ਮੋਗਾ ''ਚ ਭਾਰੀ ਮੀਂਹ ਦੇ ਬਾਵਜੂਦ ਵੀ ਵੱਡੀ ਗਿਣਤੀ ''ਚ ''ਕੋਰੋਨਾ ਵੈਕਸੀਨ'' ਲਵਾਉਣ ਪੁੱਜੇ ਲੋਕ
Sunday, Sep 12, 2021 - 02:19 PM (IST)
ਮੋਗਾ (ਸੰਦੀਪ ਸ਼ਰਮਾ) : ਸਿਵਲ ਸਰਜਨ ਮੋਗਾ ਅਮਰਪ੍ਰੀਤ ਕੌਰ ਬਾਜਵਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਪੀ. ਐਚ. ਸੀ ਡਰੋਲੀ ਭਾਈ ਦੇ ਇੰਚਾਰਜ ਡਾ. ਇੰਦਰਵੀਰ ਗਿੱਲ ਦੀ ਅਗਵਾਈ ਹੇਠ ਬਲਾਕ ਡਰੋਲੀ ਭਾਈ ਦੇ ਵੱਖ-ਵੱਖ 15 ਪਿੰਡਾਂ ਵਿਚ ਕੋਰੋਨਾ ਵਿਰੋਧੀ ਟੀਕਾਕਰਨ ਕੈਂਪ ਲਗਾਏ ਗਏ। ਇਨ੍ਹਾਂ ਕੈਂਪਾਂ ਵਿਚ ਲਗਭਗ 3500 ਦੇ ਕਰੀਬ ਲੋਕਾਂ ਨੇ ਲਾਭ ਪ੍ਰਾਪਤ ਕੀਤਾ। ਭਾਰੀ ਮੀਂਹ ਦੇ ਬਾਵਜੂਦ ਲੋਕਾਂ ਵਿਚ ਕੋਰੋਨਾ ਵਿਰੋਧੀ ਵੈਕਸੀਨ ਲਗਵਾਉਣ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।
ਲੋਕਾਂ ਨੇ ਘਰਾਂ ਤੋਂ ਬਾਹਰ ਵੈਕਸੀਨ ਕੇਂਦਰਾਂ ’ਤੇ ਪਹੁੰਚ ਕੇ ਵੈਕਸੀਨ ਲਗਵਾਈ ਅਤੇ ਸਵੇਰੇ ਹੀ ਲੰਬੀਆਂ ਕਤਾਰਾਂ ਸਿਹਤ ਕੇਂਦਰਾਂ ’ਤੇ ਦੇਖਣ ਨੂੰ ਮਿਲੀਆਂ। ਜਿੱਥੇ ਡਾ. ਗਿੱਲ ਨੇ ਲੋਕਾਂ ਨੂੰ ਸਿਹਤ ਮਹਿਕਮੇ ਦਾ ਸਹਿਯੋਗ ਦੇਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ, ਉੱਥੇ ਹੀ ਮਿਹਨਤੀ ਸਿਹਤ ਮੁਲਾਜ਼ਮਾਂ ਦੀ ਭਰਪੂਰ ਤਾਰੀਫ਼ ਕੀਤੀ। ਡਾ. ਗਿੱਲ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਤੀਜੀ ਲਹਿਰ ਆਉਣ ਤੋਂ ਪਹਿਲਾਂ-ਪਹਿਲਾਂ ਹਰੇਕ ਵਿਅਕਤੀ ਦਾ ਇਖਲਾਕੀ ਫਰਜ਼ ਬਣਦਾ ਹੈ ਕਿ ਹਰੇਕ ਵਿਅਕਤੀ ਆਪਣਾ ਪੂਰਨ ਵੈਕਸੀਨੇਸ਼ਨ ਕਰਵਾਏ ਤਾਂ ਜੋ ਇਸ ਭਿਆਨਕ ਬਿਮਾਰੀ ਤੋਂ ਨਿਜਾਤ ਪਾਈ ਜਾ ਸਕੇ।
ਗ੍ਰਹਿ ਮੰਤਰਾਲਾ ਦੀ ਨੈਸ਼ਨਲ ਇਸਟੀਚਿਊਟ ਆਫ ਡਿਜਾਸਟਰ ਮੈਨੇਜਮੈਟ ਕਮੇਟੀ ਨੇ ਕੋਰੋਨਾ ਦੀ ਤੀਜੀ ਲਹਿਰ ਸਤੰਬਰ ਮਹੀਨੇ ਦੇ ਅਖ਼ੀਰ ਤੋਂ ਸ਼ੁਰੂ ਹੋ ਕੇ ਅਕਤੂਬਰ ਮਹੀਨੇ ਵਿਚ ਆਉਣ ਦਾ ਖ਼ਦਸ਼ਾ ਪ੍ਰਗਟ ਕੀਤਾ ਹੈ। ਇਸ ਚਿਤਾਵਨੀ ਨੂੰ ਨਜ਼ਰ-ਅੰਦਾਜ਼ ਨਹੀਂ ਕਰਨਾ ਚਾਹੀਦਾ। ਡਾ. ਗਿੱਲ ਨੇ ਲੋਕਾਂ ਨੂੰ ਕੋਰੋਨਾ ਬਾਰੇ ਸੁਚੇਤ ਕਰਦਿਆਂ ਦੱਸਿਆ ਕਿ ਹਮੇਸ਼ਾ ਮਾਸਕ ਲਾ ਕੇ ਰੱਖੋ, ਆਪਣੇ ਹੱਥ ਹਮੇਸ਼ਾ ਸਾਬਣ ਨਾਲ ਚੰਗੀ ਤਰਾਂ ਧੋਵੋ ਅਤੇ ਸਮਾਜਿਕ ਦੂਰੀ ਬਣਾ ਕੇ ਰੱਖੋ। ਟੀਕਾਕਰਨ ਹੀ ਇੱਕੋ-ਇਕ ਅਜਿਹਾ ਉਪਾਅ ਹੈ, ਜੋ ਸਾਨੂੰ ਇਸ ਭਿਆਨਕ ਬਿਮਾਰੀ ਤੋਂ ਨਿਜਾਤ ਦੇ ਸਕਦਾ ਹੈ।