ਘਰ 'ਚ ਆਟਾ ਮੁੱਕਿਆ, ਝੁੱਗੀਆਂ ਵਾਲੀਆਂ ਪੁੱਜੀਆਂ ਨਗਰ ਪੰਚਾਇਤ ਪ੍ਰਧਾਨ ਦੇ ਘਰ

03/25/2020 5:05:58 PM

ਭੁਲੱਥ (ਰਜਿੰਦਰ ਕੁਮਾਰ) : ਕੋਰੋਨਾਵਾਇਰਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਗਲੇ 21 ਦਿਨਾਂ ਲਈ ਪੂਰੇ ਦੇਸ਼ 'ਚ ਕਰਫਿਊ ਲਗਾ ਦਿੱਤਾ ਹੈ। ਇਸੇ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਸਾਰੇ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਸਾਰੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ ਹਨ ਕਿ ਜਿਹੜੇ ਲੋਕਾਂ ਦੇ ਵਸੀਲੇ ਬੰਦ ਹੋ ਚੁੱਕੇ ਹਨ, ਉਨ੍ਹਾਂ ਨੂੰ ਰਾਸ਼ਨ ਜਾਂ ਰੋਟੀ ਮੁਹੱਈਆ ਕਰਵਾਈ ਜਾਵੇ। ਇਸ ਦੇ ਉਲਟ ਭੁਲੱਥ 'ਚ ਹਾਲੇ ਤਕ ਕੋਈ ਵੀ ਸਹੂਲਤ ਨਹੀਂ ਪਹੁੰਚੀ। ਇਸ ਦੀ ਤਾਜ਼ਾ ਮਿਸਾਲ ਉਸ ਵੇਲੇ ਮਿਲੀ ਜਦੋਂ ਕਰਫਿਊ ਦੇ ਤੀਜੇ ਦਿਨ ਦੀ ਸ਼ੁਰੂਆਤ ਦੌਰਾਨ ਘਰ ਵਿਚ ਆਟਾ ਅਤੇ ਰਾਸ਼ਨ ਖਤਮ ਹੋਣ ਕਾਰਨ ਝੁੱਗੀਆਂ 'ਚ ਰਹਿਣ ਵਾਲੀਆਂ ਔਰਤਾਂ ਨਗਰ ਪੰਚਾਇਤ ਭੁਲੱਥ ਦੇ ਪ੍ਰਧਾਨ ਵੇਦ ਪ੍ਰਕਾਸ਼ ਖੁਰਾਣਾ ਦੇ ਘਰ ਪੁੱਜੀਆਂ। ਜਿਨ੍ਹਾਂ ਨੇ ਪ੍ਰਧਾਨ ਵੇਦ ਪ੍ਰਕਾਸ਼ ਖੁਰਾਣਾ ਨੂੰ ਦੱਸਿਆ ਕਿ ਸਾਡੇ ਘਰਾਂ ਵਿਚ ਰਾਸ਼ਨ ਖਤਮ ਹੋ ਚੁੱਕਾ ਹੈ। ਕਰਫਿਊ ਕਰਕੇ ਸਾਨੂੰ ਕੰਮਾਂ 'ਤੇ ਵੀ ਨਹੀਂ ਜਾਣ ਦਿੱਤਾ ਗਿਆ। ਸਾਡੇ ਕੋਲ ਹੁਣ ਰਾਸ਼ਨ ਲਈ ਪੈਸੇ ਵੀ ਨਹੀਂ ਹਨ। ਸਾਡੀ ਰੋਟੀ ਦਾ ਪ੍ਰਬੰਧ ਕੀਤਾ ਜਾਵੇ। ਦੱਸਣਯੋਗ ਹੈ ਕਿ ਇਹ ਪਰਿਵਾਰ ਭੁਲੱਥ 'ਚ ਬਸ ਸਟੈਂਡ ਦੇ ਪਿਛੇ ਬਣੀਆਂ ਝੁੱਗੀਆਂ 'ਚ ਰਹਿੰਦੇ ਹਨ।

ਇਹ ਵੀ ਪੜ੍ਹੋ ► ਕੋਰੋਨਾ ਦਾ ਕਹਿਰ : ਗੜ੍ਹਸ਼ੰਕਰ 'ਚ ਇਕ ਹੋਰ ਮਰੀਜ਼ ਪਾਜ਼ੇਟਿਵ

PunjabKesari

ਇਸ ਦੌਰਾਨ ਪ੍ਰਵਾਸੀ ਔਰਤਾਂ ਨੇ ਦਸਿਆ ਕਿ ਪ੍ਰਸ਼ਾਸਨ ਵਲੋਂ ਸਾਨੂੰ ਕੋਈ ਵੀ ਸੇਵਾ ਮੁਹੱਈਆ ਨਹੀਂ ਕਰਵਾਈ ਗਈ। ਇਸ ਸੰਬੰਧੀ ਪ੍ਰਧਾਨ ਵੇਦ ਪ੍ਰਕਾਸ਼ ਖੁਰਾਣਾ ਨੇ ਦੱਸਿਆ ਕਿ ਇਸ ਸੰਬੰਧੀ ਐੱਸ. ਐੱਸ. ਡੀ. ਐੱਮ. ਭੁਲੱਥ ਨਾਲ ਗੱਲਬਾਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਦੀ ਮਦਦ ਕੀਤੀ ਜਾਵੇਗੀ, ਇਹ ਲੋਕ ਇੱਥੇ ਲੰਮੇ ਸਮੇਂ ਤੋਂ ਰਹਿ ਰਹੇ ਹਨ।

PunjabKesari

ਦੱਸਣਯੋਗ ਹੈ ਐੱਸ. ਡੀ. ਐੱਮ. ਭੁਲੱਥ ਰਣਦੀਪ ਸਿੰਘ ਹੀਰ ਨੇ ਦੱਸਿਆ ਕਿ ਉਨ੍ਹਾਂ ਨੇ ਸੂਚੀ ਜਾਰੀ ਕਰ ਦਿੱਤੀ ਹੈ, ਇਸ ਦੌਰਾਨ ਲੋਕ ਦੁਕਾਨਦਾਰਾਂ ਨੂੰ ਮੋਬਾਈਲ 'ਤੇ ਸਾਮਾਨ ਦੀ ਲਿਸਟ ਲਿਖਵਾਉਣਗੇ ਅਤੇ ਦੁਕਾਨਦਾਰ ਦੁਪਹਿਰ 2 ਤੋਂ ਸ਼ਾਮ 6 ਵਜੇ ਤੱਕ ਘਰਾਂ 'ਚ ਸਾਮਾਨ ਪਹੁੰਚਾਉਣਗੇ। ਜਿਹੜੇ ਦੁਕਾਨਦਾਰ ਰਹਿ ਗਏ ਹਨ, ਉਹ ਆਪਣੇ ਨਾਂ ਪ੍ਰਸ਼ਾਸਨ ਨੂੰ ਦੱਸਣ ਤਾਂ ਜੋ ਲਿਸਟ ਵਿਚ ਵਾਧਾ ਕੀਤਾ ਜਾ ਸਕੇ। ਇਸ ਦੌਰਾਨ ਏ. ਐੱਸ. ਪੀ. ਭੁਲੱਥ ਡਾ. ਸਿਮਰਤ ਕੌਰ ਨੇ ਗੱਲਬਾਤ ਕਰਦਿਆਂ ਦਸਿਆ ਕਿ ਪਿੰਡਾਂ ਵਿਚਲੇ ਦੁਕਾਨਦਾਰ ਵੀ ਲੋਕਾਂ ਨੂੰ ਦੁਪਹਿਰ 2 ਤੋਂ ਸ਼ਾਮ 6 ਵਜੇ ਤੱਕ ਸਾਮਾਨ ਹੋਮ ਡਲਿਵਰੀ ਤਹਿਤ ਪਹੁੰਚਾਉਣਗੇ।

ਇਹ ਵੀ ਪੜ੍ਹੋ ► ਵੱਡੀ ਖਬਰ: ਜਲੰਧਰ 'ਚ 'ਲਾਕ ਡਾਊਨ' ਦੇ ਬਾਵਜੂਦ ਮੈਡੀਕਲ ਸਟੋਰ ਖੋਲ੍ਹਣ 'ਤੇ ਮਾਲਕ ਲਿਆ ਹਿਰਾਸਤ     


Anuradha

Content Editor

Related News