ਮੋਹਾਲੀ ਤੋਂ ਬਾਅਦ ਹੁਣ ਜਲੰਧਰ 'ਚ ਕੋਰੋਨਾ ਦਾ ਕਹਿਰ, ਜਾਣੋ ਕੀ ਨੇ ਤਾਜ਼ਾ ਹਾਲਾਤ
Monday, Apr 13, 2020 - 06:18 PM (IST)
ਜਲੰਧਰ (ਰੱਤਾ)— ਜ਼ਿਲ੍ਹੇ 'ਚ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਇਸ ਦੀ ਲਪੇਟ 'ਚ ਆਉਣ ਵਾਲੇ ਕੇਸ ਰੋਜ਼ ਹੀ ਸਾਹਮਣੇ ਆ ਰਹੇ ਹਨ। ਐਤਵਾਰ ਨੂੰ ਵੀ ਇਕ ਹੀ ਪਰਿਵਾਰ ਦੇ 5 ਮੈਂਬਰਾਂ ਸਮੇਤ 7 ਨਵੇਂ ਕੇਸ ਮਿਲੇ, ਜਿਸ ਕਾਰਨ ਜ਼ਿਲੇ 'ਚ ਹੁਣ ਤੱਕ ਮਿਲੇ ਕੋਰੋਨਾ ਪਾਜ਼ੀਟਿਵ ਕੇਸਾਂ ਦੀ ਗਿਣਤੀ 22 ਹੋ ਗਈ ਹੈ। ਇਨ੍ਹਾਂ 'ਚੋਂ ਇਕ ਦੀ ਮੌਤ ਹੋ ਚੁੱਕੀ ਹੈ, ਜਦਕਿ ਇਕ ਦਾ ਸੈਂਪਲ ਮੌਤ ਤੋਂ ਬਾਅਦ ਲਿਆ ਗਿਆ ਸੀ ਅਤੇ 4 ਪਾਜ਼ੀਟਿਵ ਮਰੀਜ਼ ਠੀਕ ਹੋ ਕੇ ਘਰ ਜਾ ਚੁੱਕੇ ਹਨ। ਇਥੇ ਦੱਸ ਦੇਈਏ ਕਿ ਮੋਹਾਲੀ ਤੋਂ ਬਾਅਦ ਹੁਣ ਜਲੰਧਰ ਅਜਿਹਾ ਸ਼ਹਿਰ ਹੈ, ਜਿੱਥੇ ਕੋਰੋਨਾ ਦੇ ਸਭ ਤੋਂ ਵੱਧ ਕੇਸ ਸਾਹਮਣੇ ਆ ਚੁੱਕੇ ਹਨ। ਮੋਹਾਲੀ 'ਚ ਹੁਣ ਤੱਕ 54 ਕੇਸ ਸਾਹਮਣੇ ਆ ਚੁੱਕੇ ਹਨ ਜਦਕਿ ਜਲੰਧਰ 'ਚ ਪਾਜ਼ੀਟਿਵ ਕੇਸਾਂ ਦੀ ਗਿਣਤੀ 22 ਤੱਕ ਪਹੁੰਚ ਚੁੱਕੀ ਹੈ। ਇਸ ਤੋਂ ਇਲਾਵਾ ਨਵਾਂਸ਼ਹਿਰ 'ਚ 19 ਪਾਜ਼ੀਟਿਵ ਕੇਸ ਸਾਹਮਣੇ ਆ ਚੁੱਕੇ ਹਨ।
ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ 'ਚ ਇਲਾਜ ਅਧੀਨ ਪੁਰਾਣੀ ਸਬਜ਼ੀ ਮੰਡੀ ਕੋਲ ਰਹਿਣ ਵਾਲੀ ਔਰਤ ਕਵਿਤਾ ਮਹਾਜਨ ਦਾ ਕੋਰੋਨਾ ਵਾਇਰਸ ਦਾ ਟੈਸਟ ਬੀਤੇ ਦਿਨੀਂ ਪਾਜ਼ੀਟਿਵ ਆਇਆ ਸੀ, ਜਦਕਿ ਐਤਵਾਰ ਨੂੰ ਉਸ ਦੇ ਪਤੀ ਰਾਜੇਸ਼, ਪੁੱਤਰ ਹਰੀ, ਜੇਠ ਸਤੀਸ਼, ਜਠਾਣੀ ਅਮਿਤਾ ਅਤੇ ਭਤੀਜੀ ਅਨਮੋਲ ਦਾ ਵੀ ਕੋਰੋਨਾ ਵਾਇਰਸ ਦਾ ਟੈਸਟ ਪਾਜ਼ੀਟਿਵ ਆਇਆ। ਇਸ ਤੋਂ ਇਲਾਵਾ ਐਤਵਾਰ ਨੂੰ ਪਾਜ਼ੀਟਿਵ ਆਏ ਕੇਸਾਂ 'ਚ ਸ਼ਾਹਕੋਟ ਬਲਾਕ ਤੋਂ ਆਈ ਉਹ ਔਰਤ ਸ਼ਾਮਲ ਹੈ, ਜਿਸ ਦਾ ਸੈਂਪਲ ਉਸ ਦੀ ਮੌਤ ਤੋਂ ਬਾਅਦ ਸਰੀਰ ਤੋਂ ਲਿਆ ਗਿਆ ਸੀ ਅਤੇ ਉਹ ਕਰਤਾਰਪੁਰ ਬਲਾਕ ਤੋਂ ਲਿਆਇਆ ਗਿਆ ਤਬਲੀਗੀ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੁਲਸ ਪਾਰਟੀ 'ਤੇ ਹੋਏ ਹਮਲੇ ਦੀ ਕੈਪਟਨ ਨੇ ਕੀਤੀ ਨਿਖੇਧੀ, ਪੰਜਾਬ ਪੁਲਸ ਨੂੰ ਦਿੱਤੀਆਂ ਇਹ ਹਦਾਇਤਾਂ
ਵਿਸ਼ਵ ਭਰ 'ਚ ਕੋਰੋਨਾ ਵਾਇਰਸ ਦੇ ਮੌਜੂਦਾ ਹਾਲਾਤ
ਦੁਨੀਆ ਭਰ 'ਚ ਕੋਰੋਨਾ ਕਾਰਨ ਹੁਣ ਤਕ 1,12,224 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਜਦਕਿ 18,10, 861 ਤੋਂ ਵੱਧ ਲੋਕ ਇਸ ਵਾਇਰਸ ਨਾਲ ਪੀੜਤ ਹਨ। ਇਸ ਤੋਂ ਇਲਾਵਾ ਭਾਰਤ 'ਚ ਕੋਰੋਨਾ ਵਾਇਰਸ ਨਾਲ ਲਗਭਗ 27 ਸੂਬੇ ਪ੍ਰਭਾਵਤ ਹਨ, ਜਦਕਿ ਭਾਰਤ ਵਿਚ 8356 ਕੇਸ ਪਾਜ਼ੀਟਿਵ ਪਾਏ ਗਏ ਹਨ ਅਤੇ 273 ਤੋਂ ਵੱਧ ਲੋਕ ਕੋਵਿਡ-19 ਨਾਲ ਆਪਣੀ ਜਾਨ ਗੁਆ ਚੁੱਕੇ ਹਨ।
ਪੰਜਾਬ 'ਚ ਕੋਰੋਨਾ ਦੇ ਪਾਜ਼ੀਟਿਵ ਕੇਸਾਂ ਦਾ ਅੰਕੜਾ 176 ਤੱਕ ਪੁੱਜਾ
ਜ਼ਿਕਰਯੋਗ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ। ਹੁਣ ਤੱਕ ਪੰਜਾਬ 'ਚੋਂ 176 ਪਾਜ਼ੀਟਿਵ ਕੇਸ ਸਾਹਮਣੇ ਆ ਚੁੱਕੇ ਹਨ। ਮੋਹਾਲੀ ਜ਼ਿਲੇ ਤੋਂ 54, ਨਵਾਂਸ਼ਹਿਰ 'ਚ 19, ਪਠਾਨਕੋਟ ਤੋਂ 18, ਜਲੰਧਰ ਤੋਂ 24, ਹੁਸ਼ਿਆਰਪੁਰ ਤੋਂ 7, ਮਾਨਸਾ, ਅੰਮ੍ਰਿਤਸਰ ਅਤੇ ਲੁਧਿਆਣਾ ਤੋਂ 11-11 ਪਾਜ਼ੀਟਿਵ ਕੇਸ, ਮੋਗਾ ਜ਼ਿਲੇ ਤੋਂ 4, ਰੂਪਨਗਰ ਤੋਂ 3, ਫਤਹਿਗੜ੍ਹ ਸਾਹਿਬ, ਪਟਿਆਲਾ, ਸੰਗਰੂਰ ਅਤੇ ਬਰਨਾਲਾ ਤੋਂ 2-2, ਫਰੀਦਕੋਟ ਜ਼ਿਲੇ ਤੋਂ 3, ਕਪੂਰਥਲਾ, ਫਗਵਾੜਾ ਅਤੇ ਸ੍ਰੀ ਮੁਕਤਸਰ ਸਾਹਿਬ ਤੋਂ 1-1 ਮਾਮਲਾ ਸਾਹਮਣੇ ਆਇਆ ਹੈ। ਹੁਣ ਤੱਕ ਪੰਜਾਬ 'ਚੋਂ 13 ਮਰੀਜ਼ਾਂ ਦੀ ਇਲਾਜ ਦੌਰਾਨ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਨਿਹੰਗਾਂ ਦੇ ਹਮਲੇ ਨੂੰ ਭਗਵੰਤ ਮਾਨ ਨੇ ਦੱਸਿਆ ਸ਼ਰਮਨਾਕ, ਸਰਕਾਰ ਤੋਂ ਕੀਤੀ ਇਹ ਮੰਗ
ਇਹ ਵੀ ਪੜ੍ਹੋ : ਜਲੰਧਰ: ਕੋਰੋਨਾ ਵਾਇਰਸ ਦੀ ਲਪੇਟ 'ਚ ਆਏ ਕਾਂਗਰਸੀ ਆਗੂ ਦੀਪਕ ਸ਼ਰਮਾ ਦੀ ਲੋਕਾਂ ਨੂੰ ਖਾਸ ਅਪੀਲ
ਪਾਜ਼ੀਟਿਵ ਆਉਣ ਵਾਲੇ ਪਰਿਵਾਰ ਦੇ ਸੰਪਰਕ 'ਚ ਆਏ ਲੋਕਾਂ ਨੂੰ ਲੱਭਣਾ ਬਹੁਤ ਜ਼ਰੂਰੀ
ਪੁਰਾਣੀ ਸਬਜ਼ੀ ਮੰਡੀ ਖੇਤਰ ਦੇ ਜਿਸ ਪਰਿਵਾਰ ਦੇ 6 ਮੈਂਬਰ ਕੋਰੋਨਾ ਪਾਜ਼ੀਟਿਵ ਆਏ ਹਨ, ਉਨ੍ਹਾਂ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਨੂੰ ਲੱਭਣਾ ਬਹੁਤ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ ਇਹ ਪਰਿਵਾਰ ਕਾਫੀ ਵੱਡਾ ਹੈ, ਇਨ੍ਹਾਂ 'ਚੋਂ ਇਕ ਭਰਾ ਜੋ ਪਾਜ਼ੀਟਿਵ ਆਇਆ ਹੈ, ਉਹ ਜੱਟਪੁਰਾ ਮੁਹੱਲੇ 'ਚ ਆਪਣੀ ਪਤਨੀ ਅਤੇ ਬੱਚਿਆਂ ਨਾਲ ਰਹਿੰਦਾ ਹੈ, ਜਦਕਿ ਕੁਝ ਮੈਂਬਰ ਪੁਰਾਣੀ ਸਬਜ਼ੀ ਮੰਡੀ ਖੇਤਰ 'ਚ ਹੀ ਦੂਜੇ ਘਰ 'ਚ ਰਹਿੰਦੇ ਹਨ। ਪਤਾ ਲੱਗਾ ਹੈ ਕਿ ਜਿਥੇ ਰਾਜੇਸ਼ ਮਹਾਜਨ ਆਪਣੇ ਪਰਿਵਾਰ ਨਾਲ ਰਹਿੰਦਾ ਹੈ, ਉਥੇ ਮੁਹੱਲੇ ਦੇ ਹੀ ਕੁਝ ਵਾਕਫ ਪਿਛਲੇ ਦਿਨਾਂ ਤੋਂ ਲਗਾਤਾਰ ਉਨ੍ਹਾਂ ਦੇ ਘਰ ਆਉਂਦੇ ਰਹਿੰਦੇ ਸਨ।
ਸਵੇਰੇ ਸਬਜ਼ੀ ਮੰਡੀ ਵੀ ਜਾਂਦੇ ਸਨ ਬਾਪ-ਬੇਟਾ
ਕੋਰੋਨਾ ਪਾਜ਼ੀਟਿਵ ਆਏ ਰਾਜੇਸ਼ ਮਹਾਜਨ ਦੀ ਪੁਰਾਣੀ ਸਬਜ਼ੀ ਮੰਡੀ ਖੇਤਰ 'ਚ ਹਾਰਡਵੇਅਰ ਅਤੇ ਤਰਾਜੂ ਆਦਿ ਦੀ ਦੁਕਾਨ ਹੈ ਅਤੇ ਖੇਤਰ ਦੇ ਲੋਕਾਂ ਦਾ ਕਹਿਣਾ ਹੈ ਕਿ ਰਾਜੇਸ਼ ਮਹਾਜਨ ਸਵੇਰੇ-ਸਵੇਰੇ ਮਕਸੂਦਾਂ ਸਬਜ਼ੀ ਮੰਡੀ ਜਾ ਕੇ ਤਰਾਜੂ ਆਦਿ ਵੇਚ ਦਾ ਸੀ, ਅਜਿਹੇ 'ਚ ਪਤਾ ਨਹੀਂ ਕਿੰਨੇ ਲੋਕ ਉਸ ਦੇ ਸੰਪਰਕ 'ਚ ਵੀ ਆਉਂਦੇ ਹੋਣਗੇ।
ਸੈਕਰਡ ਹਾਰਟ ਦੇ ਡਾਕਟਰਾਂ ਅਤੇ ਸਟਾਫ ਮੈਂਬਰਾਂ ਦੀ ਰਿਪੋਰਟ ਨੈਗੇਟਿਵ
ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਸੈਕਰਡ ਹਾਰਟ ਹਸਪਤਾਲ ਦੇ ਓ. ਟੀ. ਟੈਕਨੀਸ਼ੀਅਨ ਦਾ ਟੈਸਟ ਪਾਜ਼ੀਟਿਵ ਆਉਣ ਤੋਂ ਬਾਅਦ ਉਨ੍ਹਾਂ ਦੇ ਸੰਪਰਕ 'ਚ ਆਉਣ ਵਾਲੇ ਜਿਹੜੇ ਡਾਕਟਰਾਂ ਅਤੇ ਸਟਾਫ ਮੈਂਬਰਾਂ ਦੇ ਸੈਂਪਲ ਲਈ ਗਏ ਸਨ, ਉਨ੍ਹਾਂ ਸਾਰਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ।
ਇਹ ਵੀ ਪੜ੍ਹੋ : ਕੋਵਿਡ-19 ਦੇ ਮੱਦੇਨਜ਼ਰ ਮੁਨਾਫਾਖੋਰੀ ਰੋਕਣ ਲਈ ਜਲੰਧਰ ਦੇ ਡੀ. ਸੀ. ਨੇ ਲਿਆ ਅਹਿਮ ਫੈਸਲਾ
ਠੀਕ ਹੋ ਕੇ ਘਰ ਗਿਆ ਇਕ ਹੀ ਮਰੀਜ਼
ਕੋਰੋਨਾ ਵਾਇਰਸ ਨਾਲ ਲੜਾਈ ਜਿੱਤ ਕੇ ਤੰਦਰੁਸਤ ਹੋਏ ਪਿੰਡ ਵਿਰਕਾਂ ਵਾਸੀ ਸੁਰਜੀਤ ਸਿੰਘ ਨੂੰ ਐਤਵਾਰ ਸਿਵਲ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਸੁਰਜੀਤ ਸਿੰਘ ਪਿੰਡ ਪਠਲਾਵਾ ਦੇ ਬਲਦੇਵ ਸਿੰਘ (ਜਿਸ ਦੀ ਮੌਤ ਹੋ ਚੁੱਕੀ ਹੈ) ਦੇ ਸੰਪਰਕ 'ਚ ਆਏ ਲੋਕਾਂ ਦੇ ਸੰਪਰਕ 'ਚ ਆਇਆ ਸੀ ਅਤੇ ਉਸ ਨੂੰ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਸੀ।
ਜਲੰਧਰ 'ਚ 408 'ਚੋਂ 325 ਦੀ ਰਿਪੋਰਟ ਨੈਗੇਟਿਵ
ਸਿਹਤ ਵਿਭਾਗ ਵੱਲੋਂ ਕੋਰੋਨਾ ਦੇ ਸ਼ੱਕੀ ਮਰੀਜ਼ਾਂ ਦੇ ਅਜੇ ਤੱਕ ਲਏ ਗਏ 408 ਸੈਂਪਲਾਂ 'ਚੋਂ 325 ਦੀ ਰਿਪੋਰਟ ਨੈਗੇਟਿਵ ਆਈ ਹੈ, ਜਦਕਿ 46 ਦੀ ਰਿਪੋਰਟ ਦਾ ਇੰਤਜ਼ਾਰ ਹੈ।