ਮੋਹਾਲੀ ''ਚ ਕੋਰੋਨਾ ਦਾ ਕਹਿਰ ਜਾਰੀ, 2 ਨਵੇਂ ਕੇਸਾਂ ਦੀ ਪੁਸ਼ਟੀ
Saturday, May 02, 2020 - 09:29 AM (IST)
ਮੋਹਾਲੀ (ਰਣਬੀਰ, ਪਰਦੀਪ) : ਪੂਰੀ ਦੁਨੀਆ 'ਚ ਭੜਥੂ ਪਾਉਣ ਵਾਲੇ ਕੋਰੋਨਾ ਵਾਇਰਸ ਨੇ ਮੋਹਾਲੀ 'ਚ ਵੀ ਤੜਥੱਲੀ ਮਚਾਈ ਹੋਈ ਹੈ। ਇੱਥੇ ਕੋਰੋਨਾ ਕੇਸਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੇ 2 ਨਵੇਂ ਕੇਸ ਸਾਹਮਣੇ ਆਏ ਹਨ, ਜਿਨ੍ਹਾਂ 'ਚੋਂ ਫੇਜ਼-10 ਦੇ ਰਹਿਣ ਵਾਲੇ 67 ਸਾਲਾ ਬਜ਼ੁਰਗ ਅਤੇ ਖਰੜ ਦੇ ਨੇੜਲੇ ਪਿੰਡ ਦੇਸੂਮਾਜਰਾ 'ਚ 27 ਸਾਲਾਂ ਦੀ ਔਰਤ ਦੀ ਕੋਰੋਨਾ ਸਬੰਧੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ।
ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਖਰੜ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਕਤ ਮਹਿਲਾ ਬੀਤੇ ਪਿਛਲੇ ਕਈ ਦਿਨਾਂ ਤੋਂ ਬੁਖ਼ਾਰ, ਖਾਂਸੀ ਅਤੇ ਸਾਹ ਦੀ ਤਕਲੀਫ ਦੇ ਚੱਲਦਿਆਂ ਇਸ ਦੀ ਜਾਂਚ ਕਰਵਾਉਣ ਲਈ ਸਿਵਲ ਹਸਪਤਾਲ ਆਈ ਸੀ, ਜਿਥੋਂ ਉਸ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਸਨ, ਜਿਸ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਉਕਤ ਔਰਤ ਨੂੰ ਸ਼ੁੱਕਰਵਾਰ ਨੂੰ ਹੀ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਅੰਦਰ ਸ਼ਿਫਟ ਕਰ ਦਿੱਤਾ ਗਿਆ ਸੀ, ਜਿੱਥੇ ਉਹ ਲਗਾਤਾਰ ਡਾਕਟਰਾਂ ਦੀ ਨਿਗਰਾਨੀ 'ਚ ਸੀ। ਉਨ੍ਹਾਂ ਦੱਸਿਆ ਕਿ ਰਿਪੋਰਟ ਆਉਣ ਮਗਰੋਂ ਉਸ ਨੂੰ ਗਿਆਨ ਸਾਗਰ ਹਸਪਤਾਲ ਬਨੂੜ ਵਿਖੇ ਸ਼ਿਫਟ ਕੀਤਾ ਜਾ ਰਿਹਾ ਹੈ। ਅਧਿਕਾਰੀ ਨੇ ਦੱਸਿਆ ਕਿ ਔਰਤ ਦੇ ਬਾਕੀ ਪਰਿਵਾਰਕ ਮੈਂਬਰਾਂ ਦੇ ਸੈਂਪਲ ਲੈ ਕੇ ਉਨ੍ਹਾਂ ਨੂੰ ਕੁਆਰੰਟਾਈਨ
ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਉਕਤ ਔਰਤ ਪਿਛਲੇ ਪੰਜ-ਛੇ ਸਾਲ ਤੋਂ ਇਸ ਥਾਂ ਆਪਣੇ ਪਰਿਵਾਰ ਸਮੇਤ ਰਹਿ ਰਹੀ ਹੈ, ਜਿਸ ਦਾ ਕੋਈ ਵਿਦੇਸ਼ੀ ਪਿਛੋਕੜ ਆਦਿ ਨਹੀਂ ਹੈ। ਮਹਿਕਮੇ ਵੱਲੋਂ ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਕਿਸ ਤਰ੍ਹਾਂ ਇਸ ਵਾਇਰਸ ਦੀ ਚਪੇਟ 'ਚ ਆਈ ਹੈ। ਔਰਤ ਦੇ ਪਾਜ਼ੇਟਿਵ ਪਾਏ ਜਾਣ ਦੀ ਸੂਚਨਾ ਮਿਲਦਿਆਂ ਹੀ ਪੁਲਸ ਵੱਲੋਂ ਦੇਸੂ ਮਾਜਰਾ ਪਿੰਡ ਅੰਦਰ ਮੌਜੂਦਾ ਉਕਤ ਸਾਰੇ ਹੀ ਇਲਾਕਿਆਂ ਨੂੰ ਸੀਲ ਕਰਕੇ ਜਨਤਾ ਦਾ ਲਾਂਘਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਇਨ੍ਹਾਂ ਨਵੇਂ ਕੇਸਾਂ ਤੋਂ ਬਾਅਦ ਜ਼ਿਲਾ ਮੋਹਾਲੀ 'ਚ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 94 ਤੱਕ ਪੁੱਜ ਗਈ ਹੈ। ਇਸ ਤੋਂ ਬਾਅਦ ਸਿਹਤ ਵਿਭਾਗ ਦੇ ਹੱਥ-ਪੈਰ ਫੁੱਲ ਗਏ ਹਨ ਅਤੇ ਪ੍ਰਸ਼ਾਸਨ ਵੀ ਚਿੰਤਾ 'ਚ ਦਿਖਾਈ ਦੇ ਰਿਹਾ ਹੈ।