ਹੁਸ਼ਿਆਰਪੁਰ ਪ੍ਰਸ਼ਾਸਨ ਦਾ ਨਿਵੇਕਲਾ ਉਪਰਾਲਾ, ਇੰਝ ਪੁੱਜੇਗੀ ਹਰ ਘਰ 'ਚ ਕੋਰੋਨਾ ਸਬੰਧੀ ਜਾਣਕਾਰੀ
Thursday, Jun 11, 2020 - 12:44 PM (IST)
ਹੁਸ਼ਿਆਰਪੁਰ (ਘੁੰਮਣ)— ਕੋਵਿਡ-19 ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰ-ਅੰਦੇਸ਼ੀ ਸੋਚ ਸਦਕਾ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ 'ਮਿਸ਼ਨ ਫਤਿਹ' ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਕ ਨਿਵੇਕਲਾ ਉਪਰਾਲਾ ਕੀਤਾ ਗਿਆ ਹੈ, ਤਾਂ ਜੋ ਕੋਵਿਡ-19 ਸਬੰਧੀ ਜਾਣਕਾਰੀ ਘਰ-ਘਰ ਪਹੁੰਚਾਈ ਜਾ ਸਕੇ। ਜ਼ਿਲ੍ਹੇ ਦੇ ਯੁਵਕ ਸੇਵਾਵਾਂ ਮਹਿਕਮੇ ਵੱਲੋਂ ਸੂਚਨਾ ਅਤੇ ਲੋਕ ਸੰਪਰਕ ਮਹਿਕਮਾ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਆਨਲਾਈਨ ਕੁਇਜ਼ ਤਿਆਰ ਕੀਤਾ ਗਿਆ ਹੈ, ਜਿਸ ਦਾ ਪੋਸਟਰ ਅਤੇ ਲਿੰਕ ਬੁੱਧਵਾਰ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਮਹਿਕਮਾਪ੍ਰੀਤ ਕੋਹਲੀ ਅਤੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਹਾਕਮ ਥਾਪਰ ਮੌਜੂਦ ਸਨ।
ਇਹ ਵੀ ਪੜ੍ਹੋ: ਜਲੰਧਰ 'ਚ ਘੁੰਮ ਰਹੇ ਨੇ ਕੋਰੋਨਾ ਦੇ ਪਾਜ਼ੇਟਿਵ ਮਰੀਜ਼, ਸਿਹਤ ਮਹਿਕਮਾ ਬੇਖਬਰ
'ਮਿਸ਼ਨ ਫਤਿਹ' ਤਹਿਤ ਜਾਣਕਾਰੀ ਭਰਪੂਰ ਤਿਆਰ ਕੀਤੇ ਗਏ ਇਸ ਕੁਇਜ਼ ਸਬੰਧੀ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਕੋਵਿਡ-19 ਦੀ ਜੰਗ 'ਤੇ ਫਤਿਹ ਪਾਉਣ ਲਈ ਇਕੋ-ਇਕ ਹਥਿਆਰ ਜਾਗਰੂਕਤਾ ਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਗਰੂਕਤਾ ਫੈਲਾਉਣ ਲਈ ਹਰੇਕ ਪਲੇਟਫਾਰਮ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇੰਟਰਨੈੱਟ ਦੇ ਆਧੁਨਿਕ ਯੁੱਗ 'ਚ ਆਨਲਾਈਨ ਤਿਆਰ ਕੀਤਾ ਕੁਇਜ਼ ਮੁਕਾਬਲਾ ਜਾਗਰੂਕਤਾ ਫੈਲਾਉਣ 'ਚ ਮੀਲ ਦਾ ਪੱਥਰ ਸਾਬਤ ਹੋਵੇਗਾ। ਇਸ ਕੁਇਜ਼ ਮੁਕਾਬਲੇ 'ਚ ਕਿਸੇ ਵੀ ਉਮਰ ਵਰਗ ਦਾ ਵਿਅਕਤੀ ਹਿੱਸਾ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜਾਰੀ ਕੀਤੇ ਲਿੰਕ ਦੀ ਵਰਤੋਂ ਕਰਕੇ 20 ਸਵਾਲਾਂ ਦੇ ਜਵਾਬ ਦੇਣੇ ਹੋਣਗੇ ਅਤੇ ਇਹ ਸਾਰੇ ਸਵਾਲ ਕੋਵਿਡ-19 ਨਾਲ ਹੀ ਸਬੰਧਤ ਹਨ। 60 ਫੀਸਦੀ ਸਹੀ ਜਵਾਬ ਦੇਣ ਵਾਲੇ ਵਿਅਕਤੀ ਨੂੰ ਈ-ਸਰਟੀਫਿਕੇਟ ਆਨਲਾਈਨ ਹੀ ਸਬੰਧਤ ਈਮੇਲ ਰਾਹੀਂ ਭੇਜ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਲਿੰਕ ਫੇਸਬੁੱਕ ਪੇਜ਼ 'ਤੇ ਦੇਖਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ 'ਕੋਰੋਨਾ' ਨੇ ਮਚਾਈ ਤੜਥੱਲੀ, 24 ਘੰਟਿਆਂ 'ਚ ਹੋਈ ਚੌਥੀ ਮੌਤ
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬਾ ਵਾਸੀਆਂ ਨੂੰ ਸੁਰੱਖਿਅਤ ਰੱਖਣ ਲਈ 'ਮਿਸ਼ਨ ਫਤਿਹ' ਦਾ ਆਗਾਜ਼ ਕੀਤਾ ਜਾ ਚੁੱਕਾ ਹੈ, ਜਿਸ ਤਹਿਤ ਸਮਾਜਕ ਦੂਰੀ ਬਰਕਰਾਰ ਰੱਖਣ ਤੋਂ ਇਲਾਵਾ ਮਾਸਕ ਅਤੇ ਸੈਨੀਟਾਈਜ਼ਰ ਦੀ ਵਰਤੋਂ ਯਕੀਨੀ ਬਣਾਉਣ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ 'ਤੇ ਜਾਗਰੂਕਤਾ ਨਾਲ ਹੀ ਠੱਲ੍ਹ ਪਾਈ ਜਾ ਸਕਦੀ ਹੈ, ਇਸ ਲਈ ਖੁਦ ਜਾਗਰੂਕ ਹੋ ਕੇ ਦੂਜਿਆਂ ਨੂੰ ਜਾਗਰੂਕ ਕਰਨਾ ਸਮੇਂ ਦੀ ਮੁੱਖ ਲੋੜ ਹੈ। ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਪ੍ਰੀਤ ਕੋਹਲੀ ਨੇ ਕਿਹਾ ਕਿ ਸਾਵਧਾਨੀਆਂ ਵਰਤਕੇ ਹੀ ਕੋਵਿਡ-19 ਤੋਂ ਬਚਿਆ ਜਾ ਸਕਦਾ ਹੈ, ਇਸ ਲਈ ਇਸ ਸਬੰਧੀ ਜਾਣਕਾਰੀ ਘਰ-ਘਰ ਪਹੁੰਚਾਉਣ ਲਈ ਇਹ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ 'ਮਿਸ਼ਨ ਫਤਿਹ' ਦੀ ਸਫਲਤਾ ਲਈ ਜਾਗਰੂਕਤਾ ਬਹੁਤ ਜ਼ਰੂਰੀ ਹੈ ਅਤੇ ਇਸੇ ਜਾਗਰੂਕਤਾ ਲਈ ਆਨਲਾਈਨ ਕੁਇਜ਼ ਮੁਕਾਬਲੇ ਕਰਵਾਏ ਜਾ ਰਹੇ ਹਨ।
ਇਹ ਵੀ ਪੜ੍ਹੋ: ਜਲੰਧਰ: ਸੁਲਝੀ ਅੰਨ੍ਹੇ ਕਤਲ ਦੀ ਗੁੱਥੀ, ਟੂਣਿਆਂ ਦੇ ਸ਼ੱਕ 'ਚ ਦਿੱਤੀ ਵਿਅਕਤੀ ਨੂੰ ਭਿਆਨਕ ਮੌਤ