ਜਲੰਧਰ: ਕਰਫਿਊ ਨਿਯਮ ਤੋੜਨ ਵਾਲਿਆਂ ''ਤੇ ਚੱਲਿਆ ਪੁਲਸ ਦਾ ਡੰਡਾ
Wednesday, Mar 25, 2020 - 01:47 PM (IST)
ਜਲੰਧਰ (ਸੁਧੀਰ)— ਕੋਰੋਨਾ ਵਾਇਰਸ ਤੋਂ ਬਚਾਅ ਅਤੇ ਪੰਜਾਬ ਵਾਸੀਆਂ ਦੀ ਸੁਰੱਖਿਆ ਨੂੰ ਲੈ ਕੇ ਚੱਲ ਰਹੇ ਕਰਫਿਊ ਦੌਰਾਨ ਬੀਤੇ ਦਿਨ ਲੋਕਾਂ ਨੇ ਕਰਫਿਊ ਨਿਯਮਾਂ ਦੀਆਂ ਜਮ ਕੇ ਧੱਜੀਆਂ ਉਡਾਈਆਂ। ਜਿਸ ਕਾਰਨ ਕਈ ਲੋਕਾਂ ਨੇ ਆਪਣੀਆਂ ਦੁਕਾਨਾਂ ਖੋਲ੍ਹ ਲਈਆਂ ਅਤੇ ਮੁਹੱਲਿਆਂ ਅਤੇ ਗਲੀਆਂ 'ਚ ਰੇਹੜੀਆਂ 'ਤੇ ਸਬਜ਼ੀ ਵੇਚਣ ਵਾਲੇ ਵੀ ਮਹਿੰਗੀਆਂ ਕੀਮਤਾਂ 'ਤੇ ਸਬਜ਼ੀ ਵੇਚਣ ਲੱਗੇ, ਜਿਸ ਨੂੰ ਦੇਖਦੇ ਹੋਏ ਲੋਕਾਂ ਦੀ ਸ਼ਹਿਰ 'ਚ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ, ਜਿਨ੍ਹਾਂ ਦੀਆਂ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਵੀ ਵਾਇਰਲ ਹੋਣੀਆਂ ਸ਼ੁਰੂ ਹੋ ਗਈਆਂ ਹਨ, ਜਿਸ ਨੂੰ ਵੇਖਦੇ ਹੋਏ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਨਿਰਦੇਸ਼ਾਂ 'ਤੇ ਏ. ਡੀ. ਸੀ. ਪੀ. ਸਿਟੀ-2 ਪਰਮਿੰਦਰ ਸਿੰਘ ਭੰਡਾਲ ਅਤੇ ਏ. ਸੀ. ਪੀ. ਸੈਂਟਰਲ ਹਰਸਿਮਰਤ ਸਿੰਘ ਸ਼ਹਿਰ ਦੀਆਂ ਸੜਕਾਂ 'ਤੇ ਪੁਲਸ ਫੋਰਸ ਦੇ ਨਾਲ ਨਿਕਲੇ, ਜਿਨ੍ਹਾਂ ਨੇ ਕਰਫਿਊ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਕਾਨੂੰਨੀ ਡੰਡਾ ਚਲਾਇਆ ਅਤੇ ਕਈਆਂ ਦੀ ਖਾਤਰਦਾਰੀ ਵੀ ਕੀਤੀ। ਪੁਲਸ ਨੇ ਸ਼ਹਿਰ 'ਚ ਖੁੱਲ੍ਹੀਆਂ ਦੁਕਾਨਾਂ ਨੂੰ ਬੰਦ ਕਰਵਾਇਆ।
ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਕਰਫਿਊ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਰੀਬ 11 ਲੋਕਾਂ 'ਤੇ ਪੁਲਸ ਨੇ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਵਾਸੀਆਂ ਦੀ ਸਿਹਤ ਨੂੰ ਧਿਆਨ 'ਚ ਰੱਖਦੇ ਹੋਏ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ ਸੂਬੇ 'ਚ ਕਰਫਿਊ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਰਫਿਊ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਇਸ ਮੁਹਿੰਮ 'ਚ ਪੁਲਸ ਦਾ ਸਾਥ ਦੇਣ ਅਤੇ ਨਿਯਮਾਂ ਦੀ ਪਾਲਣਾ ਕਰਨ ਅਤੇ ਆਪਣੀ ਸਿਹਤ ਨੂੰ ਧਿਆਨ 'ਚ ਰੱਖਦੇ ਹੋਏ ਆਪਣੇ ਘਰਾਂ 'ਚ ਪਰਿਵਾਰ ਦੇ ਨਾਲ ਬੈਠਣ। ਉਨ੍ਹਾਂ ਨੇ ਦੱਸਿਆ ਕਿ ਜੇਕਰ ਸ਼ਹਿਰ ਵਾਸੀ ਇਸ ਮੁਹਿੰਮ 'ਚ ਪ੍ਰਸ਼ਾਸਨ ਦਾ ਸਾਥ ਦੇਣ ਤਾਂ ਇਸ ਰੋਗ ਦਾ ਜਲਦੀ ਖਾਤਮਾ ਕੀਤਾ ਜਾ ਸਕਦਾ ਹੈ।
ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਕਰਫਿਊ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕੁਝ ਦੁਕਾਨਦਾਰਾਂ ਅਤੇ ਹੋਰ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵਲੋਂ ਫਿਲਹਾਲ ਕਰਫਿਊ 'ਚ ਕੋਈ ਢਿੱਲ ਨਹੀਂ ਦਿੱਤੀ ਗਈ ਅਤੇ ਪ੍ਰਸ਼ਾਸਨ ਵਲੋਂ ਜ਼ਰੂਰੀ ਸਾਮਾਨ ਦੀ ਖਰੀਦਦਾਰੀ ਲਈ ਐਮਰਜੈਂਸੀ ਟੈਲੀਫੋਨ ਨੰਬਰ ਜਾਰੀ ਕੀਤੇ ਗਏ ਹਨ, ਜੋ ਕਿ ਤੁਹਾਡੇ ਘਰਾਂ ਤੱਕ ਸਾਮਾਨ ਪਹੁੰਚਾਉਣ 'ਚ ਮਦਦ ਕਰਨਗੇ।
ਭੁੱਲਰ ਨੇ ਦੱਸਿਆ ਕਿ ਫੜੇ ਗਏ ਲੋਕਾਂ ਦੀ ਪਛਾਣ ਰਵੀ ਕੁਮਾਰ, ਦਲੀਪ ਕੁਮਾਰ, ਰਾਜਿੰਦਰ ਕੁਮਾਰ, ਸਤਪਾਲ, ਵਿਨੋਦ ਸ਼ਾਹ, ਗਣੇਸ਼ ਕੁਮਾਰ, ਵਿਨੋਦ ਕੁਮਾਰ, ਅਸ਼ੋਕ ਕੁਮਾਰ, ਮਨੀਸ਼ ਕੁਮਾਰ, ਲਾਲ ਦੇਵ ਵਰਮਾ, ਅਸ਼ਵਨੀ ਕੁਮਾਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਕਮਿਸ਼ਨਰੇਟ ਪੁਲਸ ਦੇ ਵੱਖ-ਵੱਖ ਥਾਣਿਆ 'ਚ ਇਨ੍ਹਾਂ ਲੋਕਾਂ ਖਿਲਾਫ ਮਾਮਲਾ ਦਰਜ ਕਰ ਕੇ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਈ ਲੋਕਾਂ ਨੂੰ ਪੁਲਸ ਨੇ ਚਿਤਾਵਨੀ ਦੇ ਕੇ ਛੱਡਿਆ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵੀ ਕਰਫਿਊ ਨਿਯਮਾਂ ਦੀ ਉਲੰਘਣਾ ਕਰਦਾ ਫੜਿਆ ਗਿਆ ਤਾਂ ਉਸ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ।
ਦਿਹਾਤੀ ਪੁਲਸ ਨੇ ਵਿਆਹ ਪੈਲੇਸ ਦੇ ਮੈਨੇਜਰਾਂ, ਦੁਕਾਨਦਾਰਾਂ, ਵਾਈਨਸ਼ਾਪ ਸਮੇਤ ਕੁੱਲ 36 ਲੋਕਾਂ ਖਿਲਾਫ ਕੀਤਾ ਮਾਮਲਾ ਦਰਜ : ਐੱਸ. ਐੱਸ. ਪੀ. ਮਾਹਲ
ਦੂਜੇ ਪਾਸੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਦਿਹਾਤੀ ਪੁਲਸ ਦਾ ਵੀ ਡੰਡਾ ਚੱਲਿਆ। ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਅਤੇ ਐੱਸ. ਪੀ. ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਦਿਹਾਤੀ ਪੁਲਸ ਨੇ ਕਰਫਿਊ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਰੀਬ 20 ਮਾਮਲੇ ਦਰਜ ਕਰ ਕੇ 36 ਲੋਕਾਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ 'ਚੋਂ ਕੁਝ ਵਿਆਹ ਪੈਲੇਸ ਦੇ ਮੈਨੇਜਰ, ਦੁਕਾਨਦਾਰ, ਵਾਈਨਸ਼ਾਪ ਅਤੇ ਹੋਰ ਲੋਕ ਸ਼ਾਮਲ ਹਨ।
ਉਨ੍ਹਾਂ ਨੇ ਦੱਸਿਆ ਕਿ ਫੜੇ ਗਏ ਲੋਕਾਂ ਦੀ ਪਛਾਣ ਨੂਰਮਹਿਲ ਵਾਸੀ ਗੁਰਦਾਸ, ਨਿਰਮਲ ਸਿੰਘ, ਅਵਤਾਰ, ਰਾਜੀਵ ਕੁਮਾਰ, ਵਿਨੋਦ ਕੁਮਾਰ, ਸੁਰਜੀਤ ਲਾਲ, ਗੁਰਮੇਜ ਰਾਜ, ਅਮਨਦੀਪ ਕੁਮਾਰ, ਕਰਤਾਰਪੁਰ ਵਾਸੀ ਨੀਰਜ, ਵੁਸ਼ਨੁਦਾਰ, ਦਲੀਪ ਕੁਮਾਰ ਵਾਸੀ ਜਲੰਧਰ, ਮਲਕੀਤ ਸਿੰਘ ਅਤੇ ਅਵਤਾਰ ਸਿੰਘ ਵਾਸੀ ਨਕੋਦਰ, ਗੁਰਵਿੰਦਰ ਅਤੇ ਸਤਨਾਮ ਸਿੰਘ ਵਾਸੀ ਕਰਤਾਰਪੁਰ, ਤਿਲਕ ਰਾਜ ਵਾਸੀ ਨੂਰਮਹਿਲ, ਰਾਣਾ ਵਾਸੀ ਤਰਨਤਾਰਨ, ਗੁਰਪ੍ਰੀਤ ਸਿੰਘ, ਭੁਪਿੰਦਰ ਸਿੰਘ, ਜੇਹਰੂਦੀਨ, ਸ਼ਾਮੀਨ, ਵਾਸੀ ਫਿਲੌਰ, ਵਿਜੇ ਕੁਮਾਰ, ਰਮਨ ਕੁਮਾਰ, ਰਹਿਮਾਨ, ਸੰਨੀ, ਆਕਾਸ਼, ਜਸਕਰਨ, ਮੁਕੇਸ਼, ਜਤਿੰਦਰ ਪਾਲ, ਸੰਨੀ, ਮਲਕੀਤ ਸਿੰਘ, ਸੰਨੀ, ਦਵਿੰਦਰ ਸਿੰਘ, ਬਲਰਾਮ, ਨੰਦਾ ਦੱਤ ਵਾਸੀ ਬਿਲਗਾ, ਸੁਖਬੀਰ ਸਿੰਘ ਅਤੇ ਪੁਨੀਤ ਵਾਸੀ ਗੁਰਾਇਆ ਵਜੋਂ ਹੋਈ ਹੈ। ਐੱਸ. ਐੱਸ. ਪੀ. ਦਿਹਾਤੀ ਨਵਜੋਤ ਸਿੰਘ ਮਾਹਲ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਕਰਫਿਊ ਨਿਯਮਾਂ ਦੀ ਪਾਲਣਾ ਕਰਨ ਅਤੇ ਇਸ ਮੁਹਿੰਮ 'ਚ ਪੁਲਸ ਅਤੇ ਪ੍ਰਸ਼ਾਸਨ ਦਾ ਪੂਰਨ ਤੌਰ 'ਤੇ ਸਾਥ ਦਿਓ। ਉਨ੍ਹਾਂ ਦੱਸਿਆ ਕਿ ਕਰਫਿਊ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਨਾਕਿਆਂ ਦੀ ਕਮਾਨ ਏ. ਡੀ. ਸੀ. ਪੀ. ਅਤੇ ਏ. ਸੀ. ਪੀ. ਦੇ ਹੱਥ
ਕਰਫਿਊ ਦੌਰਾਨ ਸ਼ਹਿਰ 'ਚ ਲੱਗਣ ਵਾਲੇ ਨਾਕਿਆਂ ਦੀ ਕਮਾਨ ਏ. ਡੀ. ਸੀ. ਪੀ. ਰੈਂਕ ਦੇ ਅਧਿਕਾਰੀਆਂ ਨੂੰ ਸੌਂਪੀ ਗਈ ਹੈ। ਏ. ਡੀ. ਸੀ. ਪੀ. ਰੈਂਕ ਦੇ ਅਧਿਕਾਰੀਆਂ ਦੀ ਅਗਵਾਈ 'ਚ ਹੀ ਏ. ਸੀ. ਪੀ. ਰੈਂਕ ਦੇ ਅਧਿਕਾਰੀ ਅਤੇ ਥਾਣਾ ਮੁਖੀ ਆਪਣੇ-ਆਪਣੇ ਖੇਤਰ 'ਚ ਨਾਕਾਬੰਦੀ ਕਰਨਗੇ। ਇਸ ਦੇ ਨਾਲ ਹੀ ਸ਼ਹਿਰ 'ਚ ਥਾਣਾ ਵਾਈਜ਼ 4-4 ਪੈਟਰੋਲਿੰਗ ਪਾਰਟੀਆਂ ਵੀ ਤਾਇਨਾਤ ਕੀਤੀ ਗਈਆਂ ਹਨ, ਜੋ ਸ਼ਹਿਰ ਦੇ ਗਲੀ-ਮੁਹੱਲਿਆਂ 'ਚ ਪੈਟਰੋਲਿੰਗ ਕਰਨ ਦੇ ਨਾਲ-ਨਾਲ ਲੋਕਾਂ ਨੂੰ ਘਰਾਂ 'ਚ ਰਹਿਣ ਦੀ ਅਪੀਲ ਵੀ ਕਰਨਗੀਆਂ।