‘ਕੋਰੋਨਾ ਵਾਇਰਸ’ ਦੀ ਦਹਿਸ਼ਤ ਕਾਰਣ ਗੁਰਦੁਆਰਾ ਸ੍ਰੀ ਬੇਰ ਸਾਹਿਬ ’ਚ ਨਹੀਂ ਦਿਖੀ ਸੰਗਤ

Saturday, Apr 04, 2020 - 03:38 PM (IST)

ਸੁਲਤਾਨਪੁਰ ਲੋਧੀ (ਸੋਢੀ) : ‘ਕੋਰੋਨਾ ਵਾਇਰਸ’ ਦੀ ਦਹਿਸ਼ਤ ਕਾਰਣ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਵੀ ਹੁਣ ਸੰਗਤ ਦਿਖਾਈ ਨਹੀਂ ਦੇ ਰਹੀ। ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਪਦਮ ਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਦੇ ‘ਕੋਰੋਨਾ’ ਪੀੜਤ ਹੋਣ ਕਾਰਣ ਅਕਾਲ ਚਲਾਣਾ ਕਰ ਜਾਣ ਤੋਂ ਬਾਅਦ ਸਾਰੇ ਗੁਰਦੁਆਰਾ ਸਾਹਿਬਾਨ ’ਚ ਇਸ ਬੀਮਾਰੀ ਨੂੰ ਲੈ ਕੇ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।

PunjabKesari
‘ਜਗ ਬਾਣੀ’ ਦੀ ਟੀਮ ਵੱਲੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ, ਗੁਰਦੁਆਰਾ ਸ੍ਰੀ ਗੁਰੂ ਕਾ ਬਾਗ ਸਾਹਿਬ, ਗੁਰਦੁਆਰਾ ਸ੍ਰੀ ਹੱਟ ਸਾਹਿਬ ਵਿਖੇ ਦੇਖਿਆ ਗਿਆ ਕਿ ਕਦੇ-ਕਦਾਈਂ ਵਿਰਲਾ-ਵਿਰਲਾ ਸ਼ਰਧਾਲੂ ਗੁਰਦੁਆਰਾ ਸਾਹਿਬਾਨ ’ਚ ਮੱਥਾ ਟੇਕਣ ਆ ਰਿਹਾ ਸੀ ਪਰ ਗੁਰਦੁਆਰਾ ਸਾਹਿਬ ਦੇ ਕੰਪਲੈਕਸ ’ਚ ਸਾਰੇ ਪਾਸੇ ਸੰਨਾਟਾ ਛਾਇਆ ਹੋਇਆ ਸੀ।

PunjabKesari

ਗੁਰਦੁਆਰਾ ਸ੍ਰੀ ਬੇਰ ਸਾਹਿਬ ਦੀ ਮੁੱਖ ਡਿਓਢੀ ਸਾਹਿਬ, ਪਰਿਕਰਮਾ, ਨਵੀਂ ਦਰਸ਼ਨੀ ਡਿਓਢੀ ਅਤੇ ਲੰਗਰ ਹਾਲ ਆਦਿ ’ਚ ਸੰਗਤਾਂ ਬਹੁਤ ਹੀ ਘੱਟ ਦਿਖਾਈ ਦੇ ਰਹੀਆਂ ਹਨ।  ਮੈਨੇਜਰ ਭਾਈ ਜਰਨੈਲ ਸਿੰਘ ਬੂਲੇ ਤੇ ਹੈੱਡ ਗ੍ਰੰਥੀ ਭਾਈ ਸੁਰਜੀਤ ਸਿੰਘ ਸਭਰਾਅ ਨੇ ਦੱਸਿਆ ਸ਼੍ਰੋਮਣੀ ਕਮੇਟੀ ਅਧੀਨ ਸਾਰੇ ਗੁਰਦੁਆਰਾ ਸਾਹਿਬਾਨ ’ਚ ਰੋਜ਼ਾਨਾ ਅੰਮ੍ਰਿਤ ਵੇਲੇ ਦੀ ਮਰਿਆਦਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਉਪਰੰਤ ਨਿਤਨੇਮ ਦੀਆਂ ਬਾਣੀਆਂ ਦਾ ਪਾਠ, ਗੁਰਬਾਣੀ ਦੀ ਕਥਾ ਤੇ ਕੀਰਤਨ ਦੇ ਪ੍ਰਵਾਹ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਸਵੇਰ ਸਮੇਂ ਗੁਰਦੁਆਰਾ ਸਾਹਿਬ ’ਚ ਸ਼ਹਿਰ ਤੇ ਇਲਾਕੇ ਦੀਆਂ ਕੁਝ ਸੰਗਤਾਂ ਦਰਸ਼ਨਾਂ ਲਈ ਆ ਰਹੀਆਂ ਹਨ ਤੇ ਕੁਝ ਸੇਵਾਦਾਰ ਵੀ ਸੇਵਾ ਕਰ ਕੇ ਚਲੇ ਜਾਂਦੇ ਹਨ ।

PunjabKesari
 


Babita

Content Editor

Related News