‘ਜੇ ਭਾਰਤ ਨੂੰ ਬਚਾਉਣਾ ਹੈ ਤਾਂ ਕੋਰੋਨਾ ਟੈਸਟ ਹੋਵੇ ਮੁਫ਼ਤ’

Wednesday, Apr 29, 2020 - 11:02 AM (IST)

‘ਜੇ ਭਾਰਤ ਨੂੰ ਬਚਾਉਣਾ ਹੈ ਤਾਂ ਕੋਰੋਨਾ ਟੈਸਟ ਹੋਵੇ ਮੁਫ਼ਤ’

ਮਨਦੀਪਜੋਤ ਸਿੰਘ, ਮਾਨਸਾ

8847027796

ਸਮੁੱਚੀ ਦੁਨੀਆਂ ਨੂੰ ਅੱਜ ਕੋਰੋਨਾ ਵਾਇਰਸ ਨਾਮਕ ਭੈੜੀ ਮਹਾਮਾਰੀ ਨੇ ਜਕੜਿਆ ਹੋਇਆ ਹੈ, ਜਿਸ ਦੇ ਸੰਦਰਭ ਵਿਚ ਪ੍ਰਤੀ ਦਿਨ ਮੌਤਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਮਹਾਮਾਰੀ ਦੀ ਲਪੇਟ ’ਚ ਆਉਣ ਵਾਲੇ ਮਰੀਜ਼ਾਂ ਦੀ ਸੰਖਿਆ ਦਿਨੋਂ-ਦਿਨ ਅੱਗੇ ਵੱਧਦੀ ਜਾ ਰਹੀ ਹੈ, ਜਿਸ ਦਾ ਅਜੇ ਤੱਕ ਕੋਈ ਤੋੜ ਨਹੀਂ ਬਣ ਸਕਿਆ। ਕੋਰੋਨਾ ਵਾਇਰਸ ਦੇ ਫੈਲਾਅ ਦਾ ਘੇਰਾ ਇਨਾ ਜ਼ਿਆਦਾ ਵਿਸ਼ਾਲ ਹੈ ਕਿ ਸਾਰੀ ਦੁਨੀਆਂ ਇਸਦੀ ਚਪੇਟ ’ਚ ਆ ਚੁੱਕੀ ਹੈ। ਅਜਿਹੇ ਵਿਚ ਇਸ ਦਾ ਇਕ ਵਿਸ਼ੇਸ਼ ਪੱਖ, ਜੋ ਕਿ ਸਭ ਗੱਲਾਂ ਦਾ ਮੂਲ ਆਧਾਰ ਹੈ, ਉਹ ਹੈ ਇਸ ਦਾ ‘ਟੈਸਟ’। ਕੋਰੋਨਾ ਦਾ ਟੈਸਟ ਕਰਵਾਉ੍ਣ ’ਤੇ ਇਹ ਗੱਲ ਸਾਫ ਅਤੇ ਸਪੱਸ਼ਟ ਹੋ ਜਾਂਦੀ ਹੈ ਕਿ ਮਰੀਜ਼ ਕੋਰੋਨਾ ਪਾਜ਼ੇਟਿਵ ਹੈ ਜਾਂ ਨਹੀਂ।

ਪਰ ਇੱਥੇ ਇਕ ਗੱਲ ਵਰਨਣਯੋਗ ਹੈ ਕਿ ਕੋਰੋਨਾ ਮਹਾਮਾਰੀ ਦੇ ਟੈਸਟ ਦੀ ਕੁੱਲ ਕੀਮਤ 45੦੦ ਰੁਪਏ ਹੈ, ਜਿਸ ਵਿਚ 1500 ਰੁਪਏ ਸਕਰੀਨਿੰਗ ਅਤੇ 3000 ਇਸਦੇ ਸਪੱਸ਼ਟੀਕਰਨ ਦੇ ਹਨ। ਇਸ ਟੈਸਟ ਦੀ ਕੀਮਤ ਇਕ ਗ਼ਰੀਬ ਬੰਦੇ ਜਾਂ ਇਕ ਆਮ ਇਨਸਾਨ ਲਈ ਬਹੁਤ ਜ਼ਿਆਦਾ ਹੈ। ਬਹੁਤ ਸਾਰੇ ਲੋਕ ਸਿਰਫ ਇਸ ਵਜ੍ਹਾ ਕਰਕੇ ਹੀ ਟੈਸਟ ਕਰਾਉਣ ਤੋਂ ਝਿਜਕ ਰਹੇ ਹਨ, ਕਿਉਂਕਿ ਉਹ ਇੰਨੀ ਰਕਮ ਦਾ ਭੁਗਤਾਨ ਨਹੀਂ ਕਰ ਸਕਦੇ। ਜਦੋਂ ਸਾਨੂੰ ਪਤਾ ਹੈ ਕਿ ਇਹ ਭੈੜੀ ਬੀਮਾਰੀ ਕਿਸੇ ਦੇ ਛੂਹਣ ਨਾਲ ਜਾਂ ਕਿਸੇ ਮਰੀਜ਼ ਦੇ ਕੋਈ ਵਸਤੂ ਨੂੰ ਛੋਹ ਕੇ ਸਾਡੇ ਹੱਥ ਲੱਗਣ ਨਾਲ ਵੀ ਹੋ ਸਕਦੀ ਹੈ ਤਾਂ ਇਸ ਲਈ ਸਰਕਾਰ ਇੰਨੀ ਅਣਗਹਿਲੀ ਕਿਉਂ ਕਰ ਰਹੀ ਹੈ। ਅਸੀਂ ਦੇਖ ਰਹੇ ਹਾਂ ਕਿ ਕਿਵੇਂ ਦੁਨੀਆਂ ਦੇ ਪ੍ਰਗਤੀਸ਼ੀਲ ਦੇਸ਼ ਜਿਨ੍ਹਾਂ ਦਾ ਸਿਹਤ ਵਿਭਾਗ ਸਿਖਰਾਂ ’ਤੇ ਹੈ, ਕਿਵੇਂ ਇਸ ਮਹਾਮਾਰੀ ਦੀ ਮਾਰ ਹੇਠ ਆ ਚੁੱਕੇ ਹਨ।

ਅਜਿਹੇ ਹਾਲਾਤਾਂ ਨੂੰ ਦੇਖਦੇ ਹੋਏ ਸਾਨੂੰ ਇਸ ਮਹਾਮਾਰੀ ਦੇ ਟੈਸਟ ਦੀ ਕੋਈ ਕੀਮਤ ਰੱਖਣੀ ਹੀ ਨਹੀਂ ਚਾਹੀਦੀ, ਸਗੋਂ ਇਸ ਨੂੰ ਮੁਫ਼ਤ ਕਰ ਦੇਣਾ ਚਾਹੀਦਾ ਹੈ। ਸੋਚਣ ਵਾਲੀ ਗੱਲ ਹੈ ਕਿ ਇਕ ਪਾਸੇ ਤਾਂ ਅਸੀਂ ਰਾਸ਼ਨ ਵੰਡ ਰਹੇ ਹਾਂ ਕਿ ਲੋਕਾਂ ਦੇ ਘਰ ਰੋਟੀ ਨਹੀਂ ਪੱਕ ਰਹੀ ਅਤੇ ਦੂਜੇ ਪਾਸੇ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਉਨ੍ਹਾਂ ’ਚ ਜੇ ਲੱਛਣ ਆਏ ਤਾਂ ਉਹ 4500 ਦਾ ਟੈਸਟ ਕਰਵਾਉਣਗੇ। ਇਹ ਇਕ ਆਪਣੇ ਆਪ ਵਿਚ ਬੇਹੁਦਗੀ ਵਾਲੀ ਗੱਲ ਹੈ, ਜੋ ਨਾਮੁਮਕਿਨ ਹੈ। ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਾਰਤ ਦੀ 22 ਫੀਸਦੀ ਅਬਾਦੀ ਉਹ ਹੈ, ਜਿਹੜੀ ਗਰੀਬੀ ਰੇਖਾ ਤੋਂ ਵੀ ਹੇਠਾਂ ਹੈ। ਭਾਵ ਜਿਨ੍ਹਾਂ ਨੂੰ ਤਿੰਨ ਟਾਈਮ   ਦੀ ਰੋਟੀ ਵੀ ਨਸੀਬ ਨਹੀਂ ਹੁੰਦੀ, ਜਦਕਿ ਲਾਕਡਾਊਨ ਦੀ ਮਾਰ ਸਾਰੇ ਆਮ ਲੋਕਾਂ ਅਤੇ ਛੋਟੇ ਦੁਕਾਨਦਾਰਾਂ ’ਤੇ ਪਹਿਲਾਂ ਹੀ ਪੈ ਰਹੀ ਹੈ | 

ਤੱਥਾਂ ਅਨੁਸਾਰ ਭਾਰਤ ਇਸ ਮਹਾਮਾਰੀ ਦੀ ਤੀਜੀ ਸਟੇਜ ਭਾਵ ਕਮਿਊਨਿਟੀ ਸਪਰੈੱਡ ਦੀ ਗੱਲ ਕਰ ਰਿਹਾ ਹੈ। ਅਜਿਹੇ ਵਿਚ ਇਸ ਟੈਸਟ ਦਾ ਇੰਨਾ ਮਹਿੰਗਾ ਹੋਣਾ ਸਮੁੱਚੇ ਦੇਸ਼ ਦੀ ਸੁਰੱਖਿਆ ਨੂੰ ਕਾਫੀ ਪ੍ਰਭਾਵਿਤ ਕਰੇਗਾ। ਸੋ ਮੇਰੀ ਸਰਕਾਰ ਨੂੰ ਇਹੋ ਗੁਜ਼ਾਰਿਸ਼ ਹੈ ਕਿ ਕ੍ਰਿਪਾ ਕਰਕੇ ਉਪਰੋਕਤ ਗੱਲਾਂ ਨੂੰ  ਧਿਆਨ ਵਿਚ ਰੱਖਦਿਆਂ ਹੋਇਆ ਕੋਰੋਨਾ ਦੇ ਟੈਸਟ ਨੂੰ ਮੁਫ਼ਤ ਕੀਤਾ ਜਾਏ ਜਾਂ ਫਿਰ ਇਸ ਦੀ ਕੀਮਤ ਘੱਟ ਕਰ ਦਿੱਤੀ ਜਾਏ। ਜਿਸ ’ਤੇ ਇਕ ਆਮ ਇਨਸਾਨ ਖਰਚ ਕਰ ਸਕੇ ਅਤੇ ਅਜਿਹਾ ਕਰਨ ਨਾਲ ਆਪ ਹੀ ਨਹੀਂ ਸਗੋਂ ਹੋਰ ਕਈ ਲੋਕਾਂ ਨੂੰ ਵੀ ਉਹ ਇਸ ਤੋਂ ਬਚਾ ਸਕੇਗਾ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਸਾਨੂੰ ਭਵਿੱਖ ਵਿਚ ਇਸ ਦੇ ਭੈੜੇ ਸਿੱਟਿਆਂ ਲਈ ਤਿਆਰ ਰਹਿਣਾ ਪਏਗਾ। 

 


author

rajwinder kaur

Content Editor

Related News