ਵਧਦੀ ਬੇਸਹਾਰਾ ਗਊ ਵੰਸ਼ ਦੀ ਗਿਣਤੀ ਕਾਰਨ ਲੋਕ ਪੇ੍ਰਸ਼ਾਨ
Friday, Jul 20, 2018 - 07:55 AM (IST)

ਜਲਾਲਾਬਾਦ(ਗੋਇਲ)-ਹਿੰਦੂ ਧਰਮ ’ਚ ਗਊ ਨੂੰ ਗਊ ਮਾਤਾ ਦਾ ਦਰਜਾ ਦਿੱਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਗਊ ਮਾਤਾ ’ਚ ਸਾਰੇ ਦੇਵੀ-ਦੇਵਤਿਆਂ ਦਾ ਵਾਸ ਹੈ ਅਤੇ ਗਊ ਦੀ ਸੇਵਾ ਕਰਨ ’ਤੇ ਹਰ ਸੁੱਖ ਮਿਲਦਾ ਹੈ ਪਰ ਧਰਮ ਕਰਮ ’ਚ ਹਮੇਸ਼ਾ ਅੱਗੇ ਰਹਿਣ ਵਾਲੇ ਜਲਾਲਾਬਾਦ ਖੇਤਰ ’ਚ ਗਊ ਮਾਤਾ ਦਾ ਨਿਰਾਦਰ ਹੋ ਰਿਹਾ ਹੈ ਅਤੇ ਉਸ ਨੂੰ ਆਪਣਾ ਢਿੱਡ ਭਰਨ ਲਈ ਗਲੀਆਂ ਅਤੇ ਬਾਜ਼ਾਰਾਂ ’ਚ ਭਟਕਣਾ ਪੈ ਰਿਹਾ ਹੈ। ਬਾਜ਼ਾਰਾਂ ਤੇ ਮੁਹੱਲਿਆਂ ’ਚ ਘੰਮਦੇ ਹਨ ਬੇਸਹਾਰਾ ਪਸ਼ੂ ਜਾਣਕਾਰੀ ਅਨੁਸਾਰ ਸਥਾਨਕ ਬੱਗਾ ਬਾਜ਼ਾਰ, ਰੇਲਵੇ ਸਟੇਸ਼ਨ ਰੋਡ, ਪੁਰਾਣੀ ਸਬਜ਼ੀ ਮੰਡੀ ਰੋਡ, ਪੀ. ਐੱਨ. ਬੀ. ਰੋਡ, ਸ੍ਰੀ ਰਾਮਲੀਲਾ ਚੌਕ, ਦਾਨਾ ਮੰਡੀ ਅਤੇ ਮੁਕਤਸਰ ਰੋਡ ਸਮੇਤ ਵੱਖ-ਵੱਖ ਬਾਜ਼ਾਰਾਂ ਅਤੇ ਮੁਹੱਲਿਆਂ ’ਚ ਗਊ ਨੂੰ ਬੇਸਹਾਰਾ ਘੁੰਮਦੇ ਹੋਏ ਵੇਖਿਆ ਜਾ ਸਕਦਾ ਹੈ। ਜਾਣਕਾਰੀ ਅਨੁਸਾਰ ਕੁਝ ਲਾਲਚੀ ਕਿਸਮ ਦੇ ਲੋਕ ਆਪਣੀ ਗਾਂ ਨੂੰ ਸਵੇਰੇ ਛੱਡ ਦਿੰਦੇ ਹਨ ਅਤੇ ਸ਼ਾਮ ਨੂੰ ਫਿਰ ਬੰਨ੍ਹ ਕੇ ਦੁੱਧ ਚੋਅ ਲੈਂਦੇ ਹਨ।
ਪ੍ਰਸ਼ਾਸਨ ਕਰੇ ਪਹਿਲ
ਇਲਾਕੇ ’ਚ ਵਧਦੀਆਂ ਬੇਸਹਾਰਾ ਗਊਆਂ ਦੀ ਸਮੱਸਿਆ ਨੂੰ ਖਤਮ ਕਰਨ ਲਈ ਪ੍ਰਸ਼ਾਸਨ ਨੂੰ ਪਹਿਲ ਕਰਨ ਦੀ ਲੋਡ਼ ਹੈ। ਸਭ ਤੋਂ ਪਹਿਲਾਂ ਪ੍ਰਸ਼ਾਸਨ ਨੂੰ ਉਨ੍ਹਾਂ ਲੋਕਾਂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ ਜੋ ਆਪਣੀ ਬੀਮਾਰ ਅਤੇ ਕਮਜ਼ੋਰ ਗਾਂ ਨੂੰ ਬਾਜ਼ਾਰ’ਚ ਛੱਡ ਜਾਂਦੇ ਹਨ। ਇਸ ਤੋਂ ਇਲਾਵਾ ਪਿੰਡਾਂ ਤੋਂ ਟਰਾਲੀਆਂ ’ਚ ਲਿਆ ਕੇ ਸ਼ਹਿਰ ’ਚ ਗਊਆਂ ਛੱਡਣ ਵਾਲੇ ਲੋਕਾਂ ਵਿਰੁੱਧ ਕਾਰਵਾਈ ਕਰਨ ਦੀ ਲੋਡ਼ ਹੈ।
ਗਊਸ਼ਾਲਾਵਾਂ ’ਤੇ ਲੱਖਾਂ ਦਾ ਕਰਜ਼ਾ
ਮੌਜੂਦਾ ਸਮੇਂ ’ਚ ਦੋਵਾਂ ਗਊਸ਼ਾਲਾ ਮੈਨੇਜਮੈਂਟਾਂ ਵੱਲੋਂ ਲਗਭਗ 1120 ਗਊਆਂ ਦੀ ਸੰਭਾਲ ਕੀਤੀ ਜਾ ਰਹੀ ਹੈ, ਜਿਸ ’ਚੋਂ ਸਿਰਫ 60 ਪਸ਼ੂ ਹੀ ਦੁਧਾਰੂ ਹਨ। ਪਿਛਲੇ ਸਮੇਂ ’ਚ ਅਕਾਲੀ-ਭਾਜਪਾ ਸਰਕਾਰ ਵੱਲੋਂ ਬਿਜਲੀ ਦੇ ਬਿੱਲ ਮੁਆਫ ਕੀਤੇ ਗਏ ਪਰ ਸਰਕਾਰ ਦੇ ਅਖੀਰਲੇ ਸਮੇਂ ’ਚ ਬਿੱਲਾਂ ਦੀ ਦੁਬਾਰਾ ਵਸੂਲੀ ਸ਼ੁਰੂ ਕਰ ਦਿੱਤੀ ਗਈ ਪਰ ਹੁਣ ਗਊਸ਼ਾਲਾ ਬਿੱਲ ਭਰਨ ਤੋਂ ਅਸਮਰਥ ਹੈ। ਮੌਜੂਦਾ ਸਮੇਂ ’ਚ ਗਊਸ਼ਾਲਾ ਵੱਲ ਕਰੀਬ 4 ਲੱਖ ਰੁਪਏ ਬਿੱਲ ਅਤੇ ਕਰੀਬ 6 ਲੱਖ ਰੁਪਏ ਬਾਜ਼ਾਰ ਦੀ ਦੇਣਦਾਰੀ ਖਡ਼੍ਹੀ ਹੈ।
ਗਲੀਅਾਂ ’ਚ ਘੁੰਮਦੇ ਨੇ ਬੇਸਹਾਰਾ ਪਸ਼ੂ
ਹਰ ਵੇਲੇ ਹਾਦਸੇ ਦਾ ਡਰ ਜਲਾਲਾਬਾਦ ਦੇ ਵੱਖ-ਵੱਖ ਬਾਜ਼ਾਰਾਂ ’ਚ ਘੁੰਮਦੀਆਂ ਬੇਸਹਾਰਾ ਪਸ਼ੂ ਲਗਾਤਾਰ ਆਪਸ ’ਚ ਲਡ਼ਦੇ ਰਹਿੰਦੇ ਹਨ, ਜਿਸ ਕਾਰਨ ਹਮੇਸ਼ਾ ਹੀ ਹਾਦਸੇ ਅਤੇ ਨੁਕਸਾਨ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਰਾਤ ਵੇਲੇ ਮੁੱਖ ਸਡ਼ਕਾਂ ਅਤੇ ਬਾਜ਼ਾਂਰਾਂ ’ਚ ਬੈਠੇ ਗਊ ਵੰਸ਼ ਕਾਰਨ ਵ੍ਹੀਕਲਾਂ ਦੇ ਟਕਰਾਉਣ ਕਾਰਨ ਹਾਦਸਾ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ।
ਕੋਈ ਸਰਕਾਰੀ ਗ੍ਰਾਂਟ ਨਹੀਂ
ਉਥੇ ਦੂਜੇ ਪਾਸੇ ਸਥਾਨਕ ਪੁਰਾਣੀ ਗਊਸ਼ਾਲਾ ਦੀ ਆਰਥਕ ਹਾਲਾਤ ਲਗਾਤਾਰ ਖਰਾਬ ਹੋ ਰਹੀ ਹੈ। ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਗਊਸ਼ਾਲਾ ਨੂੰ ਕੋਈ ਵੀ ਸਰਕਾਰੀ ਸਹਾਇਤਾ ਮੁਹੱਈਆ ਨਹੀਂ ਕਰਵਾਈ ਜਾ ਰਹੀ ਹੈ। ਅਜਿਹੇ ’ਚ ਗਊਸ਼ਾਲਾ ਵੱਲੋਂ ਗਊਆਂ ਨੂੰ ਸੰਭਾਲਣ ਦਾ ਕੰਮ ਦਾਨੀ ਅਤੇ ਸਹਿਯੋਗੀ ਸੱਜਣਾਂ ਦੀ ਮਦਦ ਨਾਲ ਕੀਤਾ ਜਾ ਰਿਹਾ ਹੈ।
ਬਿੱਲ ਮੁਆਫ ਕਰਨ ਦੀ ਮੰਗ
ਗਊਸ਼ਾਲਾ ਕਮੇਟੀ ਨੇ ਮੁੱਖ ਮੰਤਰੀ, ਡੀ. ਸੀ. ਫਾਜ਼ਿਲਕਾ ਅਤੇ ਐੱਸ. ਡੀ. ਐੱਮ. ਜਲਾਲਾਬਾਦ ਨੂੰ ਮੰਗ ਪੱਤਰ ਭੇਜਦੇ ਹੋਏ ਮੰਗ ਕੀਤੀ ਹੈ ਕਿ ਗਊਸ਼ਾਲਾ ਦੀ ਆਰਥਕ ਹਾਲਤ ਨੂੰ ਵੇਖਦੇ ਹੋਏ ਬਿਜਲੀ ਦਾ ਬਿੱਲ ਮੁਆਫ ਕੀਤਾ ਜਾਵੇ ਅਤੇ ਗਊਆਂ ਨੂੰ ਸੰਭਾਲਣ ਲਈ ਵਿੱਤੀ ਮਦਦ ਮੁਹੱਈਆ ਕਰਵਾਈ ਜਾਵੇ। ਗਊਆਂ ਸਡ਼ਕਾਂ ’ਤੇ ਛੱਡਣ ਦੀ ਚਿਤਾਵਨੀ ਇਸ ਸਬੰਧੀ ਗਊਸ਼ਾਲਾ ਸੇਵਾ ਸੰਮਤੀ ਦੇ ਪ੍ਰਧਾਨ ਰਾਜੀਵ ਦਾਹੂਜਾ, ਕੈਸ਼ੀਅਰ ਕੇ. ਜੀ. ਸ਼ਰਮਾ ਅਤੇ ਕਮੇਟੀ ਮੈਂਬਰ ਰਾਕੇਸ਼ ਮਿੱਢਾ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਜਲਦ ਹੀ ਕੋਈ ਕਦਮ ਨਾ ਚੁੱਕਿਆ ਗਿਆ ਤਾਂ ਉਹ ਮਜਬੂਰਨ 50 ਫੀਸਦੀ ਗਊਆਂ ਸਡ਼ਕਾਂ ’ਤੇ ਛੱਡ ਦੇਣਗੇ, ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਤੇ ਪ੍ਰਸ਼ਾਸਨ ਦੀ ਹੋਵੇਗੀ।
ਗੰਦਗੀ ਤੇ ਥੈਲੀਆਂ ਖਾਣ ਨੂੰ ਮਜਬੂਰ
ਗਊ ਜੋ ਸਾਨੂੰ ਦੁੱਧ ਸਮੇਤ ਹੋਰ ਸਿਹਤ ਲਈ ਫਾੲਿਦੇਮੰਦ ਚੀਜ਼ਾਂ ਦਿੰਦੀ ਹੈ, ਨੂੰ ਅੱਜ ਆਪਣਾ ਢਿੱਡ ਭਰਨ ਲਈ ਗਲੀਆਂ ’ਚ ਪਈ ਗੰਦਗੀ ਅਤੇ ਥੈਲੀਆਂ ਖਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ’ਚ ਸੁੱਟੀ ਗੰਦਗੀ ਅਤੇ ਲਿਫਾਫਿਆਂ ’ਚ ਗਊਆਂ ਨੂੰ ਆਪਣਾ ਖਾਣ ਦਾ ਸਾਮਾਨ ਭਾਲਦੇ ਹੋਏ ਵੇਖਿਆ ਜਾ ਸਕਦਾ ਹੈ।