ਹੁਸ਼ਿਆਰਪੁਰ ਜ਼ਿਲ੍ਹੇ ''ਚ 14 ਨਵੇਂ ਕੋਰੋਨਾ ਦੇ ਮਾਮਲੇ ਮਿਲਣ ਨਾਲ ਅੰਕੜਾ 392 ਤੱਕ ਪੁੱਜਾ
Thursday, Jul 23, 2020 - 12:53 PM (IST)
ਹੁਸ਼ਿਆਰਪੁਰ (ਘੁੰਮਣ)— ਕੋਰੋਨਾ ਵਾਇਰਸ ਦਾ ਕਹਿਰ ਪੰਜਾਬ 'ਚ ਲਗਾਤਾਰ ਜਾਰੀ ਹੈ। ਇਕ ਪਾਸੇ ਜਿੱਥੇ ਕੋਰੋਨਾ ਪੀੜਤਾਂ 'ਚ ਵਾਧਾ ਹੋ ਰਿਹਾ ਹੈ, ਉਥੇ ਹੀ ਪੀੜਤ ਕੋਰੋਨਾ ਖ਼ਿਲਾਫ਼ ਜੰਗ ਲੜਦੇ ਹੋਏ ਮੌਤ ਦਾ ਸ਼ਿਕਾਰ ਹੋ ਰਹੇ ਹਨ। ਤਾਜ਼ਾ ਮਾਮਲੇ 'ਚ ਹੁਸ਼ਿਆਰਪੁਰ 'ਚ 14 ਨਵੇਂ ਕੋਰੋਨਾ ਦੇ ਕੇਸ ਸਾਹਮਣੇ ਆਉਣ ਨਾਲ ਇਥੇ ਪਾਜ਼ੇਟਿਵ ਕੇਸਾਂ ਦਾ ਅੰਕੜਾ 392 ਤੱਕ ਪਹੁੰਚ ਗਿਆ ਹੈ।
ਇਥੇ ਦੱਸ ਦੇਈਏ ਕਿ ਬੀਤੇ ਦਿਨ ਹੁਸ਼ਿਆਰਪੁਰ ਜ਼ਿਲ੍ਹੇ 'ਚੋਂ 2 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਵੀ ਹੋ ਗਈ ਸੀ। ਮ੍ਰਿਤਕ ਗੜ੍ਹਸ਼ੰਕਰ ਅਤੇ ਮੁਕੇਰੀਆਂ ਖੇਤਰ ਨਾਲ ਸਬੰਧਤ ਸਨ। ਇਸ ਦੇ ਨਾਲ ਹੀ ਮ੍ਰਿਤਕਾਂ ਦੀ ਕੁੱਲ ਗਿਣਤੀ 12 ਹੋ ਗਈ ਹੈ।
ਇਹ ਵੀ ਪੜ੍ਹੋ: ਸੰਜੇ ਕਰਾਟੇ ਦੇ ਮਾਲਕ ਖ਼ਿਲਾਫ਼ ਇਕ ਹੋਰ ਮਾਮਲਾ ਦਰਜ, ਸ਼ਿਲਪਾ ਸ਼ੈੱਟੀ ਦਾ ਜਾਣਕਾਰ ਦੱਸ ਮਾਰੀ ਕਰੋੜਾਂ ਦੀ ਠੱਗੀ
ਸਿਹਤ ਮਹਿਕਮੇ ਨੂੰ ਬੁੱਧਵਾਰ ਹਾਸਲ ਹੋਈਆਂ ਤਾਜ਼ਾ ਰਿਪੋਰਟਾਂ 'ਚ 14 ਨਵੇਂ ਪਾਜ਼ੇਟਿਵ ਮਰੀਜ਼ ਮਿਲੇ। ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿਹਤ ਮਹਿਕਮੇ ਵੱਲੋਂ ਹੁਣ ਤੱਕ ਜ਼ਿਲ੍ਹੇ ਭਰ 'ਚ ਸ਼ੱਕੀ ਮਰੀਜ਼ਾਂ ਦੇ ਲਏ ਗਏ 24,091 ਨਮੂਨਿਆਂ 'ਚੋਂ 22,257 ਦੀ ਰਿਪੋਰਟ ਨੈਗੇਟਿਵ ਆਈ ਹੈ। ਮਹਿਕਮੇ ਵੱਲੋਂ ਬੁੱਧਵਾਰ 751 ਸ਼ੱਕੀ ਮਰੀਜ਼ਾਂ ਦੇ ਨਵੇਂ ਨਮੂਨੇ ਲਏ ਗਏ ਹਨ। 1426 ਨਮੂਨਿਆਂ ਦੀ ਰਿਪੋਰਟ ਦਾ ਅਜੇ ਇੰਤਜ਼ਾਰ ਹੈ। ਜ਼ਿਲ੍ਹੇ 'ਚ 175 ਸਰਗਰਮ ਕੇਸ ਹਨ।
ਸਿਵਲ ਸਰਜਨ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ 10 ਸਾਲ ਤੱਕ ਦੀ ਉਮਰ ਦੇ ਬੱਚਿਆਂ, ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦਿਓ। ਘਰ ਤੋਂ ਨਿਕਲਦੇ ਸਮੇਂ ਫੇਸ ਮਾਸਕ ਦਾ ਇਸਤੇਮਾਲ ਯਕੀਨੀ ਬਣਾਇਆ ਜਾਵੇ ਅਤੇ ਆਪਣੇ ਹੱਥਾਂ ਨੂੰ ਸਾਬਣ ਨਾਲ ਵਾਰ-ਵਾਰ ਧੋਵੋ। ਸਮਾਜਿਕ ਦੂਰੀ ਦਾ ਵੀ ਵਿਸ਼ੇਸ਼ ਧਿਆਨ ਰੱਖੋ ਤਾਂ ਕਿ ਕੋਰੋਨਾ ਵਾਇਰਸ ਦੀ ਅੱਗੇ ਵਧਦੀ ਚੇਨ ਨੂੰ ਤੋੜਿਆ ਜਾ ਸਕੇ।
ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ ਲਈ ਚੰਗੀ ਖਬਰ, 344 ਲੋਕਾਂ ਦੀ ਰਿਪੋਰਟ ਆਈ ਕੋਰੋਨਾ ਨੈਗੇਟਿਵ