ਕੋਰੋਨਾ ਨੂੰ ਲੈ ਕੇ 5 ਸਾਲਾ ਬੱਚੀ ਨੇ ਕੁਝ ਇਸ ਤਰ੍ਹਾਂ ਕੀਤੀ ਸਰਬਤ ਦੇ ਭਲੇ ਦੀ ਅਰਦਾਸ (ਵੀਡੀਓ)
Tuesday, Mar 24, 2020 - 09:46 PM (IST)
ਰੂਪਨਗਰ (ਸੱਜਣ ਸੈਣੀ)— ਪੰਜਾਬ 'ਚ ਲਗਾਤਾਰ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਜਾ ਰਿਹਾ ਹੈ। ਕੋਰੋਨਾ ਵਾਇਰਸ ਦੇ ਹੁਣ ਤੱਕ ਪੰਜਾਬ 'ਚੋਂ 26 ਕੇਸ ਪਾਜ਼ੀਟਿਵ ਪਾਏ ਗਏ ਹਨ। ਇਕ ਪਾਸੇ ਜਿੱਥੇ ਪੰਜਾਬ ਸਰਕਾਰ ਦੇ ਹੁਕਮਾਂ 'ਤੇ ਸੂਬੇ 'ਚ ਕਰਫਿਊ ਲਗਾ ਕੇ ਪੁਲਸ ਵੱਲੋਂ ਵੱਖ-ਵੱਖ ਜ਼ਿਲਿਆਂ 'ਚ ਵੱਖ-ਵੱਖ ਤਰੀਕਿਆਂ ਨਾਲ ਘਰਾਂ 'ਚ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ, ਉਥੇ ਹੀ ਰੂਪਨਗਰ ਦੀ 5 ਸਾਲਾ ਬੱਚੀ ਨੇ ਵੀ ਅਰਦਾਸ ਕਰਦੇ ਹੋਏ ਲੋਕਾਂ ਨੂੰ ਘਰਾਂ 'ਚ ਰਹਿਣ ਦੀ ਅਪੀਲ ਕੀਤੀ।
ਰੂਪਨਗਰ 'ਚ 5 ਸਾਲਾ ਬੱਚੀ ਨੇ ਕੋਰੋਨਾ ਵਾਇਰਸ ਦੇ ਵੱਧਦੇ ਪ੍ਰਕੋਪ ਨੂੰ ਦੇਖਦੇ ਹੋਏ ਸਰਬੱਤ ਦੇ ਭਲੇ ਲਈ ਹੱਥ ਜੋੜ ਕੇ ਗੁਰੂ ਜੀ ਦੇ ਚਰਨਾਂ 'ਚ ਅਰਦਾਸ ਕੀਤੀ ਅਤੇ ਲੋਕਾਂ ਨੂੰ ਘਰਾਂ 'ਚ ਰਹਿਣ ਦੀ ਅਪੀਲ ਕੀਤੀ। ਦੱਸਣਯੋਗ ਹੈ ਕਿ ਇਹ ਉਹੀ ਛੋਟੀ ਜਿਹੀ ਬੱਚੀ ਨੇ ਜਿਸ ਨੇ ਦਸੰਬਰ ਮਹੀਨੇ 'ਚ ਸ਼ਹੀਦੀ ਜੋੜ ਮੇਲਿਆਂ ਦੌਰਾਨ ਮੁੱਖ ਮੰਤਰੀ ਨੂੰ ਪੰਜਾਬ 'ਚ ਸ਼ਰਾਬ ਦੇ ਠੇਕੇ ਬੰਦ ਕਰਨ ਦੀ ਅਪੀਲ ਕੀਤੀ ਸੀ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਬੀਤੇ ਦਿਨ ਤੋਂ ਪੰਜਾਬ 'ਚ ਵੱਧ ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਦੇਖਦੇ ਹੋਏ ਕਰਫਿਊ ਲਗਾਇਆ ਗਿਆ ਹੈ, ਜੋਕਿ ਅਗਲੇ ਹੁਕਮਾਂ ਤੱਕ ਜਾਰੀ ਰਹੇਗਾ।
ਦੁਨੀਆ ਭਰ 'ਚ ਕੋਰੋਨਾ ਨਾਲ 16000 ਤੋਂ ਵੱਧ ਮੌਤਾਂ
ਜ਼ਿਕਰਯੋਗ ਹੈ ਕਿ ਦੁਨੀਆ ਭਰ 'ਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਦੁਨੀਆ ਭਰ 'ਚ ਕੋਰੋਨਾ ਕਾਰਨ ਲਗਭਗ 16000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਇਸ ਤੋਂ ਇਲਾਵਾ ਭਾਰਤ 'ਚ ਹੁਣ ਤਕ 10 ਮੌਤਾਂ ਕੋਰੋਨਾ ਕਾਰਨ ਹੋ ਚੁੱਕੀਆਂ ਹਨ। ਇਸੇ ਤਰ੍ਹਾਂ ਪੰਜਾਬ 'ਚ ਹੁਣ ਤੱਕ 1 ਦੀ ਮੌਤ ਹੋ ਚੁੱਕੀ ਹੈ ਅਤੇ 26 ਪਾਜ਼ੀਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਪੰਜਾਬ 'ਚ ਕੋਰੋਨਾ ਦਾ ਜ਼ਿਆਦਾਤਰ ਪਾਜ਼ੀਟਿਵ ਮਰੀਜ਼ ਉਹੀ ਹਨ, ਜਿਹੜੇ ਇਟਲੀ ਤੋਂ ਪਰਤੇ ਬਜ਼ੁਰਗ ਬਲਦੇਵ ਸਿੰਘ ਦੇ ਸੰਪਰਕ 'ਚ ਆਏ ਸਨ। ਪੰਜਾਬ ਸਰਕਾਰ ਨੇ ਕੋਰੋਨਾ ਦੇ ਮਾਰੂ ਪ੍ਰਭਾਵ ਨੂੰ ਰੋਕਣ ਲਈ ਸੂਬੇ 'ਚ ਅਣਮਿੱਥੇ ਸਮੇਂ ਲਈ ਕਰਫਿਊ ਦਾ ਐਲਾਨ ਕੀਤਾ ਹੋਇਆ ਹੈ। ਕਰਫਿਊ ਨੂੰ ਪੂਰੀ ਤਰ੍ਹਾਂ ਸਫਲ ਬਣਾਉਣ ਲਈ ਪੁਲਸ ਨੂੰ ਸਖਤ ਹੁਕਮ ਦਿੱਤੇ ਗਏ ਹਨ।