ਕਰਫਿਊ ਖਤਮ ਹੋਣ ਤੋਂ ਬਾਅਦ ਪਰਤੀ ਰੌਣਕ, ਕਪੂਰਥਲਾ ਦੇ ਬਾਜ਼ਾਰਾਂ ''ਚ ਦਿਸੀ ਚਹਿਲ-ਪਹਿਲ
Tuesday, May 19, 2020 - 02:38 PM (IST)
ਕਪੂਰਥਲਾ (ਮਹਾਜਨ)— ਕੋਰੋਨਾ ਨੂੰ ਲੈ ਕੇ ਪੰਜਾਬ ਭਰ 'ਚ ਲਗਾਏ ਗਏ ਕਰਫਿਊ ਨੂੰ ਖਤਮ ਕਰਨ ਦੇ ਬਾਅਦ ਸ਼ਹਿਰਾਂ 'ਚ ਦੋਬਾਰਾ ਰੌਣਕ ਪਟੜੀ 'ਤੇ ਵਾਪਸ ਆਉਣੀ ਸ਼ੁਰੂ ਹੋ ਗਈ ਹੈ। ਲੋਕਾਂ ਨੇ ਇਕ ਨਵੀਂ ਸ਼ੁਰੂਆਤ ਕਰਦੇ ਹੋਏ ਕੋਰੋਨਾ ਦੇ ਗਮ ਨੂੰ ਭੁਲਾਉਂਦੇ ਹੋਏ ਆਪਣਾ ਕੰਮਕਾਜ ਸ਼ੁਰੂ ਕਰ ਦਿੱਤਾ ਹੈ। ਦੁਕਾਨਦਾਰਾਂ ਨੇ ਸਵੇਰੇ ਆਪਣੇ ਨਿਰਧਾਰਿਤ ਸਮੇਂ ਦੇ ਅਨੁਸਾਰ ਦੁਕਾਨਾਂ ਖੋਲ੍ਹੀਆਂ ਅਤੇ ਬਾਜ਼ਾਰਾਂ 'ਚ ਖਰੀਦਦਾਰੀ ਕਰਨ ਨਿਕਲੇ ਲੋਕਾਂ 'ਚ ਵੀ ਉਤਸ਼ਾਹ ਨਜ਼ਰ ਆਇਆ। ਜੋ ਬਾਜ਼ਾਰ ਅਤੇ ਸੜਕਾਂ ਕਰਫਿਊ ਕਾਰਨ ਸੁੰਨਸਾਨ ਨਜ਼ਰ ਆਉਂਦੀ ਸੀ, ਉੱਥੇ ਪੂਰੀ ਚਹਿਲ-ਪਹਿਲ ਰਹੀ।
ਹਾਲਾਂਕਿ ਕਰਫਿਊ ਖਤਮ ਹੋਣ ਨਾਲ ਜੀਵਨ ਦੋਬਾਰਾ ਪਟੜੀ 'ਤੇ ਪਰਤ ਰਿਹਾ ਹੈ ਪਰ ਸਵੇਰ ਦੇ ਸਮੇਂ ਬਾਜ਼ਾਰਾਂ 'ਚ ਥੋੜ੍ਹੀ ਬਹੁਤ ਟ੍ਰੈਫਿਕ ਸਮੱਸਿਆ ਤੋਂ ਵੀ ਲੋਕਾਂ ਨੂੰ ਦੋ ਚਾਰ ਹੋਣਾ ਪਿਆ। ਭਾਵੇਂ ਹੀ ਲਾਕ ਡਾਊਨ ਜਾਰੀ ਰਹਿਣ ਕਾਰਨ ਮੁੱਖ ਚੌਕਾਂ 'ਤੇ ਪੁਲਸ ਸੁਰੱਖਿਆ ਲਈ ਤਾਇਨਾਤ ਰਹੀ। ਉੱਥੇ ਹੀ ਬਾਜ਼ਾਰਾਂ 'ਚ ਪ੍ਰਵੇਸ਼ ਹੋਣ ਵਾਲੇ ਮੁੱਖ ਮਾਰਗਾਂ 'ਤੇ ਬੈਰੀਕੇਡ ਲਗਾ ਕੇ ਖੜ੍ਹੇ ਪੁਲਸ ਜਵਾਨਾਂ ਵੱਲੋਂ ਭਾਰੀ ਵਾਹਨਾਂ ਨੂੰ ਜਾਣ ਦੀ ਆਗਿਆ ਨਹੀਂ ਦਿੱਤੀ ਗਈ। ਇਸ ਦੇ ਤੋਂ ਇਲਾਵਾ ਵਾਹਨਾਂ 'ਤੇ ਦੋ ਜਾਂ ਦੋ ਤੋਂ ਵੱਧ ਗਿਣਤੀ 'ਚ ਵਾਹਨ 'ਤੇ ਸਵਾਰ ਹੋ ਕੇ ਘੁੰਮਣ ਵਾਲਿਆਂ ਦੇ ਪੁਲਸ ਵੱਲੋਂ ਚਾਲਾਨ ਵੀ ਕੱਟੇ ਗਏ।
ਸ਼ਹਿਰ ਦਾ ਅੰਮ੍ਰਿਤਸਰ ਰੋਡ ਜੋ ਕਰਫਿਊ ਕਾਰਨ ਪਹਿਲਾਂ ਸੁੰਨਸਾਨ ਨਜਰ ਆਉਂਦਾ ਸੀ। ਕਰਫਿਊ ਖਤਮ ਹੋਣ ਤੋਂ ਬਾਅਦ ਉਕਤ ਮਾਰਗ 'ਤੇ ਭਾਰੀ ਗਿਣਤੀ 'ਚ ਵਾਹਨਾਂ ਦਾ ਆਉਣਾ ਜਾਣਾ ਲੱਗਾ ਦੇਖ ਕੇ ਇਸ ਤਰ੍ਹਾਂ ਲੱਗਾ ਜਿਵੇਂ ਪੁਰਾਣੇ ਦਿਨ ਵਾਪਸ ਪਰਤ ਆਏ ਹੋਣ। ਉਕਤ ਰੋਡ ਪਹਿਲਾਂ ਖਾਲੀ ਨਜ਼ਰ ਆਉਂਦਾ ਸੀ ਪਰ ਸੋਮਵਾਰ ਦੀ ਸਵੇਰ ਉਕਤ ਮਾਰਗ 'ਤੇ ਪੈਰ ਰੱਖਣ ਦੇ ਲਈ ਵੀ ਥਾਂ ਮਿਲਣੀ ਮੁਸ਼ਕਿਲ ਹੋ ਗਈ।
ਅਜਿਹਾ ਹੀ ਨਜ਼ਾਰਾ ਸ਼ਹਿਰ ਦੇ ਮੁੱਖ ਚਾਰਬੱਤੀ ਚੌਕ 'ਚ ਨਜਰ ਆਇਆ। ਇਸ ਚੌਕ ਤੋਂ ਇਕ ਮਾਰਗ ਰੇਲਵੇ ਰੋਡ, ਦੂਜਾ ਮਾਰਗ ਸੁਲਤਾਨਪੁਰ ਲੋਧੀ ਰੋਡ ਤੇ ਇਕ ਮਾਰਗ ਸ਼ਹਿਰ ਦੇ ਅੰਦਰੂਨੀ ਖੇਤਰ ਨਾਲ ਲੱਗਦਾ ਹੈ। ਸਵੇਰ ਤੋਂ ਸ਼ਾਮ ਤੱਕ ਵਾਹਨਾਂ ਤੇ ਸਵਾਰ ਬਿਨਾਂ ਕਿਸੇ ਡਰ ਦੇ ਆਉਂਦੇ ਜਾਂਦੇ ਰਹੇ। ਇਸ ਤੋਂ ਇਲਾਵਾ ਉਕਤ ਮਾਰਗ 'ਤੇ ਸਭ ਤਰ੍ਹਾਂ ਦੀਆ ਦੁਕਾਨਾਂ ਖੁੱਲੀਆਂ ਰਹੀਆਂ। ਜਿਸ ਕਾਰਨ ਉਕਤ ਮਾਰਗ 'ਤੇ ਵੀ ਕਾਫੀ ਰੌਣਕ ਰਹੀ। ਇਸੇ ਤਰ੍ਹਾਂ ਸ਼ਹਿਰ ਦੇ ਹੋਰ ਸਭ ਮਾਰਗਾਂ ਮਾਲ ਰੋਡ, ਸ਼ਹੀਦ ਭਗਤ ਸਿੰਘ ਚੌਂਕ, ਜਲੰਧਰ ਰੋਡ ਸਮੇਤ ਬਾਜ਼ਾਰਾਂ 'ਚ ਚਹਿਲ-ਪਹਿਲ ਨਜਰ ਆਈ।