''ਕੋਰੋਨਾ'' ਤੋਂ ਜਲੰਧਰ ਨੂੰ ਸ਼ੁੱਕਰਵਾਰ ਮਿਲੀ ਥੋੜ੍ਹੀ ਰਾਹਤ, ਜਾਣੋ ਤਾਜ਼ਾ ਹਾਲਾਤ

06/27/2020 10:54:48 AM

ਜਲੰਧਰ (ਰੱਤਾ)— ਪਿਛਲੇ ਕਾਫੀ ਸਮੇਂ ਤੋਂ ਜਾਰੀ ਕੋਰੋਨਾ ਦੀ ਦਹਿਸ਼ਤ ਤੋਂ ਸ਼ੁੱਕਰਵਾਰ ਨੂੰ ਥੋੜ੍ਹੀ ਰਾਹਤ ਇਸ ਲਈ ਮਿਲੀ ਕਿਉਂਕਿ ਇਸ ਦਿਨ ਫਰੀਦਕੋਟ ਮੈਡੀਕਲ ਕਾਲਜ ਤੋਂ ਪ੍ਰਾਪਤ ਹੋਈਆਂ ਰਿਪੋਰਟਾਂ 'ਚੋਂ ਕੋਈ ਵੀ ਰਿਪੋਰਟ ਪਾਜ਼ੇਟਿਵ ਨਹੀਂ ਆਈ। ਇਸ ਦੇ ਇਲਾਵਾ ਸਿਵਲ ਹਸਪਤਾਲ 'ਚ ਸਥਾਪਤ ਟੂਰਨੇਟ ਮਸ਼ੀਨ ਜ਼ਰੀਏ ਕੀਤੇ ਗਏ ਟੈਸਟਾਂ 'ਚੋਂ ਦੋ ਰਿਪੋਰਟ ਪਾਜ਼ੇਟਿਵ ਆਈ ਹੈ।  ਸਿਵਲ ਸਰਜਨ ਦਫਤਰ ਦੇ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਮਹਿਕਮੇ ਵੱਲੋਂ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਫਰੀਦਕੋਟ ਮੈਡੀਕਲ ਕਾਲਜ 'ਚ ਭੇਜੇ ਗਏ ਨਮੂਨਿਆਂ 'ਚੋਂ ਸ਼ੁੱਕਰਵਾਰ ਨੂੰ 284 ਰਿਪੋਰਟਾਂ ਪ੍ਰਾਪਤ ਹੋਈਆਂ ਜੋ ਕਿ ਨੈਗੇਟਿਵ ਹਨ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਅਤੇ ਮੈਰੀਟੋਰੀਅਸ ਸਕੂਲ 'ਚ ਕੋਰੋਨਾ ਵਾਇਰਸ ਕਾਰਣ ਇਲਾਜ ਅਧੀਨ ਰੋਗੀਆਂ ਵਿਚੋਂ 16 ਹੋਰ ਨੂੰ ਸ਼ੁੱਕਰਵਾਰ ਛੁੱਟੀ ਦੇ ਦਿੱਤੀ ਗਈ।

ਟਰੂਨੇਟ ਮਸ਼ੀਨ 'ਤੇ ਕੀਤੇ 9 ਲੋਕਾਂ ਦੇ ਟੈਸਟਾਂ 'ਚੋਂ 2 ਦੀ ਰਿਪੋਰਟ ਪਾਜ਼ੇਟਿਵ
ਸ਼ੁੱਕਰਵਾਰ ਨੂੰ ਫਰੀਦਕੋਟ ਮੈਡੀਕਲ ਕਾਲਜ ਤੋਂ ਆਈ ਰਿਪੋਰਟ 'ਚੋਂ ਭਾਵੇਂ ਕੋਈ ਵੀ ਪਾਜ਼ੇਟਿਵ ਨਹੀਂ ਪਾਇਆ ਗਿਆ ਪਰ ਸਿਵਲ ਹਸਪਤਾਲ 'ਚ ਸਥਾਪਿਤ ਟਰੂਨੇਟ ਮਸ਼ੀਨ 'ਤੇ ਕੀਤੇ ਗਏ 9 ਲੋਕਾਂ ਦੇ ਟੈਸਟਾਂ 'ਚੋਂ 2 ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਜਾਣਕਾਰੀ ਅਨੁਸਾਰ ਜਿਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਉਨ੍ਹਾਂ 'ਚੋਂ ਇਕ ਰਮਨ ਕੁਮਾਰ ਬਸਤੀ ਸ਼ੇਖ ਅਤੇ ਦੂਜਾ ਰਵੀ ਕੁਮਾਰ ਟਰਾਂਸਪੋਰਟ ਨਗਰ ਦਾ ਰਹਿਣ ਵਾਲਾ ਹੈ।

1424 ਨਮੂਨਿਆਂ ਦੀ ਰਿਪੋਰਟ ਹੈ ਪੈਂਡਿੰਗ
ਸਿਹਤ ਮਹਿਕਮੇ ਵੱਲੋਂ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਭੇਜੇ ਗਏ ਸੈਂਪਲਾਂ 'ਚੋਂ ਅਜੇ 1424 ਦੀ ਰਿਪੋਰਟ ਆਉਣੀ ਬਾਕੀ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਜਦੋਂ ਅਜਿਹੇ ਹੀ ਜ਼ਿਆਦਾ ਨਮੂਨਿਆਂ ਦੀਆਂ ਰਿਪੋਰਟਾਂ ਪੈਂਡਿੰਗ ਪਈਆਂ ਸਨ ਅਤੇ ਇਸ ਤੋਂ ਬਾਅਦ ਜਦੋਂ ਰਿਪੋਰਟਾਂ ਆਉਣੀਆਂ ਸ਼ੁਰੂ ਹੋਈਆਂ ਤਾਂ ਕਈ ਮਾਮਲੇ ਪਾਜ਼ੇਟਿਵ ਸਾਹਮਣੇ ਆਏ ਸਨ।

ਤਾਜ਼ਾ ਹਾਲਾਤ

ਕੁਲ ਸੈਂਪਲ 21,811
ਨੈਗੇਟਿਵ ਆਏ 19460
ਪਾਜ਼ੇਟਿਵ ਆਏ 678
ਡਿਸਚਾਰਜ ਹੋਏ ਰੋਗੀ 362
ਐਕਟਿਵ 295

ਸਿਵਲ ਸਰਜਨ ਦਫਤਰ 'ਚ ਹੀ ਉੱਡੀਆਂ ਸੋਸ਼ਲ ਡਿਸਟੈਂਸ ਦੀਆਂ ਧੱਜੀਆਂ
ਕੋਰੋਨਾ ਤੋਂ ਬਚਾਅ ਲਈ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਾਵੇਂ ਸਮੇਂ-ਸਮੇਂ 'ਤੇ ਸੋਸ਼ਲ ਡਿਸਟੈਂਸ ਬਣਾਈ ਰੱਖਣ ਸਬੰਧੀ ਹੁਕਮ ਦਿੱਤੇ ਜਾਂਦੇ ਹਨ ਪਰ ਫਿਰ ਵੀ ਕੁਝ ਲੋਕ ਇਨ੍ਹਾਂ ਹੁਕਮਾਂ ਦੀ ਪਾਲਣਾ ਨਹੀਂ ਕਰਦੇ। ਕੋਵਿਡ-19 ਦੇ ਮੱਦੇਨਜ਼ਰ ਸਿਵਲ ਸਰਜਨ ਦਫ਼ਤਰ 'ਚ ਸ਼ੁੱਕਰਵਾਰ ਨੂੰ ਨੌਕਰੀ ਸਬੰਧੀ ਬਿਨੈ ਪੱਤਰ ਦੇਣ ਆਏ ਲੋਕਾਂ ਨੇ ਸੋਸ਼ਲ ਡਿਸਟੈਂਸਿੰਗ ਦੀਆਂ ਰੱਜ ਕੇ ਧੱਜੀਆਂ ਉਡਾਈਆਂ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਦਫ਼ਤਰ 'ਚ ਕਿੰਨੇ ਹੀ ਅਧਿਕਾਰੀ ਅਤੇ ਕਰਮਚਾਰੀ ਹਨ ਪਰ ਫਿਰ ਵੀ ਕਿਸੇ ਨੇ ਇਨ੍ਹਾਂ ਲੋਕਾਂ ਨੂੰ ਸੋਸ਼ਲ ਡਿਸਟੈਂਸ ਬਰਕਰਾਰ ਰੱਖਣ ਲਈ ਨਹੀਂ ਕਿਹਾ। ਜੇਕਰ ਸਰਕਾਰੀ ਦਫ਼ਤਰਾਂ 'ਚ ਇਹ ਹਾਲ ਹੈ ਤਾਂ ਬਾਹਰ ਕੀ ਸਥਿਤੀ ਹੋਵੇਗੀ। ਇਹ ਕਿਸ ਨੇ ਦੱਸਣ ਦੀ ਲੋੜ ਨਹੀਂ।


shivani attri

Content Editor

Related News