ਕੋਰੋਨਾ ਦਾ ਕਹਿਰ: ਕਰਫਿਊ ''ਚ ਇਹ ਪਰਿਵਾਰ ਘਰ ਬੈਠੇ ਇੰਝ ਕਰ ਰਿਹੈ ਸੇਵਾ ਕਾਰਜ
Saturday, Mar 28, 2020 - 06:26 PM (IST)
ਸ੍ਰੀ ਮੁਕਤਸਰ ਸਾਹਿਬ (ਰਿਣੀ)— ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਵਾਇਰਸ ਦੇ ਚਲਦਿਆਂ ਚਲ ਰਹੇ ਕਰਫਿਊ ਦੌਰਾਨ ਇਕ ਪਰਿਵਾਰ ਆਪਣੇ ਘਰ ਅੰਦਰ ਰਹਿੰਦੇ ਹੀ ਪੂਰੀ ਤਰ੍ਹਾਂ ਸੇਵਾ ਕਾਰਜ 'ਚ ਜੁਟਿਆ ਹੋਇਆ ਹੈ। ਇਹ ਪਰਿਵਾਰ ਘਰ 'ਚ ਹਜ਼ਾਰਾਂ ਦੀ ਗਿਣਤੀ 'ਚ ਮਾਸਕ ਤਿਆਰ ਕਰਕੇ ਅਤੇ ਹਥ ਸਾਫ ਕਰਨ ਲਈ ਲੋਸ਼ਨ ਤਿਆਰ ਕਰਕੇ ਲੋਕਾਂ 'ਚ ਵੰਡ ਚੁੱਕਾ ਹੈ।
ਸ੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਗੁਰਪਾਲ ਸਿੰਘ ਪਾਲੀ ਨੇ ਦੱਸਿਆ ਕਿ ਉਹ ਖੁਦ ਬਿਜਲੀ ਵਿਭਾਗ 'ਚ ਮੁਲਾਜ਼ਮ ਹਨ ਅਤੇ ਪਤਨੀ ਦੀ ਆਪਣੀ ਬੁਟੀਕ ਹੈ। ਉਨ੍ਹਾਂ ਦੱਸਿਆ ਕਿ ਜਦੋਂ ਕੋਰੋਨਾ ਵਾਇਰਸ ਦੇ ਚਲਦੇ ਕਰਫਿਊ ਲਗਾਇਆ ਗਿਆ ਤਾਂ ਇਹ ਸਾਹਮਣੇ ਆਇਆ ਕਿ ਇਸ ਸਬੰਧੀ ਮਾਸਕ ਅਤੇ ਸੈਨੇਟਾਈਜ਼ਰ ਦੀ ਕਾਲਾ ਬਾਜ਼ਾਰੀ ਸ਼ੁਰੂ ਹੋ ਗਈ ਹੈ। ਇਸ ਦੌਰਾਨ ਉਨ੍ਹਾਂ ਨੇ ਸਰਕਾਰੀ ਹਦਾਇਤਾਂ ਦਾ ਪਾਲਣ ਕਰਦੇ ਘਰ 'ਚ ਹੀ ਪਰਿਵਾਰ ਨਾਲ ਰਹਿੰਦੇ ਮਾਸਕ ਅਤੇ ਹਥ ਸਾਫ ਕਰਨ ਲਈ ਲੋਸ਼ਨ ਤਿਆਰ ਕਰਨ ਬਾਰੇ ਸੋਚਿਆ।
ਉਨ੍ਹਾਂ ਦੱਸਿਆ ਕਿ ਇਸ ਸੋਚ 'ਚ ਉਨ੍ਹਾਂ ਦਾ ਸਾਥ ਕੈਨੇਡਾ ਰਹਿੰਦੇ ਬੇਟੇ ਨੇ ਦਿੱਤਾ। ਇਸ ਤੋਂ ਬਾਅਦ ਫਿਰ ਬੁਟੀਕ ਅਤੇ ਕਾਰੀਗਰਾਂ ਦੀ ਮਦਦ ਨਾਲ ਉਨ੍ਹਾਂ ਨੇ ਅਤੇ ਉਨ੍ਹਾਂ ਦੀ ਪਤਨੀ ਨੇ ਮਾਸਕ ਤਿਆਰ ਕਰਨੇ ਸ਼ੁਰੂ ਕਰ ਦਿੱਤੇ ਅਤੇ ਨਾਲ ਹੀ ਐਲੋਵੀਰਾ, ਗੁਲਾਬ ਜਲ ਆਦਿ ਮਿਲਾ ਕੇ ਹਥ ਸਾਫ ਕਰਨ ਦਾ ਲੋਸ਼ਨ ਤਿਆਰ ਕਰਨਾ ਸ਼ੁਰੂ ਕਰ ਦਿੱਤਾ। ਫਿਰ ਇਹ ਮਾਸਕ ਅਤੇ ਲੋਸ਼ਨ ਆਮ ਲੋਕਾਂ ਦੇ ਨਾਲ ਨਾਲ ਨਾਕਿਆਂ 'ਤੇ ਖੜ੍ਹੇ ਪੁਲਸ ਕਰਮਚਾਰੀਆਂ, ਸਰਕਾਰੀ ਮੁਲਾਜ਼ਮਾਂ ਅਤੇ ਸੇਵਾ ਕਾਰਜ 'ਚ ਜੁਟੇ ਲੋਕਾਂ ਤਕ ਪਹੁੰਚਾ ਦਿੱਤੇ ਗਏ। ਹੁਣ ਤੱਕ ਪਰਿਵਾਰ ਵੱਲੋਂ ਹਜ਼ਾਰਾਂ ਦੀ ਗਿਣਤੀ 'ਚ ਮਾਸਕ ਅਤੇ ਲੋਸ਼ਨ ਦੀਆਂ ਸੀਸ਼ੀਆਂ ਤਿਆਰ ਕਰਕੇ ਵੰਡੀਆਂ ਜਾ ਚੁੱਕੀਆ ਹਨ।
ਇਹ ਵੀ ਪੜ੍ਹੋ : ਇਟਲੀ ਤੋਂ ਪੰਜਾਬ ਤੱਕ ਦੇਖੋ ਕਿਵੇਂ ਪੁੱਜਾ ਕੋਰੋਨਾ, ਬਲਦੇਵ ਸਿੰਘ ਦੀਆਂ ਵੀਡੀਓਜ਼ ਆਈਆਂ ਸਾਹਮਣੇ
ਪੰਜਾਬ 'ਚ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਕੇਸਾਂ ਦਾ ਅੰਕੜਾ 38 ਤੱਕ ਪੁੱਜਾ
ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਸਰਕਾਰੀ ਅੰਕੜਿਆਂ ਅਨੁਸਾਰ 5 ਨਵੇਂ ਮਾਮਲੇ ਕੋਰੋਨਾ ਪੀੜਤਾਂ ਦੇ ਸਾਹਮਣੇ ਆਏ। ਸਰਕਾਰੀ ਹੈਲਥ ਬੁਲੇਟਿਨ ਅਨੁਸਾਰ ਇਨ੍ਹਾਂ ਨਵੇਂ 5 ਮਾਮਲਿਆਂ 'ਚ 3 ਹੁਸ਼ਿਆਰਪੁਰ ਅਤੇ 1-1 ਮਾਮਲਾ ਮੋਹਾਲੀ ਅਤੇ ਜਲੰਧਰ ਜ਼ਿਲੇ ਨਾਲ ਸਬੰਧਤ ਹਨ। ਇਹ ਸਾਰੇ ਪੀੜਤ ਪਹਿਲਾਂ ਤੋਂ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਾਮਲਿਆਂ ਦੇ ਸੰਪਰਕ 'ਚ ਸਨ। ਇਸ ਤਰ੍ਹਾਂ ਵੀਰਵਾਰ ਨੂੰ ਸਰਕਾਰੀ ਅੰਕੜਿਆਂ ਅਨੁਸਾਰ ਐਲਾਨੇ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ 33 ਦੀ ਗਿਣਤੀ ਦੇ ਮੁਕਾਬਲੇ ਸ਼ੁੱਕਰਵਾਰ ਨੂੰ ਇਹ ਗਿਣਤੀ 38 ਹੋ ਗਈ ਹੈ। ਹਾਲਾਂਕਿ ਸੂਤਰਾਂ ਅਨੁਸਾਰ ਰਾਜ ਭਰ 'ਚ ਕੋਰੋਨਾ ਵਾਇਰਸ ਨਾਲ ਪੀੜਤਾਂ ਦੀ ਗਿਣਤੀ ਇਸ ਤੋਂ ਕਿਤੇ ਜ਼ਿਆਦਾ ਹੋ ਸਕਦੀ ਹੈ ਪਰ ਸਮਾਜ 'ਚ ਹੜਬੜਾਹਟ ਪੈਦਾ ਨਾ ਹੋਵੇ ਜਾਵੇ ਇਸ ਲਈ ਜਾਣਕਾਰੀ ਜਨਤਕ ਕਰਨ 'ਚ ਪ੍ਰਹੇਜ ਕੀਤਾ ਜਾ ਰਿਹਾ ਹੈ। ਹਾਲਾਂਕਿ ਸਥਿਤੀ ਨੂੰ ਕਾਬੂ 'ਚ ਰੱਖਣ ਲਈ ਸਰਕਾਰ ਵੱਲੋਂ ਸਾਰੇ ਪ੍ਰਭਾਵੀ ਕਦਮ ਚੁੱਕੇ ਜਾ ਰਹੇ ਹਨ ਪਰ ਆਮ ਜਨਤਾ ਦੇ ਸਹਿਯੋਗ ਤੋਂ ਬਿਨਾਂ ਇਹ ਸੰਭਵ ਨਹੀਂ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਲਾਕਡਾਊਨ ਤੱਕ ਸਾਰੇ 'ਟੋਲ ਪਲਾਜ਼ੇ' ਬੰਦ ਰੱਖਣ ਦਾ ਫੈਸਲਾ
ਰਾਜ 'ਚ ਹਾਲੇ ਤੱਕ ਜਿਨ੍ਹਾਂ ਕੁਲ 38 ਮਾਮਲਿਆਂ 'ਚ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਹੋਣ ਦੀ ਸੂਚਨਾ ਹੈ, ਉਨ੍ਹਾਂ 'ਚ ਸਭ ਤੋਂ ਜ਼ਿਆਦਾ 19 ਮਾਮਲੇ ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ਨਾਲ ਸਬੰਧਤ ਹਨ, ਇਨ੍ਹਾਂ 'ਚੋਂ ਇਕ ਮਰੀਜ਼ ਦੀ ਮੌਤ ਹੋ ਚੁੱਕੀ ਹੈ। 6-6 ਮਾਮਲੇ ਮੋਹਾਲੀ ਅਤੇ ਹੁਸ਼ਿਆਰਪੁਰ ਜ਼ਿਲੇ ਨਾਲ ਸੰਬੰਧਤ ਹਨ ਜਦੋਂਕਿ ਜਲੰਧਰ ਜ਼ਿਲੇ ਤੋਂ 5 ਅਤੇ ਅੰਮ੍ਰਿਤਸਰ, ਲੁਧਿਆਣਾ ਜ਼ਿਲੇ ਨਾਲ ਸਬੰਧਤ 1-1 ਮਾਮਲਾ ਸਾਹਮਣੇ ਆਇਆ ਹੈ। ਸਰਕਾਰੀ ਹੈਲਥ ਬੁਲੇਟਿਨ ਅਨੁਸਾਰ ਹਾਲੇ ਤੱਕ 789 ਸ਼ੱਕੀਆਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ 'ਚੋਂ 38 ਦੇ ਨਤੀਜੇ ਪਾਜ਼ੀਟਿਵ, 480 ਦੇ ਨੈਗੇਟਿਵ ਆਏ ਹਨ ਜਦੋਂਕਿ 271 ਦੇ ਨਤੀਜੇ ਹਾਲੇ ਆਉਣੇ ਬਾਕੀ ਹਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਜ਼ਰੂਰੀ ਵਸਤਾਂ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਕੰਟਰੋਲ ਰੂਮ ਕੀਤਾ ਸਥਾਪਿਤ
ਸਰਕਾਰੀ ਅੰਕੜਿਆਂ ਅਨੁਸਾਰ ਜਿਨ੍ਹਾਂ 271 ਸੈਂਪਲਾਂ ਦੇ ਨਤੀਜੇ ਹਾਲੇ ਆਉਣੇ ਬਾਕੀ ਹਨ, ਉਸ ਨਾਲ ਪਾਜ਼ੀਟਿਵ ਐਲਾਨ ਕੀਤੇ ਜਾਣ ਵਾਲੇ ਅੰਕੜਿਆਂ 'ਚ ਵਾਧੇ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਬੁਲੇਟਿਨ ਅਨੁਸਾਰ ਇਕ ਮਰੀਜ਼ ਠੀਕ ਹੋ ਚੁੱਕਿਆ ਹੈ ਪਰ ਕਿੰਨੇ ਸ਼ੱਕੀਆਂ ਨੂੰ ਹਸਪਤਾਲਾਂ 'ਚ ਭਰਤੀ ਕੀਤਾ ਗਿਆ ਹੈ ਅਤੇ ਕਿੰਨਿਆਂ ਨੂੰ ਘਰਾਂ 'ਚ ਵੱਖ-ਵੱਖ ਰੱਖ ਕੇ ਸਿਹਤ ਵਿਭਾਗ ਦੀ ਨਿਗਰਾਨੀ 'ਚ ਰੱਖਿਆ ਗਿਆ ਹੈ, ਇਸ ਦੀ ਜਾਣਕਾਰੀ ਬੁਲੇਟਿਨ 'ਚ ਸਾਂਝੀ ਕਰਨ ਤੋਂ ਸਰਕਾਰ ਨੇ ਪ੍ਰਹੇਜ ਕੀਤਾ ਹੈ।