ਸਰਕਾਰ ਦੀ ਕਣਕ ਖਰੀਦ ਦੀ ਵਿਉਂਤਬੰਦੀ ਫੇਲ : ਢੀਂਡਸਾ

Saturday, Apr 18, 2020 - 06:18 PM (IST)

ਸਰਕਾਰ ਦੀ ਕਣਕ ਖਰੀਦ ਦੀ ਵਿਉਂਤਬੰਦੀ ਫੇਲ : ਢੀਂਡਸਾ

ਸੰਗਰੂਰ (ਬੇਦੀ) : ਪੰਜਾਬ ਦੇ ਸਾਬਕਾ ਵਿੱਤ ਮੰਤਰੀ ਤੇ ਲਹਿਰਾ ਹਲਕੇ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਕਣਕ ਦੀ ਖਰੀਦ ਸਬੰਧੀ ਬਣਾਈ ਸਰਕਾਰ ਦੀ ਵਿਉਤਬੰਦੀ ਬਿਲਕੁਲ ਫੇਲ ਹੋਣ ਕਾਰਨ ਕਿਸਾਨਾਂ ਨੂੰ ਮੰਡੀਆਂ ਅੰਦਰ ਖੱਜਲ ਖੁਆਰ ਹੋਣਾ ਪੈ ਰਿਹਾ ਹੈ । ਕਿਸਾਨਾਂ ਨੂੰ ਕਣਕ ਵੇਚਣ ਲਈ ਅਜਿਹੀ ਤਰਸਯੋਗ ਸਥਿਤੀ ਦਾ ਪਹਿਲਾਂ ਕਦੇ ਸਾਹਮਣਾ ਨਹੀਂ ਕਰਨਾ ਪਿਆ।ਇਹ ਅਨਦਾਤੇ ਦੀ ਹੱਡਭੰਨਵੀਂ ਕਮਾਈ ਤੇ ਮਸ਼ੁੱਕਤ ਨਾਲ ਨਿਰਾ ਧੱਕਾ ਹੈ। ਉਨ੍ਹਾਂ ਕਿਹਾ ਕਿ ਇਹ ਦੋ ਹਫਤੇ ਪੰਜਾਬ ਦੇ ਲੋਕਾਂ ਦੀ ਆਰਥਿਕਤਾ ਲਈ ਬੇਹੱਦ ਜ਼ਰੂਰੀ ਹਨ ਕਿਉਂਕਿ ਪੰਜਾਬ ਦੇ ਲੋਕ ਸਿੱਧੇ ਜਾ ਅਸਿੱਧੇ ਤੌਰ 'ਤੇ ਖੇਤੀਬਾੜੀ ਨਾਲ ਜੁੜੇ ਹੋਏ ਹਨ।ਇਸ ਕਰਕੇ ਇਹ ਦਿਨ ਪੰਜਾਬ ਦੀ ਆਰਥਿਕ ਮਜ਼ਬੂਤੀ ਤੈਅ ਕਰਨ ਲਈ ਵੀ ਅਹਿਮ ਹਨ। ਸਿੱਤਮ ਦੀ ਗੱਲ ਹੈ ਕਿ ਮੇਰੇ ਤੇ ਹੋਰਾ ਵਲੋਂ ਇਸ ਸਬੰਧੀ ਭੇਜੇ ਸੁਝਾਅ ਤੇ ਦਿੱਕਤਾਂ ਨੂੰ ਸੰਜੀਦਗੀ ਨਾਲ ਨਹੀਂ ਲਿਆ। ਹੁਣ ਵੀ ਵੇਲਾ ਹੈ ਜੇਕਰ ਸਰਕਾਰ ਕਣਕ ਦੀ ਖਰੀਦ ਵੱਲ ਸੰਜੀਦਗੀ ਨਾਲ ਬਿਆਨ ਦੇ ਕੇ ਸਹੀ ਢੰਗ ਨਾਲ ਕਣਕ ਦੀ ਖਰੀਦ ਪ੍ਰਕਿਰਿਆ ਸੰਪੂਰਨ ਕਰੇ।

ਇਥੇ ਜਾਰੀ ਪ੍ਰੈਸ ਬਿਆਨ ਰਾਹੀ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਕਣਕ ਦੀ ਖਰੀਦ ਬਾਰੇ ਸੰਗਰੂਰ ਤੇ ਬਰਨਾਲਾ ਜ਼ਿਲਿਆਂ ਦੇ ਕਿਸਾਨਾਂ ਤੇ ਮਜਦੂਰਾਂ ਤੇ ਆੜ੍ਹਤੀਆਂ ਨਾਲ ਲਗਾਤਾਰ ਰਾਬਤਾ ਬਣਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕਣਕ ਦੀ ਵਾਢੀ ਦੀ ਗੱਲ ਕਰੀਏ ਤਾਂ ਮੇਰੇ ਵਿਧਾਨ ਸਭਾ ਹਲਕੇ ਅੰਦਰ ਮੰਡੀਆਂ ਵਿਚ ਸਭ ਤੋਂ ਪਹਿਲਾਂ ਕਣਕ ਆਉਂਦੀ ਹੈ। ਹੁਣ ਤਕ ਇਸ ਹਲਕੇ ਅੰਦਰ 50% ਕਣਕ ਦੀ ਕਟਾਈ ਹੋ ਚੁੱਕੀ ਹੈ। ਇਥੇ ਅਜੇ ਤਕ ਕਣਕ ਦੀ ਖਰੀਦ ਸ਼ੁਰੂ ਨਹੀਂ ਹੋਈ। ਪਿੰਡਾ ਦੇ ਖਰੀਦ ਕੇਂਦਰਾਂ ਦਾ ਤਾ ਹੋਰ ਵੀ ਬੁਰਾ ਹਾਲ ਹੈ। ਕਿਤੇ ਖਰੀਦ ਇੰਸਪੈਕਟਰ ਨਹੀਂ ਪੁੱਜੇ ਕਿਤੇ ਬਰਦਾਨਾ ਨਹੀਂ ਪੁੱਜਾ। ਕੋਰੋਨਾ ਮਹਾਮਾਰੀ ਦੇ ਪ੍ਰਕੋਪ ਤੋਂ ਬਚਾਉਣ ਲਈ ਮਾਸਕ, ਸੈਨੇਟਾਈਜਰ ਤੇ ਹੋਰ ਸਹੂਲਤਾਂ ਤਾਂ ਦੂਰ ਦੀ ਗੱਲ ਹੈ। ਈ. ਪਾਸ ਪ੍ਰਣਾਲੀ ਫੇਲ ਹੋ ਚੁੱਕੀ ਹੈ। ਹੁਣ ਰੈਗੂਲਰ ਪਾਸ ਦੇਣ ਦੀ ਵਿਧੀ ਸ਼ੁਰੂ ਹੋ ਰਹੀ ਹੈ ਜੋ ਆੜ੍ਹਤੀਆਂ 'ਤੇ ਛੱਡੀ ਜਾ ਰਹੀ ਹੈ। 

ਢੀਂਡਸਾ ਨੇ ਛੋਟੇ ਕਿਸਾਨਾਂ ਨੂੰ ਪਹਿਲ ਦੇਣ ਦੀ ਗੱਲ ਕਰਦਿਆਂ ਕਿਹਾ ਕਿ ਜਿੱਥੇ ਸਰਕਾਰ ਦੀ ਨੀਤੀ ਨੇ ਕਿਸਾਨਾਂ ਨੂੰ ਉਲਝਾ ਕੇ ਰੱਖ ਦਿੱਤਾ ਹੈ ਉਥੇ ਬਦਲਦੇ ਮੌਸਮ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ। ਢੀਂਡਸਾ ਨੇ ਕਿਹਾ ਜੇਕਰ ਸਰਕਾਰ ਨੇ ਕਣਕ ਦੀ ਖਰੀਦ ਯਕੀਨੀ ਨਾ ਬਣਾਈ ਤਾਂ ਈ. ਪਾਸਾਂ ਦੀ ਸਕੀਮ ਫੇਲ ਹੋਣ ਵਾਂਗ ਕਰੋਨਾ ਨਾਲ ਨਜਿੱਠਣ ਲਈ ਦੂਰੀ ਬਣਾਈ ਰੱਖਣ ਦੀਆਂ ਹਿਦਾਇਤਾਂ ਵੀ ਨਾ ਟੁੱਟ ਜਾਣ।


author

Gurminder Singh

Content Editor

Related News