ਮੋਗਾ ਤੋਂ ਪਤੀ-ਪਤਨੀ ਭੇਤਭਰੇ ਹਾਲਾਤਾਂ ''ਚ ਲਾਪਤਾ, ਲੁਧਿਆਣਾ ਕੰਮ ''ਤੇ ਜਾਣ ਲਈ ਨਿਕਲੇ ਸਨ ਦੋਵੇਂ

Wednesday, Nov 18, 2026 - 09:13 PM (IST)

ਮੋਗਾ ਤੋਂ ਪਤੀ-ਪਤਨੀ ਭੇਤਭਰੇ ਹਾਲਾਤਾਂ ''ਚ ਲਾਪਤਾ, ਲੁਧਿਆਣਾ ਕੰਮ ''ਤੇ ਜਾਣ ਲਈ ਨਿਕਲੇ ਸਨ ਦੋਵੇਂ

ਮੋਗਾ - ਮੋਗਾ ਦੇ ਪੱਤੀ ਮਾਲੇ ਕੀ ਇਲਾਕੇ ਵਿੱਚੋਂ ਇੱਕ ਪਤੀ-ਪਤਨੀ ਦੇ ਭੇਤਭਰੇ ਹਾਲਾਤਾਂ ਵਿੱਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਲਾਪਤਾ ਹੋਏ ਨੌਜਵਾਨ ਦੇ ਪਿਤਾ ਸਤਪਾਲ ਪੁੱਤਰ ਰੂਪ ਲਾਲ ਵਾਸੀ ਪੱਤੀ ਮਾਲੇ ਕੀ, ਨੇ ਪੁਲਸ ਨੂੰ ਸ਼ਿਕਾਇਤ ਦੇ ਕੇ ਆਪਣੇ ਪੁੱਤਰ ਅਤੇ ਨੂੰਹ ਦੀ ਭਾਲ ਕਰਨ ਦੀ ਗੁਹਾਰ ਲਗਾਈ ਹੈ।

ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਸਤਪਾਲ ਨੇ ਦੱਸਿਆ ਕਿ ਉਸ ਦਾ ਪੁੱਤਰ ਕਾਸ਼ਿਸ਼ ਕਟਾਰੀਆ ਇੱਕ ਕੰਪਨੀ ਵਿੱਚ ਮਾਰਕੀਟਿੰਗ ਦਾ ਕੰਮ ਕਰਦਾ ਹੈ ਅਤੇ ਕੰਮ ਦੇ ਸਿਲਸਿਲੇ ਵਿੱਚ ਵੱਖ-ਵੱਖ ਦੁਕਾਨਾਂ ’ਤੇ ਜਾਂਦਾ ਰਹਿੰਦਾ ਹੈ। ਸ਼ਿਕਾਇਤਕਰਤਾ ਅਨੁਸਾਰ 17 ਨਵੰਬਰ ਨੂੰ ਦੁਪਹਿਰ ਕਰੀਬ 3:50 ਵਜੇ ਉਸ ਦਾ ਪੁੱਤਰ ਕਾਸ਼ਿਸ਼ ਕਟਾਰੀਆ ਆਪਣੀ ਪਤਨੀ ਕੁਲਵਿੰਦਰ ਕੌਰ ਨੂੰ ਨਾਲ ਲੈ ਕੇ ਟਾਟਾ ਪੰਚ ਗੱਡੀ ਨੰਬਰ ਪੀ.ਬੀ.-76-ਬੀ-6794 ਵਿੱਚ ਘਰੋਂ ਇਹ ਕਹਿ ਕੇ ਗਿਆ ਸੀ ਕਿ ਉਹ ਕੰਮ ਦੇ ਸਿਲਸਿਲੇ ਵਿੱਚ ਲੁਧਿਆਣਾ ਜਾ ਰਹੇ ਹਨ।

ਸ਼ਿਕਾਇਤ ਵਿੱਚ ਅੱਗੇ ਦੱਸਿਆ ਗਿਆ ਕਿ ਦੋਵਾਂ ਕੋਲ ਕੰਪਨੀ ਦੇ ਕੰਮ ਨਾਲ ਸਬੰਧਤ ਕਰੀਬ ਸੱਤ-ਅੱਠ ਮੋਬਾਈਲ ਫੋਨ ਵੀ ਸਨ। ਜਦੋਂ ਸ਼ਾਮ ਤੱਕ ਦੋਵੇਂ ਘਰ ਵਾਪਸ ਨਾ ਪਰਤੇ ਤਾਂ ਪਰਿਵਾਰਕ ਮੈਂਬਰਾਂ ਨੇ ਪਹਿਲਾਂ ਮੋਗਾ ਸ਼ਹਿਰ ਵਿੱਚ ਉਨ੍ਹਾਂ ਦੀ ਭਾਲ ਕੀਤੀ, ਪਰ ਕੋਈ ਸੁਰਾਗ ਨਹੀਂ ਮਿਲਿਆ। ਇਸ ਤੋਂ ਬਾਅਦ ਪਰਿਵਾਰ ਨੇ ਲੁਧਿਆਣਾ ਦੇ ਮੁੱਲਾਂਪੁਰ ਸਥਿਤ ਟੋਲ ਪਲਾਜ਼ਾ ’ਤੇ ਜਾ ਕੇ ਜਾਣਕਾਰੀ ਹਾਸਲ ਕੀਤੀ, ਜਿੱਥੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਕਤ ਗੱਡੀ ਦੁਪਹਿਰ ਕਰੀਬ 4:32 ਵਜੇ ਟੋਲ ਪਲਾਜ਼ਾ ਤੋਂ ਲੰਘੀ ਸੀ।

ਪਰਿਵਾਰਕ ਮੈਂਬਰਾਂ ਅਨੁਸਾਰ ਕਾਫ਼ੀ ਕੋਸ਼ਿਸ਼ਾਂ ਦੇ ਬਾਵਜੂਦ ਜਦੋਂ ਕਾਸ਼ਿਸ਼ ਕਟਾਰੀਆ ਅਤੇ ਕੁਲਵਿੰਦਰ ਕੌਰ ਨਾਲ ਫੋਨ ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਦੋਵਾਂ ਦੇ ਮੋਬਾਈਲ ਫੋਨ ਬੰਦ ਆ ਰਹੇ ਸਨ। ਇਸ ਕਾਰਨ ਪਰਿਵਾਰਕ ਮੈਂਬਰ ਕਾਫ਼ੀ ਚਿੰਤਤ ਹਨ। ਸਤਪਾਲ ਨੇ ਪੁਲਸ ਨੂੰ ਅਪੀਲ ਕੀਤੀ ਹੈ ਕਿ ਲਾਪਤਾ ਪਤੀ-ਪਤਨੀ ਦੀ ਜਲਦ ਤੋਂ ਜਲਦ ਭਾਲ ਕੀਤੀ ਜਾਵੇ ਅਤੇ ਉਨ੍ਹਾਂ ਦੇ ਮੋਬਾਈਲ ਫੋਨਾਂ ਦੀ ਜਾਂਚ ਕਰਕੇ ਉਨ੍ਹਾਂ ਬਾਰੇ ਪਤਾ ਲਗਾਇਆ ਜਾਵੇ।
 


author

Inder Prajapati

Content Editor

Related News