ਜਲੰਧਰ: ''ਕੋਰੋਨਾ'' ਪਾਜ਼ੇਟਿਵ ਦੋ ਮਰੀਜ਼ ਪੁੱਜੇ ਗੋਰਖਪੁਰ, ਸਿਹਤ ਮਹਿਕਮੇ ਦੇ ਫੁੱਲੇ ਹੱਥ-ਪੈਰ

Thursday, Jun 11, 2020 - 05:46 PM (IST)

ਜਲੰਧਰ: ''ਕੋਰੋਨਾ'' ਪਾਜ਼ੇਟਿਵ ਦੋ ਮਰੀਜ਼ ਪੁੱਜੇ ਗੋਰਖਪੁਰ, ਸਿਹਤ ਮਹਿਕਮੇ ਦੇ ਫੁੱਲੇ ਹੱਥ-ਪੈਰ

ਜਲੰਧਰ (ਰੱਤਾ)— ਜਲੰਧਰ 'ਚ ਸਿਹਤ ਮਹਿਕਮੇ 'ਚ ਉਸ ਸਮੇਂ ਤੜਥੱਲੀ ਮਚ ਗਈ ਜਦੋਂ ਅਜਿਹੇ 2 ਲੋਕਾਂ ਦੇ ਕੋਰੋਨਾ ਟੈਸਟ ਪਾਜ਼ੇਟਿਵ ਪਾਏ ਗਏ, ਜੋ ਮਹਿਕਮੇ ਨੂੰ ਨਹੀਂ ਮਿਲ ਰਹੇ ਹਨ। ਜਾਂਚ ਤੋਂ ਬਾਅਦ ਪਤਾ ਲੱਗਾ ਕਿ ਨਮੂਨੇ ਦੇਣ ਤੋਂ ਬਾਅਦ ਦੋਵੇਂ ਲੋਕ ਪਠਾਨਕੋਟ ਚੌਕ ਤੋਂ ਬੱਸ ਫੜ ਕੇ ਗੋਰਖਪੁਰ ਜਾ ਪਹੁੰਚੇ ਹਨ। ਇਸ ਘਟਨਾ ਤੋਂ ਬਾਅਦ ਪੂਰੇ ਸਿਹਤ ਮਹਿਕਮੇ 'ਚ ਤੜਥੱਲੀ ਮਚ ਗਈ ਹੈ ਕਿਉਂਕਿ ਇਹ ਲੋਕ ਬੱਸ 'ਚ ਸਫਰ ਕਰਨ ਤੋਂ ਬਾਅਦ ਕਈ ਲੋਕਾਂ ਦੇ ਸੰਪਰਕ 'ਚ ਆ ਚੁੱਕੇ ਹਨ।

ਦਰਅਸਲ ਉਕਤ ਦੋ ਵਿਅਕਤੀਆਂ ਦੇ ਸੋਮਵਾਰ ਨੂੰ ਟੈਸਟ ਲਈ ਨਮੂਨੇ ਲਏ ਗਏ ਸਨ, ਜਿਸ ਦੀ ਰਿਪੋਰਟ ਅੱਜ ਪਾਜ਼ੇਟਿਵ ਆਈ ਹੈ। ਜਿਵੇਂ ਹੀ ਸਿਹਤ ਅਧਿਕਾਰੀਆਂ ਨੇ ਕੋਰੋਨਾ ਹੋਣ ਦੀ ਪੁਸ਼ਟੀ ਨੂੰ ਲੈ ਕੇ ਉਕਤ ਦੋ ਰੋਗੀਆਂ ਨੂੰ ਫੋਨ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਉਹ ਸੈਂਪਲ ਦੇਣ ਤੋਂ ਬਾਅਦ ਬੱਸ ਜ਼ਰੀਏ ਗੋਰਖਪੁਰ ਪਹੁੰਚ ਗਏ ਹਨ। ਇਹ ਗੱਲ ਸੁਣਦੇ ਹੀ ਸਿਹਤ ਵਿਭਾਗ ਦੇ ਹੱਥ-ਪੈਰ ਫੁੱਲ ਗਏ।ਇਥੇ ਸਿਹਤ ਮਹਿਕਮੇ ਦੀ ਇਹ ਵੀ ਲਾਪਰਵਾਹੀ ਦੀ ਗੱਲ ਸਾਹਮਣੇ ਆਈ ਹੈ ਕਿ ਸੋਮਵਾਰ ਨੂੰ ਲਏ ਗਏ ਸੈਂਪਲਾਂ ਦੀ ਰਿਪੋਰਟ ਅੱਜ 4 ਦਿਨਾਂ ਬਾਅਦ ਮਿਲੀ ਹੈ, ਜਿਨ੍ਹਾਂ 'ਚੋਂ 12 ਕੇਸ ਪਾਜ਼ੇਟਿਵ ਪਾਏ ਗਏ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਅੱਜ ਜਿਹੜੇ ਪਾਜ਼ੇਟਿਵ ਕੇਸ ਪਾਏ ਗਏ ਹਨ, ਉਹ ਪਿਛਲੇ ਚਾਰ ਦਿਨਾਂ ਤੋਂ ਸ਼ਹਿਰ 'ਚ ਘੁੰਮ ਰਹੇ ਹਨ, ਜੋ ਕਿ ਆਪਣੇ ਨਾਲ-ਨਾਲ ਦੂਜਿਆਂ ਲਈ ਵੀ ਖ਼ਤਰਾ ਬਣੇ ਹੋਏ ਹਨ।

ਜ਼ਿਕਰਯੋਗ ਹੈ ਕਿ ਸਿਹਤ ਮਹਿਕਮੇ ਨੂੰ ਬੁੱਧਵਾਰ ਸ਼ਾਮ 5 ਵਜੇ ਤੱਕ 1663 ਨਮੂਨਿਆਂ ਦੀ ਰਿਪੋਰਟ ਦਾ ਇੰਤਜ਼ਾਰ ਸੀ, ਜਦੋਂਕਿ ਵਿਭਾਗ ਨੇ ਬੁੱਧਵਾਰ ਨੂੰ ਵੀ ਲਗਭਗ 500 ਤੋਂ ਜ਼ਿਆਦਾ ਰੋਗੀਆਂ ਦੇ ਨਮੂਨੇ ਕੋਰੋਨਾ ਦੀ ਪੁਸ਼ਟੀ ਲਈ ਲਏ ਹਨ। ਜੇਕਰ ਪਿਛਲੇ ਦਿਨਾਂ ਦੀ ਰਿਪੋਰਟ ਵੇਖੀ ਜਾਵੇ ਤਾਂ 500 'ਚੋਂ 10-12 ਪਾਜ਼ੇਟਿਵ ਕੇਸ ਮਿਲ ਰਹੇ ਹਨ। ਇਸ ਹਿਸਾਬ ਨਾਲ ਜੇਕਰ 1600 'ਚੋਂ 30-35 ਰੋਗੀ ਵੀ ਪਾਜ਼ੇਟਿਵ ਹੋਏ ਤਾਂ ਹੋ ਸਕਦਾ ਹੈ ਕਿ ਉਹ ਬਾਜ਼ਾਰਾਂ 'ਚ ਘੁੰਮ ਰਹੇ ਹੋਣ, ਜਿਨ੍ਹਾਂ ਤੋਂ ਹੋਰ ਕਈ ਲੋਕ ਕੋਰੋਨਾ ਦੀ ਲਪੇਟ ਵਿਚ ਆ ਸਕਦੇ ਹਨ।


author

shivani attri

Content Editor

Related News