ਸਿਹਤ ਵਿਭਾਗ ਦਾ ਐਕਸ਼ਨ, 43 ਟੀਮਾਂ ਵਲੋਂ 17000 ਲੋਕਾਂ ਦੀ ਸਕਰੀਨਿੰਗ

Monday, Apr 13, 2020 - 06:50 PM (IST)

ਅੰਮ੍ਰਿਤਸਰ (ਦਲਜੀਤ) : ਸਿਹਤ ਵਿਭਾਗ ਵੱਲੋਂ ਕਮਿਊਨਿਟੀ ਤੋਂ ਸਾਹਮਣੇ ਆਉਣ ਵਾਲੇ ਕੋਰੋਨਾ ਦੇ ਕੇਸਾਂ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਵਿਭਾਗ ਵੱਲੋਂ ਹਲਕਾ ਪੂਰਬੀ ਦੇ ਪ੍ਰਭਾਵਿਤ ਖੇਤਰਾਂ ਦੇ 3500 ਘਰਾਂ 'ਚ ਰਹਿਣ ਵਾਲੇ 17 ਹਜ਼ਾਰ ਲੋਕਾਂ ਦੀ ਸਕਰੀਨਿੰਗ ਕੀਤੀ ਗਈ। ਵਿਭਾਗ ਦੀਆਂ 43 ਟੀਮਾਂ ਨੇ ਜ਼ਿਲਾ ਟੀਕਾਕਰਨ ਅਧਿਕਾਰੀ ਡਾ. ਰਮੇਸ਼ ਪਾਲ ਦੀ ਅਗਵਾਈ 'ਚ ਲੋਕਾਂ ਦੇ ਘਰਾਂ 'ਚ ਜਾ ਕੇ ਕੋਰੋਨਾ ਦੇ ਲੱਛਣਾਂ ਸਬੰਧੀ ਪੁੱਛ-ਪੜਤਾਲ ਕੀਤੀ। ਇਸ ਦੌਰਾਨ ਇਕ ਵਿਅਕਤੀ 'ਚ ਲੱਛਣ ਸਾਹਮਣੇ ਆਉਣ 'ਤੇ ਤੁਰੰਤ ਵਿਭਾਗ ਦੀ ਰੈਪਿਡ ਰਿਸਪਾਂਸ ਟੀਮ ਵੱਲੋਂ ਮੌਕੇ 'ਤੇ ਪਹੁੰਚ ਕੇ ਉਸ ਦਾ ਚੈੱਕਅਪ ਕੀਤਾ ਗਿਆ। ਬਾਅਦ 'ਚ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਦਾਖਲ ਕਰਵਾਇਆ ਗਿਆ।

ਜਾਣਕਾਰੀ ਅਨੁਸਾਰ ਦਰਜੀ ਦਾ ਕੰਮ ਕਰਨ ਵਾਲੇ 65 ਸਾਲਾ ਕ੍ਰਿਸ਼ਨਾ ਨਗਰ ਅਮਰਕੋਟ ਦੇ ਵਿਅਕਤੀ 'ਚ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ ਸਨ। ਵਿਭਾਗ ਵੱਲੋਂ ਦਰਜੀ ਦੇ ਪਰਿਵਾਰਕ ਮੈਂਬਰਾਂ ਦੇ ਵੀ ਟੈਸਟ ਕਰਵਾਏ ਗਏ ਤਾਂ ਉਸ ਦੀ ਪਤਨੀ ਵੀ ਪਾਜ਼ੇਟਿਵ ਪਾਈ ਗਈ। ਜ਼ਿਲੇ 'ਚ ਇਹ 2 ਕੇਸ ਉਹ ਹਨ, ਜਿਨ੍ਹਾਂ ਦੀ ਕੋਈ ਵੀ ਵਿਦੇਸ਼ ਹਿਸਟਰੀ ਨਹੀਂ ਹੈ। ਸਿਹਤ ਵਿਭਾਗ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕ੍ਰਿਸ਼ਨਾ ਨਗਰ ਅਮਰਕੋਟ ਦੇ ਨਜ਼ਦੀਕ ਸਾਰੇ ਖੇਤਰਾਂ ਦੀ ਸਕਰੀਨਿੰਗ ਕਰਵਾਉਣ ਦਾ ਫੈਸਲਾ ਲਿਆ ਸੀ। ਵਿਭਾਗ ਦੀ ਟੀਮ ਵੱਲੋਂ ਐਤਵਾਰ ਪ੍ਰਭਾਵਿਤ ਖੇਤਰਾਂ 'ਚ ਪੀ. ਪੀ. ਈ. ਕਿੱਟ ਪਾ ਕੇ ਲੋਕਾਂ ਦੇ ਘਰਾਂ 'ਚ ਜਾ ਕੇ ਜਾਂਚ ਕੀਤੀ।

ਇਹ ਵੀ ਪੜ੍ਹੋ : ਕੋਰੋਨਾ ਦਾ ਹਾਟ ਸਪਾਟ ਐਲਾਨੇ ਗਏ ਜਵਾਹਰਪੁਰ 'ਚ ਦੋ ਹੋਰ ਪਾਜ਼ੇਟਿਵ ਕੇਸ ਆਏ ਸਾਹਮਣੇ

PunjabKesari

ਇਸ ਮੌਕੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ, ਪੁਲਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ, ਸਿਵਲ ਸਰਜਨ ਡਾ. ਜੁਗਲ ਕਿਸ਼ੋਰ, ਜ਼ਿਲਾ ਮਲੇਰੀਆ ਅਧਿਕਾਰੀ ਡਾ. ਮਦਨ ਮੋਹਨ, ਜ਼ਿਲਾ ਟੀਕਾਕਰਨ ਅਧਿਕਾਰੀ ਡਾ. ਰਮੇਸ਼ ਪਾਲ, ਮੇਅਰ ਕਰਮਜੀਤ ਸਿੰਘ ਰਿੰਟੂ ਤੇ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਸਮੇਤ ਹੋਰ ਉੱਚ ਅਧਿਕਾਰੀ ਵਿਭਾਗ ਦੀਆਂ ਟੀਮਾਂ ਨਾਲ ਫੀਲਡ 'ਚ ਉੱਤਰੇ। ਸਿਵਲ ਸਰਜਨ ਡਾ. ਜੁਗਲ ਕਿਸ਼ੋਰ ਨੇ ਦੱਸਿਆ ਕਿ 43 ਟੀਮਾਂ ਵੱਲੋਂ 3500 ਦੇ ਕਰੀਬ ਘਰਾਂ 'ਚ ਰਹਿਣ ਵਾਲੇ 17 ਹਜ਼ਾਰ ਲੋਕਾਂ ਦੀ ਸਕਰੀਨਿੰਗ ਕੀਤੀ ਗਈ ਹੈ, ਜਿਨ੍ਹਾਂ 'ਚ ਅਜੇ ਤੱਕ ਕੋਈ ਵੀ ਲੱਛਣ ਸਾਹਮਣੇ ਨਹੀਂ ਆਇਆ। ਇਕ ਵਿਅਕਤੀ ਦੀ ਸੂਚਨਾ ਮਿਲੀ ਸੀ, ਜਿਥੇ ਤੁਰੰਤ ਰੈਪਿਡ ਰਿਸਪਾਂਸ ਟੀਮ ਨੂੰ ਭੇਜ ਦਿੱਤਾ ਗਿਆ। ਉਹ ਉਕਤ ਮਰੀਜ਼ ਦੀ ਸਾਰੀ ਹਿਸਟਰੀ ਲੈ ਰਹੇ ਹਨ। ਸਿਵਲ ਸਰਜਨ ਨੇ ਕਿਹਾ ਕਿ ਵਿਭਾਗ ਦੀਆਂ 43 ਟੀਮਾਂ ਦੀ ਜਾਂਚ ਲਈ 18 ਸੁਪਰਵਾਈਜ਼ਰ ਲਾਏ ਗਏ ਹਨ, ਜੋ ਹਰ ਘਰ 'ਤੇ ਨਜ਼ਰ ਰੱਖ ਰਹੇ ਹਨ।

ਇਹ ਵੀ ਪੜ੍ਹੋ : ਚੰਡੀਗੜ੍ਹ ''ਚ ਕੋਰੋਨਾ ਵਾਇਰਸ ਦੇ ਦੋ ਹੋਰ ਮਾਮਲੇ ਆਏ ਸਾਹਮਣੇ, ਨਾਨੀ-ਦੋਹਤੀ ਦੀ ਰਿਪੋਰਟ ਪਾਜ਼ੇਟਿਵ

ਇਨ੍ਹਾਂ ਖੇਤਰਾਂ 'ਚ ਕੀਤੀ ਗਈ ਸਕਰੀਨਿੰਗ
ਸਿਹਤ ਵਿਭਾਗ ਵੱਲੋਂ ਕ੍ਰਿਸ਼ਨਾ ਨਗਰ, ਤੇਜ ਨਗਰ, ਊਧਮ ਸਿੰਘ ਨਗਰ, ਅਮਰਕੋਟ ਪਿੰਗਲਵਾੜਾ ਵਾਲਾ ਖੇਤਰ ਜੋਧ ਨਗਰ ਮੁਸਤਫਾਬਾਦ ਧਰਮਪੁਰਾ ਗਲੀ ਨੰ. 1 ਅਤੇ 2 ਸੁਲਤਾਨਵਿੰਡ ਰੋਡ ਸਮੇਤ ਹੋਰ ਖੇਤਰਾਂ ਦੀ ਸਕਰੀਨਿੰਗ ਕੀਤੀ ਗਈ। ਵਿਭਾਗ ਅਨੁਸਾਰ ਦੂਜੇ ਦਿਨ ਚਾਟੀਵਿੰਡ ਖੇਤਰ ਦੇ ਘਰਾਂ ਦੀ ਸਕਰੀਨਿੰਗ ਕੀਤੀ ਜਾਵੇਗੀ।

ਕ੍ਰਿਸ਼ਨਾ ਨਗਰ ਤੋਂ ਇਕ ਸ਼ੱਕੀ ਮਰੀਜ਼ ਆਈਸੋਲੇਸ਼ਨ ਵਾਰਡ 'ਚ ਹੋਇਆ ਦਾਖਲ
ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਬੀਤੀ ਰਾਤ ਕ੍ਰਿਸ਼ਨਾ ਨਗਰ ਦੇ ਸ਼ੱਕ ਦੇ ਵਿਅਕਤੀ ਨੂੰ ਦਾਖਲ ਕੀਤਾ ਗਿਆ ਹੈ। ਮਰੀਜ਼ ਨੂੰ ਸਾਹ ਲੈਣ 'ਚ ਤਕਲੀਫ ਹੈ ਅਤੇ ਉਹ ਸ਼ੂਗਰ ਤੋਂ ਵੀ ਪੀੜਤ ਹੈ। ਹਸਪਤਾਲ ਪ੍ਰਸ਼ਾਸਨ ਵੱਲੋਂ ਮਰੀਜ਼ ਦਾ ਕੋਰੋਨਾ ਟੈਸਟ ਕਰਵਾਇਆ ਗਿਆ, ਜਿਸ ਦੀ ਰਿਪੋਰਟ ਨੈਗੇਟਿਵ ਆਈ ਹੈ।

ਇਹ ਵੀ ਪੜ੍ਹੋ : ਸਾਢੇ 7 ਘੰਟੇ ਚੱਲੇ ਆਪਰੇਸ਼ਨ ਤੋਂ ਬਾਅਦ ਪੀ. ਜੀ. ਆਈ. ਦੇ ਡਾਕਟਰਾਂ ਨੇ ਜੋੜਿਆ ਏ. ਐੱਸ. ਆਈ. ਦਾ ਹੱਥ

ਸ਼ੁਕਰ ਹੈ ਜ਼ਿਲੇ 'ਚ ਨਹੀਂ ਆਇਆ 3 ਦਿਨਾਂ ਤੋਂ ਕੋਈ ਪਾਜ਼ੇਟਿਵ ਕੇਸ
ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਦਾਖਲ 5 ਮਰੀਜ਼ਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਪਿਛਲੇ 3 ਦਿਨਾਂ ਤੋਂ ਜ਼ਿਲੇ 'ਚ ਕੋਰੋਨਾ ਦਾ ਕੋਈ ਵੀ ਪਾਜ਼ੇਟਿਵ ਕੇਸ ਨਹੀਂ ਪਾਇਆ ਗਿਆ। ਫਿਲਹਾਲ ਜ਼ਿਲੇ 'ਚ ਹੁਣ 9 ਪਾਜ਼ੇਟਿਵ ਮਰੀਜ਼ ਸਰਕਾਰੀ ਅਤੇ ਗੈਰ-ਸਰਕਾਰੀ ਹਸਪਤਾਲਾਂ 'ਚ ਇਲਾਜ ਅਧੀਨ ਹਨ। ਇਸ ਤੋਂ ਇਲਾਵਾ 2 ਮਰੀਜ਼ਾਂ ਦੀ ਮੌਤ ਵੀ ਹੋ ਚੁੱਕੀ ਹੈ।


Gurminder Singh

Content Editor

Related News