ਈਦ ਦੀਆਂ ਖੁਸ਼ੀਆਂ 'ਤੇ ਭਾਰੀ ਪਿਆ ਕੋਰੋਨਾ ਦਾ ਡਰ, ਸੁੰਨੀਆਂ ਦਿਸੀਆਂ ਮਸੀਤਾਂ
Monday, May 25, 2020 - 04:11 PM (IST)
ਰੂਪਨਗਰ/ਰੋਪੜ (ਸੱਜਣ ਸੈਣੀ)— ਮੁਸਲਿਮ ਭਾਈਚਾਰੇ ਦਾ ਸਭ ਤੋਂ ਵੱਡਾ ਤਿਉਹਾਰ ਈਦ ਇਸ ਵਾਰੀ ਕੋਰੋਨਾ ਵਾਇਰਸ ਦੇ ਡਰੋਂ ਉਸ ਉਤਸ਼ਾਹ ਦੇ ਨਾਲ ਨਹੀਂ ਮਨਾਇਆ ਜਾ ਸਕਿਆ ਜਿਸ ਉਤਸ਼ਾਹ ਨਾਲ ਬੀਤੇ ਸਾਲਾਂ ਤੋਂ ਮਨਾਇਆ ਜਾਂਦਾ ਰਿਹਾ ਹੈ।
ਕੋਰੋਨਾ ਦੇ ਚੱਲਦੇ ਸਰਕਾਰ ਵੱਲੋਂ ਧਾਰਮਿਕ ਸਥਾਨਾਂ 'ਤੇ ਇਕੱਠ ਕਰਨ ਨੂੰ ਲੈ ਕੇ ਲਗਾਈ ਪਾਬੰਦੀ ਦੇ ਚੱਲਦੇ ਅੱਜ ਈਦ ਮੌਕੇ ਜ਼ਿਲ੍ਹਾ ਰੂਪਨਗਰ ਦੀਆਂ ਮਸੀਤਾਂ ਸੁੰਨੀਆਂ ਦੇਖਣ ਨੂੰ ਮਿਲੀਆਂ। ਰੂਪਨਗਰ ਦੀ ਮੁੱਖ ਜ਼ਾਮਾ ਮਸੀਤ ਵਿਖੇ ਮਸਜ਼ਿਦ ਦੇ ਮੌਲਵੀ ਅਤੇ ਉੱਥੇ ਰਹਿਣ ਵਾਲੇ ਦੋ ਤਿੰਨ ਵਿਅਕਤੀਆਂ ਵੱਲੋਂ ਹੀ ਈਦ ਦੀ ਨਮਾਜ ਅਦਾ ਕੀਤੀ ਗਈ।
ਰੂਪਨਗਰ ਜਾਮਾ ਮਸੀਤ ਦੇ ਮੌਲਵੀ ਸਈਅਦ ਅਜ਼ਹਰ ਨੇ ਦੱਸਿਆ ਕਿ ਮੁਸਲਿਮ ਭਾਈਚਾਰੇ ਦਾ ਸਭ ਤੋਂ ਵੱਡਾ ਤਿਉਹਾਰ ਈਦ ਹੈ ਪਰ ਕੋਰੋਨਾ ਵਾਇਰਸ ਦੇ ਚੱਲਦੇ ਇਸ ਵਾਰੀ ਮਸੀਤਾਂ 'ਚ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਕੱਠ ਨਹੀਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਈਦ ਦੀ ਵਧਾਈ ਦਿੱਤੀ ਅਤੇ ਸਭ ਨੂੰ ਆਪਸ 'ਚ ਪ੍ਰੇਮ ਪਿਆਰ ਨਾਲ ਮਿਲ ਕੇ ਰਹਿਣ ਦੀ ਅਪੀਲ ਕੀਤੀ।