾਂ 'ਚ ਕੈਦੀਆਂ ਤੱਕ 'ਰੱਖੜੀ' ਪਹੁੰਚਾਉਣ ਲਈ ਦਿਸ਼ਾ-ਨਿਰਦੇਸ਼ ਜਾਰੀ
ਕੀ ਪ੍ਰਬੰਧਕ ਕਮੇਟੀ ਇਸ ਘਟਨਾ ਤੋਂ ਸਬਕ ਲਵੇਗੀ..?
ਪੰਡਿਤਾਂ ਵੱਲੋਂ ਦੱਸੇ ਜਾਂਦੇ ਉਪਾਅ ਕਰਨ ਆਉਂਦੇ ਗਊਸ਼ਾਲਾ ਜਾਂ ਗਊ ਭਗਤਾਂ ਵੱਲੋਂ ਪਾਏ ਜਾਂਦੇ ਗੁੜ੍ਹ, ਖਲ੍ਹ, ਰੋਟੀਆਂ, ਪੱਠੇ, ਛਾਣ ਬੂਰਾ, ਸਬਜ਼ੀਆਂ, ਫਲ ਆਦਿ ਪਦਾਰਥਾਂ ਲਈ ਕੀ ਪ੍ਰਬੰਧਕ ਕਮੇਟੀ ਆਪਣੀ ਮਨਮਰਜ਼ੀ ਕਰਨ ਦੇਵੇਗੀ ਜਾਂ ਇਸ ਘਟਨਾ ਤੋਂ ਸਬਕ ਲਵੇਗੀ। ਗਊ ਭਗਤਾਂ ਨੂੰ ਵੀ ਚਾਹੀਦਾ ਹੈ ਕਿ ਉਹ ਕੋਈ ਵੀ ਚੀਜ਼ ਸੋਚ-ਸਮਝ ਕੇ ਪਾਉਣ ਤਾਂ ਕਿ ਪੁੰਨ ਕਰਦੇ-ਕਰਦੇ ਉਹ ਕਿਤੇ ਇਸ ਤਰ੍ਹਾਂ ਦੇ ਪਾਪ ਦੇ ਭਾਗੀ ਨਾ ਬਣ ਜਾਣ।
ਇਹ ਵੀ ਪੜ੍ਹੋ : ਮੁਰਦਾਘਰ 'ਚ ਚੂਹਿਆਂ ਵੱਲੋਂ ਲਾਸ਼ ਕੁਤਰਨ ਦਾ ਮਾਮਲਾ, ਪੋਸਟਮਾਰਟਮ ਰਿਪੋਰਟ 'ਚ ਅਹਿਮ ਖ਼ੁਲਾਸਾ