ਮੁੱਖ ਮੰਤਰੀ ਨੇ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ 3 ਹਜ਼ਾਰ ਕਰੋੜ ਦਾ ਮੰਗਿਆ ਮੁਆਵਜ਼ਾ

Tuesday, Apr 21, 2020 - 08:45 PM (IST)

ਮੁੱਖ ਮੰਤਰੀ ਨੇ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ 3 ਹਜ਼ਾਰ ਕਰੋੜ ਦਾ ਮੰਗਿਆ ਮੁਆਵਜ਼ਾ

ਜਲੰਧਰ (ਧਵਨ)– ਸੂਬੇ ਦੇ ਅਨੁਮਾਨਤ ਮਾਲੀਆ ਅਤੇ ਖਰਚਿਆਂ 'ਚ ਵਿਆਪਕ ਅੰਤਰ ਹੋਣ ਵੱਲ ਸੰਕੇਤ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗ ਕੀਤੀ ਹੈ ਕਿ ਕੋਵਿਡ-19 ਰਾਸ਼ਟਰੀ ਆਫਤ ਨੂੰ ਦੇਖਦੇ ਹੋਏ ਅਪ੍ਰੈਲ ਮਹੀਨੇ ਲਈ ਪੰਜਾਬ ਨੂੰ ਤੁਰੰਤ 3 ਹਜ਼ਾਰ ਕਰੋੜ ਦਾ ਮੁਆਵਜ਼ਾ ਦੇਣ ਦੇ ਨਾਲ-ਨਾਲ ਜੀ. ਐੱਸ. ਟੀ. ਦੇ ਬਕਾਏ ਦੀ 4400 ਕਰੋੜ ਦੀ ਰਾਸ਼ੀ ਵੀ ਤੁਰੰਤ ਰਿਲੀਜ਼ ਕੀਤੀ ਜਾਵੇ। ਕੇਂਦਰੀ ਮੰਤਰੀ ਅਮਿਤ ਸ਼ਾਹ ਨੂੰ ਲਿਖੇ ਪੱਤਰ 'ਚ ਮੁੱਖ ਮੰਤਰੀ ਨੇ ਮੰਗ ਕੀਤੀ ਕਿ ਸੂਬੇ ਨੂੰ ਪਿਛਲੇ 4 ਮਹੀਨਿਆਂ ਦਾ 4400 ਕਰੋੜ ਰੁਪਏ ਰਿਲੀਜ਼ ਕਰਕੇ ਸੂਬੇ ਨੂੰ ਆਰਥਿਕ ਸੋਮਿਆਂ ਦੀ ਕਮੀ ਤੋਂ ਉਭਾਰਿਆ ਜਾਵੇ।

ਲਾਕਡਾਊਨ ਕਾਰਣ ਸਾਰੇ ਸੂਬਿਆਂ ਨੂੰ ਪੇਸ਼ ਆ ਰਹੀਆਂ ਵਿੱਤੀ ਮੁਸ਼ਕਲਾਂ ਦਾ ਜ਼ਿਕਰ ਕਰਦੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਕੋਵਿਡ-19 ਕਾਰਣ ਪੰਜਾਬ ਨੂੰ ਪਹੁੰਚਣ ਵਾਲੇ ਮਾਲੀਆ ਨੁਕਸਾਨ ਦੀ ਭਰਪਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਪ੍ਰੈਲ ਮਹੀਨੇ ਲਈ 3 ਹਜ਼ਾਰ ਕਰੋੜ ਦਾ ਅਨੁਮਾਨ ਲਗਾਇਆ ਗਿਆ ਹੈ ਪਰ ਹੋਣ ਵਾਲੇ ਨੁਕਸਾਨ ਅਤੇ ਰਾਹਤ ਅਤੇ ਪੁਨਰਵਾਸ ਲਈ ਫੰਡਾਂ ਦੀ ਲੋੜ ਦੀ ਵਿਆਪਕ ਅਸੈੱਸਮੈਂਟ ਬਾਅਦ 'ਚ ਕੇਂਦਰ ਸਰਕਾਰ ਨੂੰ ਸੌਂਪੀ ਜਾਵੇਗੀ। ਉਨ੍ਹਾਂ ਜ਼ੋਰ ਦਿੰਦੇ ਹੋਏ ਕਿਹਾ ਕਿ ਭਾਰਤ ਸਰਕਾਰ ਨੂੰ ਕੋਵਿਡ-19 ਦਾ ਮੁਕਾਬਲਾ ਕਰਨ ਲਈ ਅੰਤਰਿਮ ਸਹਾਇਤਾ ਤਾਂ ਜਾਰੀ ਕਰ ਦੇਣੀ ਚਾਹੀਦੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸਿਹਤ ਅਤੇ ਰਾਹਤ ਉਪਾਅ ਦੀ ਲੋੜ ਨੂੰ ਦੇਖਦੇ ਹੋਏ ਸੂਬੇ ਦੇ ਖਜ਼ਾਨੇ 'ਤੇ ਭਾਰੀ ਦਬਾਅ ਪਿਆ ਹੋਇਆ ਹੈ। ਲਾਕਡਾਊਨ ਕਾਰਣ ਵਪਾਰ, ਕਾਰੋਬਾਰ ਅਤੇ ਇੰਡਸਟਰੀ ਪੂਰੀ ਤਰ੍ਹਾਂ ਸ਼ਟਡਾਊਨ ਹੈ, ਜਿਸ ਕਾਰਣ ਸਰਕਾਰ ਨੂੰ ਮਾਲੀਆ ਦੀ ਪ੍ਰਾਪਤੀ ਕਿਸੇ ਵੀ ਸਾਧਨ ਨਾਲ ਨਹੀਂ ਹੋ ਰਹੀ। ਮੁੱਖ ਮੰਤਰੀ ਨੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਪ੍ਰੈਲ 2020 ਲਈ ਸੂਬੇ ਦੇ ਬਜਟ 'ਚ 3360 ਕਰੋੜ ਦੀ ਮਾਲੀਆ ਪ੍ਰਾਪਤੀਆਂ ਦਾ ਅਨੁਮਾਨ ਜਿਸ 'ਚ ਜੀ. ਐੱਸ. ਟੀ. ਤੋਂ 1322 ਕਰੋੜ, ਪੈਟਰੋਲੀਅਮ ਉਤਪਾਦਨਾਂ 'ਤੇ ਵੈੱਟ ਨਾਲ 465 ਕਰੋੜ, ਸੂਬਾ ਐਕਸਾਈਜ਼ ਰੈਵੇਨਿਊ 521 ਕਰੋੜ, ਮੋਟਰ ਵ੍ਹੀਕਲ ਟੈਕਸ ਤੋਂ 198, ਬਿਜਲੀ ਟੈਕਸ ਤੋਂ 243 ਕਰੋੜ, ਸਟਾਂਪ ਡਿਊਟੀ ਨਾਲ 219 ਕਰੋੜ ਅਤੇ ਗੈਰ ਟੈਕਸ ਮਾਲੀਆ 392 ਕਰੋੜ ਮਿਲਣਾ ਸੀ ਪਰ ਸੂਬੇ 'ਚ ਲਾਕਡਾਊਨ ਕਾਰਣ ਸਮੁੱਚੀਆਂ ਆਰਥਿਕ ਗਤੀਵਿਧੀਆਂ ਠੱਪ ਪਈਆਂ ਹਨ, ਜਿਸ ਨਾਲ ਇਨ੍ਹਾਂ ਮਾਲੀਆ ਪ੍ਰਾਪਤੀਆਂ 'ਚ ਭਾਰੀ ਗਿਰਾਵਟ ਦਾ ਅਨੁਮਾਨ ਹੈ। ਇਸੇ ਤਰ੍ਹਾਂ ਸਰਕਾਰ ਅਪ੍ਰੈਲ 2020 'ਚ ਬਿਜਲੀ ਦੀ ਖਪਤ 'ਚ ਆਈ ਕਮੀ ਕਾਰਣ ਵੀ 10 ਫੀਸਦੀ ਮਾਲੀਆ ਬਿਜਲੀ ਟੈਕਸ ਤੋਂ ਕਮਾਏਗਾ।

ਮੁੱਖ ਮੰਤਰੀ ਨੇ ਕਿਹਾ ਕਿ ਅਪ੍ਰੈਲ ਮਹੀਨੇ 'ਚ ਪੈਨਸ਼ਨ ਦਾ ਭੁਗਤਾਨ ਕਰਨ, ਕਰਜ਼ਿਆਂ ਦੀ ਅਦਾਇਗੀ, ਤਨਖਾਹ ਦਾ ਭੁਗਤਾਨ, ਕੋਵਿਡ-19 ਲਈ ਰਾਹਤ ਉਪਾਵਾਂ ਨਾਲ ਲਗਭਗ 7301 ਕਰੋੜ ਰੁਪਏ ਦਾ ਖਰਚਾ ਹੋਣਾ ਹੈ। ਇਸ ਲਈ ਮਾਲੀਆ ਪ੍ਰਾਪਤੀ ਅਤੇ ਖਰਚਿਆਂ 'ਚ ਭਾਰੀ ਫਰਕ ਪੈਦਾ ਹੋ ਜਾਵੇਗਾ। ਮੁੱਖ ਮੰਤਰੀ ਨੇ ਸੂਬੇ ਦੀ ਖਰਾਬ ਸਥਿਤੀ ਨੂੰ ਦੇਖਦੇ ਹੋਏ ਕਿਹਾ ਕਿ ਇਸ ਨਾਲ ਸਰਕਾਰ ਨੂੰ ਵੈੱਟ ਅਤੇ ਐਕਸਾਈਜ਼ ਰੈਵੇਨਿਊ ਮਿਲ ਸਕੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸ਼ਰਾਬ ਦੀ ਵਿਕਰੀ ਨੂੰ ਮਨਜ਼ੂਰੀ ਦਿੰਦੇ ਸਮੇਂ ਸਮਾਜਿਕ ਦੂਰੀ ਬਣਾ ਕੇ ਰੱਖੋ ਅਤੇ ਕੋਵਿਡ-19 ਦੇ ਹੋਰ ਨਿਯਮਾਂ ਦੀ ਪਾਲਣਾ ਕੀਤੀ ਜਾ ਸਕਦੀ ਹੈ।


author

Gurminder Singh

Content Editor

Related News