ਮ੍ਰਿਤਕ ਬਲਦੇਵ ਸਿੰਘ ਦੇ ਪਿੰਡ ਪਠਲਾਵਾ ਦੇ ਸਰਪੰਚ ਦਾ ਵੱਡਾ ਬਿਆਨ, ਦਿੱਤਾ ਇਹ ਸੁਨੇਹਾ

Friday, Apr 03, 2020 - 06:36 PM (IST)

ਮ੍ਰਿਤਕ ਬਲਦੇਵ ਸਿੰਘ ਦੇ ਪਿੰਡ ਪਠਲਾਵਾ ਦੇ ਸਰਪੰਚ ਦਾ ਵੱਡਾ ਬਿਆਨ, ਦਿੱਤਾ ਇਹ ਸੁਨੇਹਾ

ਨਵਾਂਸ਼ਹਿਰ (ਤ੍ਰਿਪਾਠੀ) : ਨਵਾਂਸ਼ਹਿਰ ਵਿਖੇ ਕੋਰੋਨਾ ਵਾਇਰਸ ਕਾਰਣ ਗਿਆਨੀ ਬਲਦੇਵ ਸਿੰਘ ਦੀ ਮੌਤ ਤੋਂ ਬਾਅਦ ਤੇਜ਼ੀ ਨਾਲ ਵਧੇ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਉਪਰੰਤ ਦੇਸ਼ ਭਰ ਦੀਆਂ ਸੁਰਖੀਆਂ 'ਚ ਆਏ ਇਸ ਛੋਟੇ ਜ਼ਿਲੇ ਵਿਚ ਪਿਛਲੇ ਇਕ ਹਫ਼ਤੇ ਤੋਂ ਕਿਸੇ ਮਰੀਜ਼ ਦੀ ਪਾਜ਼ੇਟਿਵ ਰਿਪੋਰਟ ਨਾ ਆਉਣ ਨਾਲ ਜ਼ਿਲਾ ਅਤੇ ਸਿਹਤ ਪ੍ਰਸ਼ਾਸਨ ਨੂੰ ਰਾਹਤ ਮਿਲੀ ਹੈ ਅਤੇ ਆਮ ਲੋਕ ਖੁਸ਼ ਨਜ਼ਰ ਆ ਰਹੇ ਹਨ। ਨਵਾਂਸ਼ਹਿਰ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਕੁਆਰੰਟਾਈਨ ਕੀਤੇ ਪਠਲਾਵਾ ਦੇ ਸਰਪੰਚ ਹਰਪਾਲ ਸਿੰਘ ਨੇ 'ਜਗ ਬਾਣੀ' ਨਾਲ ਫੋਨ 'ਤੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਵਾਇਰਸ ਤੋਂ ਬਚਣ ਦਾ ਇਕੋ-ਇਕ ਉਪਾਅ ਘਰਾਂ ਵਿਚ ਲਾਕਡਾਊਨ ਹੋਣਾ ਹੈ। 

ਇਹ ਵੀ ਪੜ੍ਹੋ : ਪੰਜਾਬ ’ਚ ਵੱਧ ਰਿਹਾ ਕੋਰੋਨਾ ਦਾ ਕਹਿਰ, ਲੁਧਿਆਣਾ ਦਾ ਇਕ ਹੋਰ ਮਰੀਜ਼ ਪਾਜ਼ੇਟਿਵ    

ਉਨ੍ਹਾਂ ਕਿਹਾ ਕਿ ਸਰਕਾਰ ਨੂੰ ਘੱਟ ਤੋਂ ਘੱਟ 2 ਮਹੀਨਿਆਂ ਲਈ ਕਰਫਿਊ ਨੂੰ ਹੋਰ ਵਧਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਸਮਾਂ ਰਹਿੰਦੇ ਸੂਬੇ ਵਿਚ ਕਰਫਿਊ ਵਰਗਾ ਫੈਸਲਾ ਨਾ ਲਿਆ ਹੁੰਦਾ ਤਾਂ ਇਸ ਵਾਇਰਸ ਦਾ ਮੰਜ਼ਰ ਹੋਰ ਵੀ ਖਤਰਨਾਕ ਹੋ ਸਕਦਾ ਸੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਤੋਂ ਡਰਨ ਦੀ ਲੋੜ ਨਹੀਂ ਹੈ। ਜੇਕਰ ਕੋਰੋਨਾ ਦਾ ਕੋਈ ਲੱਛਣ ਕਿਸੇ ਵੀ ਵਿਅਕਤੀ ਵਿਚ ਪਾਇਆ ਜਾਂਦਾ ਹੈ ਤਾਂ ਉਹ ਇਸ ਸਬੰਧੀ ਸਿਹਤ ਵਿਭਾਗ ਨਾਲ ਸੰਪਰਕ ਕਰ ਕੇ ਖੁਦ ਨੂੰ ਕੁਆਰੰਟਾਈਨ ਕਰੇ ਤਾਂ ਜੋ ਹੋਰ ਲੋਕ ਇਸ ਦੀ ਲਪੇਟ ਵਿਚ ਆਉਣ ਤੋਂ ਬਚਣ।

ਇਹ ਵੀ ਪੜ੍ਹੋ : ਕਰਫਿਊ ਕਾਰਨ ਘਟਿਆ ਪ੍ਰਦੂਸ਼ਣ, ਜਲੰਧਰ ਤੋਂ ਨਜ਼ਰ ਆਉਣ ਲੱਗੇ ਬਰਫ ਨਾਲ ਲੱਦੇ ਪਹਾੜ    

ਜ਼ੇਰੇ ਇਲਾਜ ਮਰੀਜ਼ ਪੂਰੀ ਤਰ੍ਹਾਂ ਸਿਹਤਮੰਦ
ਸਰਪੰਚ ਹਰਪਾਲ ਸਿੰਘ ਨੇ ਦੱਸਿਆ ਕਿ ਸਵੇਰੇ ਨਾਸ਼ਤੇ ਤੋਂ ਪਹਿਲਾਂ ਸਿਹਤ ਵਿਭਾਗ ਵੱਲੋਂ ਚਾਹ ਦਿੱਤੀ ਜਾਂਦੀ ਹੈ। ਸਾਢੇ 8 ਵਜੇ ਦੇ ਕਰੀਬ ਨਾਸ਼ਤਾ, 1 ਵਜੇ ਲੰਚ ਅਤੇ ਰਾਤ ਸਾਢੇ 8 ਵਜੇ ਖਾਣਾ ਦਿੱਤਾ ਜਾਂਦਾ ਹੈ। ਇਸ ਦਰਮਿਆਨ ਸ਼ਾਮ ਕਰੀਬ ਸਾਢੇ 4 ਵਜੇ ਪਾਜ਼ੇਟਿਵ ਮਰੀਜ਼ਾਂ ਨੂੰ ਚਾਹ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਉਹ ਵਾਰ-ਵਾਰ ਗਰਮ ਪਾਣੀ ਪੀਣ ਦੇ ਨਾਲ-ਨਾਲ ਸਟੀਮ ਵੀ ਲੈ ਰਹੇ ਹਨ, ਜੋ ਮਰੀਜ਼ਾਂ ਲਈ ਕਾਫੀ ਲਾਹੇਵੰਦ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਮਰੀਜ਼ ਵਿਚ ਕਿਸੇ ਤਰ੍ਹਾਂ ਦੇ ਡਰ ਦੀ ਭਾਵਨਾ ਨਹੀਂ ਪਾਈ ਜਾ ਰਹੀ ਅਤੇ ਸਾਰੇ ਮਰੀਜ਼ ਪੂਰੀ ਤਰ੍ਹਾਂ ਸਿਹਤਮੰਦ ਹਨ। ਉਨ੍ਹਾਂ ਦੱਸਿਆ ਕਿ 14 ਦਿਨਾਂ ਦਾ ਕੁਆਰੰਟਾਈਨ ਪੂਰਾ ਕਰਨ ਵਾਲੇ ਉਨ੍ਹਾਂ ਸਮੇਤ 6 ਮਰੀਜ਼ਾਂ ਦੇ ਮੁੜ ਬਲੱਡ ਸੈਂਪਲ ਲਏ ਗਏ ਹਨ, ਜਿਸ ਦੀ ਰਿਪੋਰਟ 2-3 ਦਿਨਾਂ ਵਿਚ ਆ ਸਕਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮਾਤਾ ਦੀ ਵੀ ਸਿਹਤ ਠੀਕ ਹੈ ਕਿਉਂਕਿ ਉਨ੍ਹਾਂ ਨੂੰ 3-4 ਦਿਨਾਂ ਬਾਅਦ ਕੁਆਰੰਟਾਈਨ ਕੀਤਾ ਗਿਆ ਸੀ, ਇਸ ਲਈ ਉਨ੍ਹਾਂ ਦੇ 14 ਦਿਨਾਂ ਦਾ ਸਮਾਂ ਪੂਰਾ ਹੋਣ 'ਤੇ ਉਨ੍ਹਾਂ ਅਤੇ ਹੋਰ ਮਰੀਜ਼ਾਂ ਨੂੰ ਸੈਂਪਲ ਲਈ ਲਿਜਾਇਆ ਜਾਵੇਗਾ।

ਇਹ ਵੀ ਪੜ੍ਹੋ : ਕੋਰੋਨਾ ਮੁਸੀਬਤ ’ਚ ਗਰੀਬਾਂ ਦੀ ਮਦਦ ਲਈ ਅੱਗੇ ਆਇਆ ਡੇਰਾ ਬਿਆਸ, 97 ਪਿੰਡਾਂ ’ਚ ਕੀਤੀ ਜਾ ਰਹੀ ਇਹ ਸੇਵਾ    


author

Gurminder Singh

Content Editor

Related News