ਜਲੰਧਰ ’ਚ ‘ਕੋਰੋਨਾ’ ਦਾ ਕਹਿਰ ਜਾਰੀ, ਕੁੱਲ ਅੰਕੜਾ 214 ਤੱਕ ਪੁੱਜਾ
Monday, May 18, 2020 - 10:08 AM (IST)
ਜਲੰਧਰ (ਰੱਤਾ)— ਜਲੰਧਰ ’ਚ ਕੋਰੋਨਾ ਵਾਇਰਸ ਦੇ ਨਵੇਂ ਕੇਸਾਂ ਦਾ ਮਿਲਣਾ ਜਾਰੀ ਹੈ। ਬੀਤੇ ਦਿਨ ਵਿਦੇਸ਼ ਤੋਂ ਆਏ 2 ਵਿਅਕਤੀਆਂ ਸਮੇਤ 3 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਐਤਵਾਰ ਨੂੰ ਪਾਜ਼ੇਟਿਵ ਪਾਈ ਗਈ। ਇਸ ਨਾਲ ਜ਼ਿਲੇ ’ਚ ਹੁਣ ਤੱਕ ਪਾਜ਼ੇਟਿਵ ਮਰੀਜ਼ਾਂ ਦੀ ਕੁਲ ਗਿਣਤੀ 214 ਹੋ ਗਈ ਹੈ ।
ਸਿਵਲ ਸਰਜਨ ਦਫਤਰ ਦੇ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ .ਸਿੰਘ ਨੇ ਦੱਸਿਆ ਕਿ ਐਤਵਾਰ ਨੂੰ ਜਿਨ੍ਹਾਂ 3 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਈ, ਉਨ੍ਹਾਂ ’ਚ ਸਥਾਨਕ ਕਿਲਾ ਮੁਹੱਲਾ ਦਾ ਰਹਿਣ ਵਾਲਾ 24 ਸਾਲਾ ਨੌਜਵਾਨ ਪਾਜ਼ੇਟਿਵ ਮਰੀਜ਼ ਦੇ ਸੰਪਰਕ ’ਚ ਸੀ ਅਤੇ ਬਾਕੀ ਦੋ ਮਰੀਜ਼ਾਂ ’ਚੋਂ ਇਕ ਦੀ ਉਮਰ 28 ਸਾਲ ਅਤੇ ਦੂਜੇ ਦੀ 39 ਸਾਲ ਹੈ। ਇਹ ਦੋਵੇਂ ਬੀਤੇ ਦਿਨੀਂ ਵਿਦੇਸ਼ ਤੋਂ ਆਏ ਸਨ ਅਤੇ ਉਨ੍ਹਾਂ ’ਚੋਂ ਇਕ ਵਿਅਕਤੀ ਗੋਰਾਇਆ ਅਤੇ ਦੂਜਾ ਵਿਅਕਤੀ ਜਲੰਧਰ ਦੇ ਇਕ ਹੋਟਲ ’ਚ ਕੁਆਰੰਟਾਈਨ ਕੀਤਾ ਗਿਆ ਸੀ। ਵਿਭਾਗ ਨੇ ਦੋਵਾਂ ਦੇ ਸੈਂਪਲ ਚੌਕਸੀ ਦੇ ਤੌਰ ‘ਤੇ ਲਏ ਸਨ ।
ਜਲੰਧਰ ’ਚੋਂ ਲਏ ਗਏ ਹੁਣ ਤੱਕ ਦੇ ਸੈਂਪਲ
ਕੁਲ ਸੈਂਪਲ— 5781
ਨੈਗੇਟਿਵ ਆਏ— 5037
ਪਾਜ਼ੇਟਿਵ ਆਏ— 214
ਡਿਸਚਾਰਜ ਹੋਏ ਮਰੀਜ਼—148
ਮੌਤਾਂ ਹੋਈਆਂ = 6
ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਅਧੀਨ— 60
ਐਤਵਾਰ ਨੂੰ 12 ਮਰੀਜ਼ ਹੋਏ ਡਿਸਚਾਰਜ
ਕੋਰੋਨਾ ਵਾਇਰਸ ਕਾਰਨ ਸਿਵਲ ਹਸਪਤਾਲ ਵਿਖੇ ਇਲਾਜ ਅਧੀਨ 12 ਮਰੀਜ਼ਾਂ ਨੂੰ ਐਤਵਾਰ ਨੂੰ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ। ਸਿਵਲ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਹਰਿੰਦਰ ਸਿੰਘ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਕਸ਼ਮੀਰੀ ਲਾਲ ਨੇ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ ਸਿਵਲ ਹਸਪਤਾਲ ਵਿਚ ਹੁਣ ਤੱਕ ਦਾਖਲ ਕੁਲ ਮਰੀਜ਼ਾਂ ’ਚੋਂ 151 ਨੂੰ ਛੁੱਟੀ ਮਿਲ ਗਈ ਹੈ। ਇਨ੍ਹਾਂ ’ਚੋਂ 148 ਮਰੀਜ਼ ਜਲੰਧਰ ਜ਼ਿਲੇ ਦੇ ਅਤੇ ਬਾਕੀ ਹੋਰ ਜ਼ਿਲਿਆਂ ਦੇ ਸਨ। ਉਨ੍ਹਾਂ ਕਿਹਾ ਕਿ ਸਰਕਾਰ ਦੀ ਨਵੀਂ ਗਾਈਡਲਾਈਨ ਅਨੁਸਾਰ ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਰਹੀ ਹੈ ਅਤੇ ਉਹ ਕੁਝ ਮਿਥੇ ਸਮੇਂ ਤਕ ਆਪਣੇ ਘਰ ’ਚ ਆਈਸੋਲੇਟ ਰਹਿਣਗੇ । ਐਤਵਾਰ ਨੂੰ ਅਮਰੀਕ ਸਿੰਘ, ਵਿਦਿਆ ਦੇਵੀ, ਪਾਰਵਤੀ, ਕਾਜਲ, ਸੁਨੀਤਾ, ਸੌਰਭ, ਰਜਨੀ, ਸੁਨੈਨਾ, ਕੁਲਵਿੰਦਰ ਕੌਰ, ਜਸਪ੍ਰੀਤ ਸਿੰਘ, ਲੱਕੀ ਅਤੇ ਰਾਹੁਲ ਨੂੰ ਸਿਵਲ ਹਸਪਤਾਲ ਤੋਂ ਡਿਸਚਾਰਜ ਕੀਤਾ ਗਿਆ ।