ਹੁਣ ਮੁਲਜ਼ਮਾਂ ਨੂੰ ਜੇਲ ਭੇਜਣ ਤੋਂ ਪਹਿਲਾਂ ਹੋਵੇਗਾ ''ਕੋਰੋਨਾ ਟੈਸਟ''

Saturday, May 30, 2020 - 11:32 AM (IST)

ਹੁਣ ਮੁਲਜ਼ਮਾਂ ਨੂੰ ਜੇਲ ਭੇਜਣ ਤੋਂ ਪਹਿਲਾਂ ਹੋਵੇਗਾ ''ਕੋਰੋਨਾ ਟੈਸਟ''

ਮੋਹਾਲੀ (ਰਾਣਾ) : ਆਪਣੇ ਪੁਲਸ ਮੁਲਾਜ਼ਮਾਂ ਨੂੰ ਕੋਰੋਨਾ ਤੋਂ ਬਚਾਉਣ ਲਈ ਮੋਹਾਲੀ ਪੁਲਸ ਮਹਿਕਮੇ ਵੱਲੋਂ ਇਕ ਨਵੀਂ ਪਹਿਲ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦੇ ਚੱਲਦੇ ਹੁਣ ਪੁਲਸ ਵਲੋਂ ਜੋ ਵੀ ਮੁਲਜ਼ਮ ਫੜ੍ਹੇ ਜਾਣਗੇ, ਉਨ੍ਹਾਂ ਸਾਰਿਆਂ ਨੂੰ ਜੇਲ 'ਚ ਭੇਜਣ ਤੋਂ ਪਹਿਲਾਂ ਉਨ੍ਹਾਂ ਦਾ ਕੋਰੋਨਾ ਟੈਸਟ ਕੀਤਾ ਜਾਵੇਗਾ। ਇਹ ਸਾਰੀ ਪ੍ਰਕਿਰਿਆ ਉਸੇ ਦੌਰਾਨ ਹੋਵੇਗੀ, ਜਦੋਂ ਮੁਲਜ਼ਮਾਂ ਨੂੰ ਜੇਲ ਭੇਜਣ ਤੋਂ ਪਹਿਲਾਂ ਮੈਡੀਕਲ ਕਰਵਾਇਆ ਜਾਂਦਾ ਹੈ।
ਗੈਂਗਸਟਰ ਨੂੰ ਕੋਰੋਨਾ ਹੋਣ ’ਤੇ ਲਿਆ ਸਬਕ
ਜਾਣਕਾਰੀ ਮੁਤਾਬਕ ਕੁੱਝ ਦਿਨਾਂ ਪਹਿਲਾਂ ਮੋਹਾਲੀ 'ਚ ਇਕ ਗੈਂਗਸਟਰ ਨੂੰ ਪੁੱਛ-ਗਿਛ ਲਈ ਲਿਆਇਆ ਗਿਆ ਸੀ ਪਰ ਜਦੋਂ ਉਸ ਤੋਂ ਬਾਅਦ ਉਸ ਦਾ ਕੋਰੋਨਾ ਟੈਸਟ ਕੀਤਾ ਗਿਆ ਤਾਂ ਉਹ ਪਾਜ਼ੇਟਿਵ ਆਇਆ, ਜਿਸ ਤੋਂ ਬਾਅਦ ਉਸ ਦੇ ਸੰਪਰਕ 'ਚ ਆਏ ਮੋਹਾਲੀ ਜ਼ਿਲ੍ਹੇ ਦੇ 9 ਪੁਲਸ ਵਾਲਿਆਂ ਨੂੰ ਘਰ 'ਚ ਇਕਾਂਤਵਾਸ ਕਰ ਦਿੱਤਾ ਗਿਆ ਸੀ, ਜਿਨ੍ਹਾਂ 'ਚ ਆਈ. ਜੀ. ਰੈਂਕ ਦਾ ਅਫਸਰ ਵੀ ਸ਼ਾਮਲ ਸੀ। ਇਸ ਤੋਂ ਸਬਕ ਲੈਂਦੇ ਹੋਏ ਮੋਹਾਲੀ ਪੁਲਸ ਨੇ ਇਹ ਕਦਮ ਚੁੱਕਿਆ ਹੈ। ਉੱਥੇ ਹੀ ਫੇਜ਼-1 ਥਾਣੇ ਦੇ ਐੱਸ. ਐੱਚ. ਓ. ਮਨਫੂਲ ਸਿੰਘ ਨੇ ਕਿਹਾ ਕਿ ਹੁਣ ਇਹ ਟੈਸਟ ਜ਼ਰੂਰੀ ਕਰ ਦਿੱਤਾ ਗਿਆ। ਇਸ ਦੇ ਪਿੱਛੇ ਕੋਸ਼ਿਸ਼ ਕੋਰੋਨਾ ਮਹਾਮਾਰੀ ਨੂੰ ਕਾਬੂ ਕਰਨਾ ਹੈ। ਇੰਨਾ ਹੀ ਨਹੀਂ ਹੁਣ ਜੇਲਾਂ 'ਚ ਵਿਸ਼ੇਸ਼ ਜਾਂਚ ਸੈਂਟਰ ਤੱਕ ਬਣਾਏ ਗਏ ਹਨ। ਜਿੱਥੇ ਕੈਦੀਆਂ ਨੂੰ ਭਰਤੀ ਕਰਵਾਉਣ ਤੋਂ ਪਹਿਲਾਂ ਉਨ੍ਹਾਂ ਦੀ ਸਿਹਤ ਨਾਲ ਜੁੜੀ ਸਾਰੀ ਜਾਣਕਾਰੀ ਹਾਸਲ ਕੀਤੀ ਜਾਂਦੀ ਹੈ । ਇਸ ਤੋਂ ਬਾਅਦ ਹੀ ਉਨ੍ਹਾਂ ਨੂੰ ਜੇਲ 'ਚ ਭਰਤੀ ਕੀਤਾ ਜਾਂਦਾ ਹੈ। ਉਥੇ ਹੀ, ਪੁਲਸ ਦੀ ਇਸ ਕੋਸ਼ਿਸ਼ ਨੂੰ ਕਾਫ਼ੀ ਸਰਾਹਿਆ ਵੀ ਜਾ ਰਿਹਾ ਹੈ ।
ਸੂਚਨਾ ਮਿਲਦੇ ਹੀ ਟੀਮ ਟੈਸਟ ਕਰਨ ਭੇਜ ਦਿੱਤੀ ਜਾਂਦੀ ਹੈ
ਮੋਹਾਲੀ ਦੇ ਸਿਵਲ ਸਰਜਨ ਡਾਕਟਰ ਮਨਜੀਤ ਸਿੰਘ ਨੇ ਦੱਸਿਆ ਕਿ ਇਸ ਗੱਲ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ ਕਿ ਜੋ ਵੀ ਕੈਦ ਜੇਲ 'ਚ ਭੇਜਿਆ ਜਾਵੇਗਾ, ਉਸ ਦਾ ਪਹਿਲਾਂ ਕੋਰੋਨਾ ਟੈਸਟ ਕੀਤਾ ਜਾਵੇਗਾ ਅਤੇ ਜਦੋਂ ਤੱਕ ਉਸ ਦੀ ਰਿਪੋਰਟ ਨਹੀਂ ਆਉਂਦੀ, ਉਸ ਨੂੰ ਵੱਖ ਰੱਖਿਆ ਜਾਵੇਗਾ, ਨਾਲ ਹੀ ਉਨ੍ਹਾਂ ਨੂੰ ਹਿਰਾਸਤ 'ਚ ਲੈਣ ਵਾਲੇ ਪੁਲਸ ਵਾਲੇ ਵੀ ਉਨ੍ਹਾਂ ਤੋਂ ਦੂਰੀ ਬਣਾਏ ਰੱਖਣਗੇ। ਉਨ੍ਹਾਂ ਕਿਹਾ ਕਿ ਜਿਵੇਂ ਹੀ ਉਨ੍ਹਾਂ ਕੋਲ ਪੁਲਸ ਤੋਂ ਸੂਚਨਾ ਆਉਂਦੀ ਹੈ, ਉਸੇ ਸਮੇਂ ਤੁਰੰਤ ਉਨ੍ਹਾਂ ਵੱਲੋਂ ਸਿਹਤ ਵਿਭਾਗ ਦੀ ਟੀਮ ਨੂੰ ਭੇਜ ਦਿੱਤੀ ਜਾਂਦੀ ਹੈ ਜਾਂ ਫਿਰ ਮੁਲਜ਼ਮ ਨੂੰ ਹੀ ਹਸਪਤਾਲ 'ਚ ਟੈਸਟ ਲਈ ਲੈ ਕੇ ਆਇਆ ਜਾਂਦਾ ਹੈ ।
      


author

Babita

Content Editor

Related News