ਹੁਸ਼ਿਆਰਪੁਰ: ਸ੍ਰੀ ਹਜ਼ੂਰ ਸਾਹਿਬ ਤੋਂ ਸੰਗਤ ਨੂੰ ਵਾਪਸ ਲਿਆਉਣ ਵਾਲਾ ਡਰਾਈਵਰ 'ਕੋਰੋਨਾ' ਪਾਜ਼ੀਟਿਵ
Tuesday, Apr 28, 2020 - 07:57 PM (IST)
ਗੜ੍ਹਸ਼ੰਕਰ (ਅਮਰੀਕ, ਸ਼ੋਰੀ)— ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ 'ਚੋਂ ਇਕ ਵਿਅਕਤੀ ਦੇ ਕੋਰੋਨਾ ਪਾਜ਼ੀਟਿਵ ਮਿਲਣ ਦੀ ਖਬਰ ਸਾਹਮਣੇ ਆਈ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਸ੍ਰੀ ਹਜ਼ੂਰ ਸਾਹਿਬ ਤੋਂ ਸ਼ਰਧਾਲੂਆਂ ਨੂੰ ਵਾਪਸ ਲੈ ਕੇ ਆਉਣ ਵਾਲਾ ਟੈਂਪੂ ਟਰੈਵਲਰ ਦਾ ਡਰਾਈਵਰ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਪ੍ਰਾਇਮਰੀ ਹੈਲਥ ਸੈਂਟਰ ਪੋਸੀ ਤੋਂ ਇੰਚਾਰਜ ਡਾਕਟਰ ਰਘਬੀਰ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਡਰਾਈਵਰ ਜੀਵਨ ਸਿੰਘ ਸ੍ਰੀ ਹਜ਼ੂਰ ਸਾਹਿਬ ਤੋਂ 15 ਸ਼ਰਧਾਲੂਆਂ ਨੂੰ ਵਾਪਸ ਲੈ ਕੇ ਆਇਆ ਸੀ ਅਤੇ ਉਸੇ ਦਿਨ ਕੁੱਲ 35 ਸੈਂਪਲ ਪਿੰਡ ਮੋਰਾਂਵਾਲੀ ਤੋਂ ਲਏ ਗਏ ਸਨ। ਹੁਣ ਉਕਤ ਡਰਾਈਵਰ ਦੀ ਰਿਪੋਰਟ ਪਾਜ਼ੀਟਿਵ ਆਈ ਹੈ।
ਉਨ੍ਹਾਂ ਦੱਸਿਆ ਕਿ ਜੋ 15 ਸ਼ਰਧਾਲੂ ਇਸ ਟੈਂਪੂ ਰਾਹੀਂ ਆਏ ਸਨ, ਉਨ੍ਹਾਂ ਨੂੰ 'ਕੁਆਰੰਟਾਈਨ 'ਚ ਪਿੰਡ ਮੋਰਾਂਵਾਲੀ 'ਚ ਹੀ ਹਾਲ ਦੀ ਘੜੀ ਰੱਖਿਆ ਗਿਆ ਸੀ ਅਤੇ ਇਨ੍ਹਾਂ ਦੇ ਟੈਸਟ ਬੀਤੇ ਕੱਲ੍ਹ ਕਰਵਾਏ ਗਏ ਸਨ, ਜਿਸ ਦੀ ਰਿਪੋਰਟ ਦਾ ਇੰਤਜ਼ਾਰ ਹੈ ਪਰ ਅਹਿਤਿਆਤ ਵਜੋਂ ਹੁਣ ਇਨ੍ਹਾਂ 15 ਸ਼ਰਧਾਲੂਆਂ ਨੂੰ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਦੇ ਆਈਸੋਲੇਸ਼ਨ ਵਾਰਡ 'ਚ ਸ਼ਿਫਟ ਕੀਤਾ ਜਾ ਰਿਹਾ ਹੈ।
ਪੰਜਾਬ 'ਚ ਕੋਰੋਨਾ ਪਾਜ਼ੀਟਿਵ ਕੇਸਾਂ ਦਾ ਅੰਕੜਾ 338 ਤੱਕ ਪਹੁੰਚਿਆ
ਪੰਜਾਬ 'ਚ ਕੋਰੋਨਾ ਵਾਇਰਸ ਦੇ ਕੁੱਲ 338 ਪਾਜ਼ੀਟਿਵ ਕੇਸ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚੋਂ 19 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਪੰਜਾਬ ਦੇ ਜਲੰਧਰ 'ਚ ਕੋਰੋਨਾ ਵਾਇਰਸ ਦੇ 78, ਮੋਹਾਲੀ 'ਚ 64, ਪਠਾਨਕੋਟ 'ਚ 25, ਨਵਾਂਸ਼ਹਿਰ 'ਚ 22, ਲੁਧਿਆਣਾ 'ਚ 18, ਅੰਮ੍ਰਿਤਸਰ 'ਚ 14, ਮਾਨਸਾ 'ਚ 13, ਪਟਿਆਲਾ 'ਚ 61, ਹੁਸ਼ਿਆਰਪੁਰ 'ਚ 8, ਤਰਨਾਰਨ 6 ਮੋਗਾ 'ਚ 4, ਰੋਪੜ 'ਚ 3, ਫਰੀਦਕੋਟ 'ਚ 3, ਸੰਗਰੂਰ 'ਚ 3, ਬਰਨਾਲਾ 'ਚ 2, ਫਗਵਾੜਾ 3 ਕਪੂਰਥਲਾ 3, ਫਤਿਹਗੜ੍ਹ ਸਾਹਿਬ 'ਚ 2, ਮੁਕਤਸਰ 'ਚ 1, ਗੁਰਦਾਸਪੁਰ 'ਚ 1 ਅਤੇ ਫਿਰੋਜ਼ਪੁਰ 'ਚ 1 ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚੋਂ 19 ਲੋਕਾਂ ਦੀ ਮੌਤ ਹੋ ਚੁੱਕੀ ਹੈ।