ਕੋਰੋਨਾ ਵਾਇਰਸ ਨਾਲ ਜੰਗ ਵਿਰੁੱਧ ਪੰਜਾਬ ਸਰਕਾਰ ਦਾ ਵੱਡਾ ਕਦਮ, ਜਾਰੀ ਕੀਤੇ ਇਹ ਨਵੇਂ ਹੁਕਮ
Sunday, Apr 19, 2020 - 07:27 PM (IST)
ਚੰਡੀਗੜ੍ਹ/ਲੁਧਿਆਣਾ (ਵਿੱਕੀ) : ਕੋਵਿਡ -19 ਜੰਗ ਵਿਰੁੱਧ ਇਕ ਵੱਡਾ ਕਦਮ ਚੁੱਕਦਿਆਂ ਪੰਜਾਬ ਸਰਕਾਰ ਨੇ ਕੰਟੇਨਮੈਂਟ ਜ਼ੋਨਾਂ ਅੰਦਰ ਕਿਸੇ ਵੀ ਤਰ੍ਹਾਂ ਦੀਆਂ ਗਤੀਵਿਧੀਆਂ 'ਤੇ ਸਖ਼ਤੀ ਨਾਲ ਪਾਬੰਦੀ ਲਗਾ ਦਿੱਤੀ ਹੈ, ਹਾਲਾਂਕਿ ਜ਼ਿਲਾ ਮੈਜਿਸਟ੍ਰੇਟਾਂ ਨੂੰ ਸਥਾਨਕ ਜ਼ਰੂਰਤਾਂ ਅਤੇ ਸਮਾਜਿਕ ਵਿੱਥ ਦੇ ਨਿਯਮਾਂ ਦੇ ਅਧਾਰ 'ਤੇ ਉਦਯੋਗਾਂ ਅਤੇ ਹੋਰ ਸਬੰਧਤ ਗਤੀਵਿਧੀਆਂ ਸਮੇਤ ਵੱਖ-ਵੱਖ ਅਦਾਰਿਆਂ ਦੇ ਸਮੇਂ ਨੂੰ ਨਿਯਮਤ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। ਇਹ ਫੈਸਲਾ ਲਿਆ ਗਿਆ ਹੈ ਕਿ ਸੂਬਾ 3 ਮਈ ਤੱਕ ਕਰਫਿਊ ਦਾ ਪੂਰਾ ਪਾਲਣ ਕਰੇਗਾ ਅਤੇ ਕਰਫਿਊ ਦੌਰਾਨ ਗਤੀਵਿਧੀਆਂ ਕਰਨ ਲਈ ਲੋੜ ਮੁਤਾਬਕ ਕਰਫਿਊ ਪਾਸ ਜਾਰੀ ਕਰਨਾ ਕਾਇਮ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਅਹਿਮ ਖਬਰ, 237 'ਤੇ ਪੁੱਜਾ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ, ਅਜੇ ਵੀ ਸੰਭਲਣ ਦਾ ਵੇਲਾ
ਸੂਬਾ ਸਰਕਾਰ ਨੇ ਓਪਰੇਟਰਾਂ ਨੂੰ ਫੈਕਟਰੀ ਵਿਚ ਠਹਿਰਣ ਦੇ ਪ੍ਰਬੰਧਾਂ ਜਾਂ ਕਰਮਚਾਰੀਆਂ ਦੇ ਆਉਣ-ਜਾਣ ਦੀ ਦੇਖਭਾਲ ਕਰਨ ਲਈ ਆਗਿਆ ਦਿੱਤੀ ਹੈ, ਜਿਨ੍ਹਾਂ ਫੈਕਟਰੀਆਂ ਵਿਚ 10 ਜਾਂ ਇਸ ਤੋਂ ਵੱਧ ਵਿਅਕਤੀ ਨੌਕਰੀ ਕਰ ਰਹੇ ਹਨ। ਕਰਫਿਊ ਦੌਰਾਨ ਗਤੀਵਿਧੀਆਂ ਕਰਨ ਲਈ ਲੋੜ ਮੁਤਾਬਕ ਕਰਫਿਊ ਪਾਸ ਜ਼ਰੂਰੀ ਹੋਵੇਗਾ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸੂਬਾ ਗ੍ਰਹਿ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਹ ਨਿਰਦੇਸ਼ ਭਾਰਤ ਸਰਕਾਰ ਦੀਆਂ ਸੋਧੀਆਂ ਕੋਵਿਡ ਦਿਸ਼ਾ-ਨਿਰਦੇਸ਼ਾਂ ਨੂੰ 20 ਅਪ੍ਰੈਲ ਤੋਂ ਲਾਗੂ ਕਰਨ ਲਈ ਜਾਰੀ ਕੀਤੇ ਗਏ ਹਨ। ਕਿਸੇ ਸਥਾਨ ਵਿਚ ਕੋਵਿਡ -19 ਦੇ 2 ਜਾਂ ਵਧੇਰੇ ਮਾਮਲਿਆਂ ਦੀ ਪੁਸ਼ਟੀ ਹੋਣ ਨਾਲ ਉਸ ਸਥਾਨ ਨੂੰ ਕੰਟੇਨਮੈਂਟ ਜ਼ੋਨ ਘੋਸ਼ਿਤ ਕੀਤਾ ਜਾਂਦਾ ਹੈ। ਇਸ ਜ਼ੋਨ ਦੀ ਘੋਸ਼ਣਾ ਕੇਸਾਂ ਦੀ ਗਿਣਤੀ, ਉਨ੍ਹਾਂ ਦੀ ਭੂਗੋਲਿਕ ਵੰਡ ਅਤੇ ਖੇਤਰ ਨੂੰ ਸੀਲ ਕਰਨ ਦੀ ਸੰਭਾਵਨਾ ਦੇ ਅਧਾਰ 'ਤੇ ਜ਼ਿਲਾ ਅਧਿਕਾਰੀਆਂ (ਡੀ. ਸੀ, ਐੱਸ. ਐੱਸ. ਪੀ ਅਤੇ ਸੀ. ਐੱਸ) ਵਲੋ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ : ਪਾਕਿ ਗਏ 2 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਮਚੀ ਖਲਬਲੀ
ਕੰਟੇਨਮੈਂਟ ਜ਼ੋਨ ਇਕ ਸਥਾਨ ਤੋਂ ਮੁਹੱਲੇ, ਸੈਕਟਰ (ਪਿੰਡ), ਇਕ ਜਾਂ ਇਕ ਤੋਂ ਵੱਧ ਵਾਰਡ ਜਾਂ ਪੂਰੇ ਸ਼ਹਿਰ ਮੁਤਾਬਕ ਹੋ ਸਕਦਾ ਹੈ। ਬੁਲਾਰੇ ਨੇ ਅੱਗੇ ਕਿਹਾ ਕਿ 15.04.2020 ਦੇ ਦਿਸ਼ਾ ਨਿਰਦੇਸ਼ਾਂ ਨੂੰ ਸਿਰਫ਼ ਕੰਟੇਨਮੈਂਟ ਜ਼ੋਨ ਤੋਂ ਬਾਹਰ ਲਾਗੂ ਕੀਤਾ ਜਾ ਸਕਦਾ ਹੈ ਅਤੇ ਇਨ੍ਹਾਂ ਨੂੰ ਹਾਟਸਪਾਟ ਜਾਂ ਰੈਡ ਜ਼ੋਨ ਨਾ ਸਮਝਿਆ ਜਾਵੇ। ਆਗਾਮੀ ਗਰਮੀ ਦੇ ਮੌਸਮ ਅਤੇ ਨਵੇਂ ਅਕਾਦਮਿਕ ਸੈਸ਼ਨ ਦੇ ਮੱਦੇਨਜ਼ਰ, ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਨੂੰ ਕਿਤਾਬਾਂ ਦੀਆਂ ਦੁਕਾਨਾਂ ਵੱਲੋਂ ਕਿਤਾਬਾਂ ਦੀ ਵੰਡ ਅਤੇ ਏਅਰ ਕੰਡੀਸ਼ਨਰਾਂ, ਏਅਰ ਕੂਲਰਾਂ, ਪੱਖਿਆਂ ਦੀ ਉਪਲੱਬਧਤਾ ਤੇ ਮੁਰੰਮਤ ਲਈ ਬਿਜਲੀ ਵਾਲੀਆਂ ਦੁਕਾਨਾਂ ਨੂੰ ਜ਼ਰੂਰੀ ਸਮਾਨ/ਸੇਵਾਵਾਂ ਦੇ ਘੇਰੇ ਵਿਚ ਲਿਆਂਦਾ ਗਿਆ ਹੈ ਹੁਣ ਇਨ੍ਹਾਂ ਦੁਕਾਨਾਂ ਨੂੰ ਖੁੱਲ੍ਹੀਆਂ ਰੱਖਣ ਦੀ ਆਗਿਆ ਹੋਵੇਗੀ। ਬੁਲਾਰੇ ਨੇ ਅੱਗੇ ਦੱਸਿਆ ਕਿ ਭਾਰਤ ਸਰਕਾਰ ਦੇ ਆਦੇਸ਼ਾਂ ਮੁਤਾਬਕ ਢਾਬੇ ਖੁੱਲੇ ਰਹਿਣਗੇ ਪਰ ਉਹ ਸਿਰਫ਼ ਪੈਕ ਕੀਤਾ ਭੋਜਨ ਹੀ ਮੁਹੱਈਆ ਕਰਵਾਉਣਗੇ।
ਇਹ ਵੀ ਪੜ੍ਹੋ : ਮੋਹਾਲੀ 'ਚ ਮਿਲੇ 4 ਹੋਰ ਨਵੇਂ ਪਾਜ਼ੀਟਿਵ ਕੇਸ, ਗਿਣਤੀ 61 ਤੱਕ ਪਹੁੰਚੀ