ਕੋਰੋਨਾ ਵਾਇਰਸ ਨੇ ਪੰਜਾਬ ਦਾ ਨਿਗਲਿਆ 900 ਕਰੋੜ ਦਾ ਰੈਵੇਨਿਊ

Saturday, Mar 21, 2020 - 12:00 AM (IST)

ਕੋਰੋਨਾ ਵਾਇਰਸ ਨੇ ਪੰਜਾਬ ਦਾ ਨਿਗਲਿਆ 900 ਕਰੋੜ ਦਾ ਰੈਵੇਨਿਊ

ਲੁਧਿਆਣਾ,(ਧੀਮਾਨ)- ਕਰੋਨਾ ਵਾਇਰਸ ਨੇ ਪੰਜਾਬ ਸਰਕਾਰ ਨੂੰ ਇਕ ਮਹੀਨੇ ਵਿਚ ਹੀ 900 ਕਰੋੜ ਰੁਪਏ ਦੇ ਘਾਟੇ ਵਿਚ ਲਿਆ ਦਿੱਤਾ ਹੈ। ਰਾਜ ਸਰਕਾਰ ਨੂੰ ਜੀ. ਐੱਸ. ਟੀ. ਵਜੋਂ ਪੰਜਾਬ ਦੇ 26000 ਹੋਟਲ ਅਤੇ ਰੈਸਟੋਰੈਂਟ ਤੋਂ ਮੋਟੇ ਤੌਰ 'ਤੇ 900 ਕਰੋੜ ਰੁਪਏ ਦੇ ਨੇੜੇ ਦੇ ਰੈਵੀਨਿਊ ਮਿਲਦਾ ਹੈ, ਜੋ ਇਸ ਵਾਰ ਸਰਕਾਰੀ ਖਜ਼ਾਨੇ ਵਿਚ ਪੁੱਜਦਾ ਨਹੀਂ ਦਿਖਾਈ ਦੇ ਰਿਹਾ। ਵੈਸੇ ਵੀ ਰਾਜ ਸਰਕਾਰ ਨੇ ਰੈਸਟੋਰੈਂਟਾਂ ਨੂੰ ਪੂਰੀ ਤਰ੍ਹਾਂ ਨਾਲ ਅੱਜ ਤੋਂ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ, ਜਿਸ ਨਾਲ ਹੋਟਲ ਅਤੇ ਰੈਸਟੋਰੈਂਟ ਇੰਡਸਟਰੀ ਵਿਚ ਘਬਰਾਹਟ ਪੈਦਾ ਹੋ ਗਈ, ਜਿਸ ਕਾਰਨ ਹੋਟਲ ਅਤੇ ਰੈਸਟੋਰੈਂਟ ਮਾਲਕਾਂ ਨੇ ਸਰਕਾਰ ਤੋਂ ਮਦਦ ਦੇ ਲਈ ਅਪੀਲ ਕਰਨੀ ਸ਼ੁਰੂ ਕਰ ਦਿੱਤੀ ਹੈ। ਹੋਟਲ ਐਂਡ ਰੈਸਟੋਰੈਂਟ ਪੰਜਾਬ ਦੇ ਪ੍ਰਧਾਨ ਅਮਰਵੀਰ ਸਿੰਘ ਦਾ ਕਹਿਣਾ ਹੈ ਕਿ ਕਰੋਨਾ ਵਾਇਰਸ ਦੇ ਹਾਲਾਤ ਸੁਧਰਦੇ ਹਨ ਤਾਂ ਰੈਸਟੋਰੈਂਟ ਨੂੰ ਖੋਲ੍ਹਣ ਦੇ ਆਰਡਰ ਦਿੱਤੇ ਜਾਣ ਅਤੇ ਬਾਰ ਦੀ ਛੇ ਮਹੀਨੇ ਦੀ ਲਾਇਸੈਂਸ ਫੀਸ ਮੁਆਫ ਕਰ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਇਸ ਇੰਡਸਟਰੀ ਨਾਲ ਪੰਜਾਬ ਸਰਕਾਰ ਨੂੰ ਹਰ ਮਹੀਨੇ 900 ਕਰੋੜ ਰੁਪਏ ਦਾ ਰੈਵੇਨਿਊ ਮਿਲਦਾ ਹੈ ਅਤੇ ਇਹ ਤੀਜੀ ਸਭ ਤੋਂ ਵੱਡੀ ਇੰਡਸਟਰੀ ਹੈ, ਜਿਸ ਨੇ ਸਭ ਤੋਂ ਜ਼ਿਆਦਾ ਰੋਜ਼ਗਾਰ ਮੁਹੱਈਆ ਕਰਵਾਇਆ ਹੈ। ਹੁਣ ਕਰੋਨਾ ਵਾਇਰਸ ਦੇ ਕਾਰਨ ਕਾਰੋਬਾਰ ਬੰਦ ਹੋਣ ਨਾਲ ਸਰਕਾਰ ਦਾ ਰੈਵੇਨਿਊ ਤਾਂ ਡਿੱਗੇਗਾ ਹੀ ਨਾਲ ਹੀ ਹੋਟਲ ਅਤੇ ਰੈਸਟੋਰੈਂਟ ਮਾਲਕਾਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਉਹ ਆਪਣੇ ਸਟਾਫ ਨੂੰ ਬਿਨਾਂ ਕੰਮ ਦੇ ਕਿਵੇਂ ਤਨਖਾਹ ਦੇਣ। ਵਿਕਰੀ ਜ਼ੀਰੋ ਫੀਸਦੀ ਹੋਣ ਨਾਲ ਮਾਲਕਾਂ ਦੇ ਚਿਹਰੇ 'ਤੇ ਚਿੰਤਾ ਦੀਆਂ ਲਕੀਰਾਂ ਦੇਖੀਆਂ ਜਾ ਸਕਦੀਆਂ ਹਨ।

ਲੁਧਿਆਣਾ ਦੇ 700 ਰੈਸਟੋਰੈਂਟ ਬੰਦ ਹੋਣ ਨਾਲ 150 ਕਰੋੜ ਰੁਪਏ ਦਾ ਨੁਕਸਾਨ
ਹੋਟਲ ਅਤੇ ਰੈਸਟੋਰੈਂਟ ਪੰਜਾਬ ਦੇ ਪ੍ਰਧਾਨ ਅਮਰਵੀਰ ਸਿੰਘ ਦੇ ਮੁਤਾਬਕ ਇਕੱਲੇ ਲੁਧਿਆਣਾ ਵਿਚ ਛੋਟੇ ਵੱਡੇ 700 ਰੈਸਟੋਰੈਂਟ ਹਨ, ਜਿਨ੍ਹਾਂ ਦੀ ਹਰ ਮਹੀਨੇ 150 ਤੋਂ 200 ਕਰੋੜ ਰੁਪਏ ਦੀ ਵਿਕਰੀ ਹੁੰਦੀ ਹੈ। ਹੁਣ ਮਾਰਚ ਮਹੀਨੇ ਵਿਚ ਹੀ ਕਰੋਨਾ ਵਾਇਰਸ ਦੇ ਕਾਰਨ 150 ਕਰੋੜ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਹੋਣ ਦਾ ਅੰਕੜਾ ਸਾਹਮਣੇ ਆਉਣ ਦਾ ਅੰਦਾਜ਼ਾ ਹੈ। ਰੈਸਟੋਰੈਂਟ ਪਿਛਲੇ 15 ਦਿਨ ਤੋਂ ਪੂਰੀ ਤਰ੍ਹਾਂ ਖਾਲੀ ਪਏ ਹਨ।


author

Deepak Kumar

Content Editor

Related News