ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਦਾ ਸਰਵੇਖਣ, ਕੋਰੋਨਾ ਮਨੁੱਖੀ ਜੀਵਨ ਲਈ ਅਹਿਮ ਖ਼ਤਰਾ

04/15/2020 12:42:27 PM

ਲੁਧਿਆਣਾ  (ਸਲੂਜਾ) : ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਬਲਦੇਵ ਸਿੰਘ ਢਿੱਲੋਂ ਅਤੇ ਪ੍ਰੋਫੈਸਰ ਅਤੇ ਮੁਖੀ ਆਰਥਿਕ ਅਤੇ ਸਮਾਜਿਕ ਵਿਭਾਗ ਕਮਲ ਵੱਤਾ ਨੇ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਸਰਵੇਖਣ ਦੇ ਆਧਾਰ ’ਤੇ ਕਿਹਾ ਹੈ ਕਿ ਅੱਜ ਸਾਰੀ ਦੁਨੀਆ ਕੋਰੋਨਾ ਦੀ ਲਪੇਟ ’ਚ ਹੈ ਅਤੇ ਸਾਡਾ ਦੇਸ਼ ਅਤੇ ਇਸ ਦੇ ਸਾਰੇ ਸੂਬੇ ਇਸ ਭਿਆਨਕ ਖ਼ਤਰੇ ਨੂੰ ਨਜਿੱਠਣ ਲਈ ਕਈ ਤਰ੍ਹਾਂ ਦੇ ਉਪਰਾਲੇ ਕਰ ਰਹੇ ਹਨ। ਇਹ ਕੋਰੋਨਾ ਵਾਇਰਸ ਮਨੁੱਖੀ ਜੀਵਨ ਲਈ ਅਹਿਮ ਖ਼ਤਰਾ ਹੈ, ਜਿਸ ਨੇ ਰੋਜ਼ ਦੀ ਜ਼ਿੰਦਗੀ ਨੂੰ ਲੱਗਭੱਗ ਠੱਲ੍ਹ ਪਾ ਦਿੱਤੀ ਹੈ। ਇਸ ਨਾਲ ਖੇਤੀਬਾਡ਼ੀ ਸੰਕਟ ਵੀ ਪੈਦਾ ਹੋਇਆ ਹੈ ਕਿਉਂਕਿ ਕਣਕ ਦੀ ਖਰੀਦ ਲਈ ਬਸ ਕੁਝ ਹੀ ਦਿਨ ਬਚੇ ਹਨ ਜਦੋਂ 1350 ਲੱਖ ਕੁਇੰਟਲ ਤੋਂ ਵੀ ਵੱਧ ਪੈਦਾਵਾਰ ਮੰਡੀਆਂ ’ਚ ਆਵੇਗੀ।

ਮੰਡੀਆਂ ’ਚ ਅਨਾਜ ਦੀ ਏਨੀ ਆਮਦ ਕੋਰੋਨਾ ਦੇ ਖ਼ਤਰੇ ਨਾਲ ਜੂਝ ਰਹੇ ਸਮਾਜ, ਪੰਜਾਬ ਦੀ ਕਿਸਾਨੀ ਅਤੇ ਹੋਰ ਹਿੱਸੇਦਾਰਾਂ ਲਈ ਇਕ ਵੱਡੀ ਚੁਣੌਤੀ ਪੈਦਾ ਕਰੇਗੀ। ਕਿਸਾਨੀ ਨਾਲ ਜੁਡ਼ਿਆ ਹਰ ਵਰਗ ਇਸ ਸਮੱਸਿਆ ਦਾ ਹੱਲ ਲੱਭਣ ਲਈ ਜੂਝ ਰਿਹਾ ਹੈ। ਵਾਈਸ ਚਾਂਸਲਰ ਬਲਦੇਵ ਸਿੰਘ ਢਿੱਲੋਂ ਨੇ ਕਿਹਾ ਕਿ ਮੌਜੂਦਾ ਸਥਿਤੀ ਦੌਰਾਨ ਸਰਕਾਰ ਨੇ ਮੰਡੀਆਂ ’ਚ ਕਣਕ ਦੀ ਸਿਲਸਿਲੇਵਾਰ ਖਰੀਦ ਦਾ ਫੈਸਲਾ ਲਿਆ ਹੈ ਤਾਂ ਕਿ ਕੋਰੋਨਾ ਦੇ ਸੰਕਟ ਦੌਰਾਨ ਮੰਡੀਆਂ ’ਚ ਜ਼ਿਆਦਾ ਇਕੱਠ ਨੂੰ ਰੋਕਿਆ ਜਾ ਸਕੇ। ਅੱਜ ਦੇਸ਼ ਦੀ ਵੱਡੀ ਚੁਣੌਤੀ ਇਹੀ ਹੈ ਕਿ ਕਿਸਾਨੀ ਦੇ ਸੰਭਾਵਿਤ ਨੁਕਸਾਨ ਨੂੰ ਕਿਸ ਤਰ੍ਹਾਂ ਘੱਟ ਤੋਂ ਘੱਟ ਕੀਤਾ ਜਾ ਸਕੇ। ਅੱਜ ਕੋਈ ਵੀ ਖੇਤਰ ਜਾਂ ਤਬਕਾ ਅਜਿਹਾ ਨਹੀਂ ਹੈ ਜਿਸਨੂੰ ਕੋਰੋਨਾ ਦੇ ਕਹਿਰ ਕਾਰਣ ਮਾਲੀ ਨੁਕਸਾਨ ਨਾ ਉਠਾਉਣਾ ਪਿਆ ਹੋਵੇ।


Gurminder Singh

Content Editor

Related News