ਸਮਰਾਲਾ ''ਚ ਵੀ ਕੋਰੋਨਾ ਦਾ ਪ੍ਰਕੋਪ, ਪੀੜਤਾਂ ਦੀ ਗਿਣਤੀ ਵੱਧ ਕੇ 9 ਹੋਈ

Friday, May 01, 2020 - 06:20 PM (IST)

ਸਮਰਾਲਾ ''ਚ ਵੀ ਕੋਰੋਨਾ ਦਾ ਪ੍ਰਕੋਪ, ਪੀੜਤਾਂ ਦੀ ਗਿਣਤੀ ਵੱਧ ਕੇ 9 ਹੋਈ

ਸਮਰਾਲਾ (ਗਰਗ) : ਪੰਜਾਬ ਸਰਕਾਰ ਵੱਲੋਂ ਸ੍ਰੀ ਹਜੂਰ ਸਾਹਿਬ ਵਿਖੇ ਫਸੇ ਸ਼ਰਧਾਲੂਆਂ ਦੀ ਵਾਪਸੀ ਦਾ ਫੈਸਲਾ ਸੂਬੇ ’ਤੇ ਭਾਰੀ ਪੈ ਗਿਆ ਹੈ। ਵਾਪਸ ਪਰਤੇ ਇਨ੍ਹਾਂ ਸ਼ਰਧਾਲੂਆਂ ਨੂੰ ਜਿਸ ਤਰ੍ਹਾਂ ਬਿਨਾਂ ਟੈਸਟ ਕੀਤੇ ਘਰਾਂ 'ਚ ਭੇਜ ਦਿੱਤਾ ਗਿਆ ਅਤੇ ਬਾਅਦ 'ਚ ਇਨ੍ਹਾਂ 'ਚੋਂ ਕਈਆਂ ਦੇ ਟੈਸਟ ਕੋਰੋਨਾ ਪਾਜ਼ੇਟਿਵ ਆਉਣ ਨਾਲ ਹੁਣ ਹਰ ਪਾਸੇ ਹੜੰਕਪ ਮਚਿਆ ਹੋਇਆ ਹੈ। ਸਮਰਾਲਾ ਇਲਾਕੇ 'ਚ ਵੀ ਪਰਤੇ ਇਨ੍ਹਾਂ ਸ਼ਰਧਾਲੂਆਂ 'ਚੋਂ ਕੋਰੋਨਾ ਪਾਜ਼ੇਟਿਵ ਪੀੜਤਾਂ ਦੀ ਗਿਣਤੀ ਵੱਧ ਕੇ ਹੁਣ 9 ’ਤੇ ਚਲੀ ਗਈ ਹੈ। ਚਾਰ ਪਿੰਡਾਂ ਘੁਲਾਲ, ਢੰਡੇ, ਸੇਹ ਅਤੇ ਘੁੰਘਰਾਲੀ ਸਿੱਖਾਂ ਦੇ ਰਹਿਣ ਵਾਲੇ ਇਹ ਸ਼ਰਧਾਲੂ ਘਰ ਪਰਤਣ ’ਤੇ ਪਰਿਵਾਰ ਮੈਂਬਰਾਂ ਸਮੇਤ ਕਈ ਹੋਰ ਵਿਅਕਤੀਆਂ ਦੇ ਸੰਪਰਕ 'ਚ ਆ ਚੁਕੇ ਹਨ। ਹੁਣ ਜਦੋਂ ਲਗਾਤਾਰ ਇਨ੍ਹਾਂ ਦੀਆਂ ਕੋਰੋਨਾ ਟੈਸਟ ਰਿਪੋਰਟਾਂ ਪਾਜ਼ੇਟਿਵ ਆ ਰਹੀਆਂ ਹਨ ਤਾਂ ਪੂਰੇ ਇਲਾਕੇ ਨੂੰ ਸਹਿਮ ਚੜ੍ਹ ਗਿਆ ਹੈ। ਹੁਣ ਤੱਕ ਆਏ ਇਨ੍ਹਾਂ ਕੋਰੋਨਾ ਪਾਜ਼ੇਟਿਵ 9 ਸ਼ਰਧਾਲੂਆਂ 'ਚ ਪਿੰਡ ਘੁਲਾਲ ਦੇ 4, ਸੇਹ ਦੇ 2 ਘੁੰਘਰਾਲੀ  ਦੇ 2 ਅਤੇ ਪਿੰਡ ਢੰਡੇ ਦਾ ਇਕ ਸ਼ਰਧਾਲੂ ਸ਼ਾਮਲ ਹੈ। ਇਸ ਤੋਂ ਇਲਾਵਾ ਸਮਰਾਲਾ ਵਾਲੇ ਜੱਥੇ 'ਚ ਵਾਪਸ ਪਰਤੀਆਂ ਖਮਾਣੋਂ ਨੇੜਲੇ ਪਿੰਡ ਹਵਾਰਾ ਦੀਆਂ ਦੋ ਔਰਤਾਂ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ। 

PunjabKesari

ਪ੍ਰਸਾਸ਼ਨ ਨੇ ਪਿੰਡ ਕੀਤੇ ਸੀਲ

ਇਕ ਤਰ੍ਹਾਂ ਨਾਲ ਹਾਟ-ਸਪਾਟ ’ਚ ਤਬਦੀਲ ਹੋ ਚੁਕੇ ਸਮਰਾਲਾ ਇਲਾਕੇ ਦੇ ਉਨ੍ਹਾਂ ਪਿੰਡਾਂ ਨੂੰ ਸੀਲ ਕਰ ਦਿੱਤਾ ਗਿਆ ਹੈ, ਜਿੱਥੇ ਦੇ ਇਹ ਸ਼ਰਧਾਲੂ ਰਹਿਣ ਵਾਲੇ ਸਨ। ਇਨ੍ਹਾਂ ਪਿੰਡਾਂ 'ਚ ਪੁਲਸ ਅਤੇ ਡਾਕਟਰਾਂ ਦੀਆਂ ਟੀਮਾਂ ਬੀਤੇ ਦਿਨ ਤੋਂ ਹੀ ਸੰਪਰਕ 'ਚ ਆਏ ਵਿਅਕਤੀਆਂ ਦਾ ਪਤਾ ਲਗਾਉਣ ਲਈ ਘਰ-ਘਰ ਜਾ ਕੇ ਸਰਵੇ 'ਚ ਜੁੱਟੀਆਂ ਹੋਈਆਂ ਹਨ। ਇਨ੍ਹਾਂ ਸ਼ਰਧਾਲੂਆਂ ਦੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਘਰਾਂ 'ਚ ਹੀ ਅਗਲੇ 21 ਦਿਨ ਲਈ ਕੁਆਰੰਟਾਈਨ ਕੀਤਾ ਜਾ ਰਿਹਾ ਹੈ। ਲਗਾਤਾਰ ਇਨ੍ਹਾਂ ਪਿੰਡਾਂ ਨੂੰ ਸੈਨੇਟਾਈਜ਼ ਕਰਨ ਦਾ ਕੰਮ ਚੱਲ ਰਿਹਾ ਹੈ। ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਦੀ ਸਖ਼ਤੀ ਨਾਲ ਮਨਾਹੀ ਕੀਤੀ ਗਈ ਹੈ। 

PunjabKesari
ਪੁਲਸ ਨੇ ਪੂਰੇ ਇਲਾਕੇ 'ਚ ਵਧਾਈ ਸਖ਼ਤੀ

ਪੁਲਸ ਨੇ ਵੱਡੀ ਗਿਣਤੀ 'ਚ ਕੋਰੋਨਾ ਪੀੜਿਤਾਂ ਦੇ ਸਾਹਮਣੇ ਆਉਣ ਤੋਂ ਬਾਅਦ ਸ਼ਰਧਾਲੂਆਂ ਨਾਲ ਸਬੰਧਿਤ ਪਿੰਡਾਂ ਤੋਂ ਇਲਾਵਾ ਪੂਰੇ ਇਲਾਕੇ 'ਚ ਸਖ਼ਤੀ ਵਧਾ ਦਿੱਤੀ ਹੈ। ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਦੀ ਮਨਾਹੀ ਕਰ ਦਿੱਤੀ ਗਈ ਹੈ। ਫਿਲਹਾਲ ਕਰਫਿਊ 'ਚ ਸਵੇਰੇ ਚਾਰ ਘੰਟੇ ਦੀ ਛੋਟ ਵੀ ਨਹੀਂ ਦਿੱਤੀ ਜਾ ਰਹੀ। ਗੈਰ ਜ਼ਰੂਰੀ ਆਵਾਜਾਈ ’ਤੇ ਰੋਕ ਲਗਾ ਦਿੱਤੀ ਗਈ ਹੈ।

PunjabKesari
 
ਸ਼ਰਧਾਲੂਆਂ ਦੇ ਸੰਪਰਕ ’ਚ ਆਏ ਲੋਕ ਸਾਹਮਣੇ ਆਉਣ
ਸਮਰਾਲਾ ਦੇ ਡੀ. ਐੱਸ.ਪੀ. ਹਰਿੰਦਰ ਸਿੰਘ ਮਾਨ ਨੇ ਪਿੰਡ ਘੁਲਾਲ, ਢੰਡੇ, ਸੇਹ ਅਤੇ ਘੁੰਘਰਾਲੀ ਸਿੱਖਾਂ ਦੇ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰਸਾਸ਼ਨ ਦਾ ਸਹਿਯੋਗ ਕਰਦੇ ਹੋਏ ਪਾਜ਼ੇਟਿਵ ਪਾਏ ਗਏ ਸ਼ਰਧਾਲੂਆਂ ਦੇ ਸੰਪਰਕ 'ਚ ਆਉਣ ਵਾਲੇ ਵਿਅਕਤੀ ਖੁਦ ਅੱਗੇ ਆ ਕੇ ਇਸ ਦੀ ਜਾਣਕਾਰੀ ਦੇਣ। ਉਨ੍ਹਾਂ ਕਿਹਾ ਕਿ ਖਤਰੇ ’ਤੇ ਕਾਬੂ ਪਾਉਣ ਲਈ ਲੋਕਾਂ ਨੂੰ ਹੁਣ ਪਹਿਲਾ ਨਾਲੋਂ ਵੱਧ ਸੁਚੇਤ ਰਹਿਣਾ ਹੋਵੇਗਾ।
ਬਾਹਰਲੇ ਸੂਬਿਆਂ ਤੋਂ ਆਏ 162 ਵਿਅਕਤੀ ਕੀਤੇ ਇਕਾਂਤਵਾਸ 

ਸਥਾਨਕ ਪ੍ਰਸਾਸ਼ਨ ਨੇ ਸ੍ਰੀ ਹਜੂਰ ਸਾਹਿਬ ਤੋਂ ਆਏ 9 ਸ਼ਰਧਾਲੂਆਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਦੀ ਘਟਨਾ ਉਪਰੰਤ ਸਮਰਾਲਾ ਸਬ ਡਵੀਜ਼ਨ 'ਚ ਹਾਲ 'ਚ ਹੀ ਬਾਹਰਲੇ ਸੂਬਿਆਂ ਤੋਂ ਆਏ 162 ਵਿਅਕਤੀਆਂ ਨੂੰ ਅਗਲੇ 21 ਦਿਨ ਲਈ ਇਕਾਂਤਵਾਸ ਕੀਤਾ ਗਿਆ ਹੈ। ਐੱਸ. ਡੀ. ਐੱਮ. ਗੀਤਿਕਾ ਸਿੰਘ ਨੇ ਦੱਸਿਆ ਕਿ ਇਹ ਸਾਰੇ ਵਿਅਕਤੀ ਲਾਕ ਡਾਊਨ ਕਾਰਨ ਬਾਹਰਲੇ ਸੂਬਿਆਂ 'ਚ ਫਸ ਗਏ ਸਨ ਅਤੇ ਹੁਣ ਵਾਪਸ ਪਰਤਣ ’ਤੇ ਉਨ੍ਹਾਂ ਦਾ ਇਕਾਂਤਵਾਸ ਕਰਵਾ ਦਿੱਤਾ ਗਿਆ ਹੈ ਅਤੇ ਉਨ੍ਹਾਂ ’ਤੇ ਲਗਾਤਾਰ ਨਜ਼ਰ ਵੀ ਰੱਖੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਬਾਹਰਲੇ ਸੂਬੇ ਤੋਂ ਕਿਸੇ ਵਿਅਕਤੀ ਦੇ ਆਉਣ ਦਾ ਪਤਾ ਲੱਗਦਾ ਹੈ ਤਾਂ ਉਸ ਦੀ ਜਾਣਕਾਰੀ ਪ੍ਰਸਾਸ਼ਨ ਨੂੰ ਦਿੱਤੀ ਜਾਵੇ।
 


author

Babita

Content Editor

Related News