''ਕੋਰੋਨਾ'' ਸਬੰਧੀ ਅਫ਼ਵਾਹਾਂ ਫੈਲਾਉਣ ਵਾਲੇ ਸਾਵਧਾਨ! ਗਿਰੇਬਾਨ ਤੱਕ ਪੁੱਜੇਗੀ ਪੰਜਾਬ ਪੁਲਸ
Thursday, Sep 03, 2020 - 08:16 AM (IST)
ਚੰਡੀਗੜ੍ਹ (ਰਮਨਜੀਤ) : ਸੂਬੇ 'ਚ ਕੋਰੋਨਾ ਦੇ ਇਲਾਜ ਅਤੇ ਟੈਸਟ ਕਰਵਾਉਣ ਨੂੰ ਲੈ ਕੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਫੈਲਾਈ ਜਾ ਰਹੀ ਭਰਮ ਦੀ ਸਥਿਤੀ ਨਾਲ ਸਖ਼ਤੀ ਨਾਲ ਨਜਿੱਠਣ ਦੀ ਕਵਾਇਦ ਸੂਬਾ ਸਰਕਾਰ ਨੇ ਸ਼ੁਰੂ ਕਰ ਦਿੱਤੀ ਹੈ। ਸੂਬੇ 'ਚ ਕੋਰੋਨਾ ਮਰੀਜ਼ਾਂ ਅਤੇ ਕੋਰੋਨਾ ਕਾਰਣ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧਣ ਕਾਰਣ ਸਰਕਾਰ ਨੇ ਸਖ਼ਤ ਕਦਮ ਚੁੱਕਣ ਦਾ ਫ਼ੈਸਲਾ ਲਿਆ ਹੈ।
ਸੋਸ਼ਲ ਮੀਡੀਆ ’ਤੇ ਪਿਛਲੇ ਕਾਫੀ ਸਮੇਂ ਤੋਂ ਕੋਰੋਨਾ ਦੇ ਇਲਾਜ ਅਤੇ ਹਸਪਤਾਲਾਂ 'ਚ ਮਿਲਣ ਵਾਲੀਆਂ ਸਹੂਲਤਾਂ ਨੂੰ ਲੈ ਕੇ ਲੋਕਾਂ ਵੱਲੋਂ ਸਵਾਲ ਚੁੱਕੇ ਜਾ ਰਹੇ ਸਨ, ਜਿਨ੍ਹਾਂ ਬਾਰੇ ਸਰਕਾਰ ਦਾ ਕਹਿਣਾ ਹੈ ਕਿ ਉਕਤ ਗੱਲਾਂ ਗਲਤ ਹਨ। ਇਸੇ ਤਰ੍ਹਾਂ ਪ੍ਰਤੀ ਮਰੀਜ਼ ਤਿੰਨ ਲੱਖ ਦਾ ਫੰਡ ਮਿਲਣ ਤੋਂ ਲੈ ਕੇ ਮਰੀਜ਼ਾਂ ਦੇ ਅੰਗ ਕੱਢਣ ਵਰਗੀਆਂ ਅਫ਼ਵਾਹਾਂ ਨੇ ਵੀ ਲੋਕਾਂ 'ਚ ਡਰ ਦਾ ਮਾਹੌਲ ਪੈਦਾ ਕੀਤਾ ਹੈ। ਹਾਲਾਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਸੋਸ਼ਲ ਮੀਡੀਆ ਪ੍ਰੋਗਰਾਮ ‘ਆਸਕ ਕੈਪਟਨ’ 'ਚ ਵੀ ਸਵਾਲ ਦਾ ਜਵਾਬ ਦਿੰਦਿਆਂ ਸਪੱਸ਼ਟ ਕੀਤਾ ਗਿਆ ਸੀ ਕਿ ਪੰਜਾਬ ਸਰਕਾਰ ਨੂੰ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਕੇਂਦਰ ਸਰਕਾਰ ਤੋਂ ਇਕ ਫੁੱਟੀ ਕੌਡੀ ਤੱਕ ਨਹੀਂ ਮਿਲੀ ਹੈ, ਪ੍ਰਤੀ ਮਰੀਜ਼ 3 ਲੱਖ ਰੁਪਏ ਦੀ ਗੱਲ ਬਿਲਕੁਲ ਝੂਠੀ ਹੈ।
ਇਹ ਵੀ ਪੜ੍ਹੋ : 'ਵਜ਼ੀਫਾ ਘਪਲੇ' 'ਤੇ 'ਧਰਮਸੋਤ' ਨੇ ਪਹਿਲੀ ਵਾਰ ਤੋੜੀ ਚੁੱਪੀ, ਸਾਹਮਣੇ ਆਇਆ ਵੱਡਾ ਬਿਆਨ
ਉੱਥੇ ਹੀ ਕਈ ਵਾਰ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਸਿਹਤ ਸਲਾਹਕਾਰ ਡਾ. ਕੇ. ਕੇ. ਤਲਵਾੜ ਵੀ ਅਜਿਹੀਆਂ ਅਫ਼ਵਾਹਾਂ ਨੂੰ ਰੱਦ ਕਰ ਚੁੱਕੇ ਹਨ। ਸਰਕਾਰ ਵੱਲੋਂ ਸਰਕਾਰੀ ਸਿਹਤ ਸੰਸਥਾਵਾਂ ਤੋਂ ਠੀਕ ਹੋ ਕੇ ਜਾਣ ਵਾਲੇ ਮਰੀਜ਼ਾਂ ਵੱਲੋਂ ਅੰਦਰ ਦੇ ਹਾਲਾਤਾਂ ਸਬੰਧੀ ਵੀਡੀਓ ਬਣਾ ਕੇ ਵੀ ਸ਼ੇਅਰ ਕੀਤੇ ਜਾ ਰਹੇ ਹਨ ਪਰ ਅਕਸਰ ਚੰਗਿਆਈ ਅਤੇ ਸੱਚਾਈ ਦੇ ਮੁਕਾਬਲੇ ਝੂਠ ਅਤੇ ਬੁਰਾਈ ਤੇਜ਼ੀ ਨਾਲ ਫੈਲਦੀ ਹੈ। ਸ਼ਾਇਦ ਇਹੀ ਵਜ੍ਹਾ ਹੈ ਕਿ ਸਰਕਾਰ ਦੇ ਸਾਰੇ ਯਤਨਾਂ ਦੇ ਬਾਵਜੂਦ ਸੂਬੇ ਦੇ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਮਤੇ ਪਾਸ ਕਰਕੇ ਸਿਹਤ ਮਹਿਕਮੇ ਦੀਆਂ ਟੀਮਾਂ ਨੂੰ ਆਪਣੇ ਪਿੰਡਾਂ 'ਚ ਦਾਖ਼ਲ ਹੋਣ ਤੋਂ ਰੋਕਣਾ ਸ਼ੁਰੂ ਕੀਤਾ ਜਾ ਚੁੱਕਿਆ ਹੈ।
ਇਹ ਵੀ ਪੜ੍ਹੋ : ਖੰਨਾ : ਲੋਕਾਂ ਦੇ ਦਿਲਾਂ ਨੂੰ ਛੂਹ ਗਿਆ 'ਅਨੋਖਾ ਵਿਆਹ', ਦੂਰ-ਦੂਰ ਤੱਕ ਹੋ ਰਹੀਆਂ ਸਿਫ਼ਤਾਂ
ਕਈ ਥਾਵਾਂ ’ਤੇ ਤਾਂ ਨੌਬਤ ਹੱਥੋਪਾਈ ਅਤੇ ਪੱਥਰਬਾਜ਼ੀ ਤੱਕ ਵੀ ਪਹੁੰਚ ਗਈ ਸੀ। ਹੁਣ ਸਰਕਾਰ ਵਲੋਂ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਸਿਹਤ ਸਹੂਲਤਾਂ 'ਚ ਅੜਚਨ ਪਾਉਣ ਅਤੇ ਅਫ਼ਵਾਹਾਂ ਫੈਲਾਉਣ ਵਾਲਿਆਂ ਖਿਲਾਫ਼ ਸਖ਼ਤੀ ਵਰਤਣ ਲਈ ਕਿਹਾ ਗਿਆ ਹੈ, ਜਿਸ ਤੋਂ ਬਾਅਦ ਸਾਰੇ ਜ਼ਿਲ੍ਹਿਆਂ ਦੇ ਐੱਸ. ਐੱਸ. ਪੀਜ਼ ਨੂੰ ਹਰ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਸਖ਼ਤ ਨਜ਼ਰ ਰੱਖਣ ਅਤੇ ਅਫ਼ਵਾਹ ਦੇ ਮਾਮਲਿਆਂ 'ਚ ਤੁਰੰਤ ਕਾਰਵਾਈ ਕਰਨ ਲਈ ਕਿਹਾ ਗਿਆ ਹੈ।
ਨਾਲ ਹੀ ਪੰਜਾਬ ਪੁਲਸ ਦੇ ਟੈਕਨੀਕਲ ਸਰਵਿਸਿਜ਼ ਵਿੰਗ ਨੂੰ ਪੂਰੇ ਮਾਮਲੇ 'ਚਸਾਈਬਰ ਸਪੇਸ ਨੂੰ ਖੰਘਾਲਣ ਅਤੇ ਕਿਤੇ ਵੀ ਹੋਰ ਕਿਸੇ ਵੀ ਤਰੀਕੇ ਨਾਲ ਕੋਰੋਨਾ ਨਾਲ ਸਬੰਧਿਤ ਅਫ਼ਵਾਹਾਂ ਫੈਲਾਉਣ ਵਾਲਿਆਂ ਦੀ ਭਾਲ ਕਰਨ ਨੂੰ ਕਿਹਾ ਗਿਆ ਹੈ। ਇਸ ਲਈ ਹਰ ਜ਼ਿਲ੍ਹੇ 'ਚ ਸਬ ਡਵੀਜ਼ਨ ਪੱਧਰ ’ਤੇ ਟੀਮਾਂ ਦਾ ਗਠਨ ਕਰਨ ਨੂੰ ਕਿਹਾ ਗਿਆ ਹੈ ਤਾਂ ਕਿ ਅਫ਼ਵਾਹਾਂ ਫੈਲਾਉਣ ਵਾਲਿਆਂ ਨੂੰ ਲੱਭਣ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਸਕੇ। ਡੀ. ਜੀ. ਪੀ. ਦਿਨਕਰ ਗੁਪਤਾ ਨੇ ਕਿਹਾ ਕਿ ਤਾਲਾਬੰਦੀ ਦੀ ਸ਼ੁਰੂਆਤ ਤੋਂ ਹੀ ਪੰਜਾਬ ਪੁਲਸ ਲਗਾਤਾਰ ਲੋਕਾਂ ਨੂੰ ਅਫ਼ਵਾਹਾਂ ਨਾ ਫੈਲਾਉਣ ਦੀ ਅਪੀਲ ਕਰਦੀ ਆ ਰਹੀ ਹੈ।
ਇਸ ਦੌਰਾਨ ਕਈ ਲੋਕਾਂ ਖਿਲਾਫ਼ ਮਾਮਲੇ ਵੀ ਦਰਜ ਕੀਤੇ ਗਏ ਹਨ ਪਰ ਮੌਜੂਦਾ ਹਾਲਾਤਾਂ 'ਚ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਲੱਭਣਾ ਅਤੇ ਉਨ੍ਹਾਂ ਦੀ ਸੱਚਾਈ ਨੂੰ ਲੋਕਾਂ ਸਾਹਮਣੇ ਲਿਆਉਣਾ ਬਹੁਤ ਹੀ ਗੰਭੀਰ ਅਤੇ ਜ਼ਿੰਮੇਵਾਰੀ ਵਾਲਾ ਕੰਮ ਬਣ ਗਿਆ ਹੈ। ਕਿਸੇ ਵੀ ਹਾਲਤ 'ਚ ਇਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਫੜ੍ਹਿਆ ਜਾਵੇਗਾ, ਤਾਂ ਕਿ ਅਫਵਾਹਾਂ ਕਾਰਣ ਹੋਰ ਕੀਮਤੀ ਜਾਨਾਂ ਨਾ ਜਾਣ।