ਪਟਿਆਲਾ ’ਚ ਕੋਰੋਨਾ ਦਾ ਕਹਿਰ ਜਾਰੀ, ਸੀਨੀਅਰ ਡਿਪਟੀ ਮੇਅਰ ਸਮੇਤ 22 ਕੇਸ ਹੋਰ ਪਾਜ਼ੇਟਿਵ
Sunday, Jul 12, 2020 - 11:05 PM (IST)
ਪਟਿਆਲਾ/ਸਮਾਣਾ, (ਪਰਮੀਤ, ਦਰਜ, ਅਨੇਜਾ)- ਜ਼ਿਲੇ ’ਚ ਅੱਜ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਸਮੇਤ 22 ਹੋਰ ਕੇਸ ਪਾਜ਼ੀਟਿਵ ਆ ਗਏ। ਇਸ ਮਗਰੋਂ ਕੁੱਲ ਪਾਜ਼ੇਟਿਵ ਕੇਸਾਂ ਦੀ ਗਿਣਤੀ 575 ਹੋ ਗਈ ਹੈ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਹੁਣ ਤੱਕ 12 ਕੇਸਾਂ ਦੀ ਮੌਤ ਹੋ ਚੁਕੀ ਹੈ, 239 ਠੀਕ ਅਤੇ 324 ਐਕਟਿਵ ਹਨ। ਇਨ੍ਹਾਂ ’ਚੋਂ 69 ਰਜਿੰਦਰਾ ਹਸਪਤਾਲ, 113 ਕੋਵਿਡ ਕੇਅਰ ਸੈਂਟਰ, 133 ਮਰੀਜ਼ ਘਰਾਂ ’ਚ ਏਕਾਂਤਵਾਸ ਹਨ ਅਤੇ 9 ਮਰੀਜ਼ ਚੰਡੀਗਡ਼੍ਹ, ਮੋਹਾਲੀ ਅਤੇ ਲੁਧਿਆਣਾ ਦੇ ਹਸਪਤਾਲਾਂ ’ਚ ਦਾਖਲ ਹਨ।
ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਪਾਜ਼ੇਟਿਵ ਆਏ 22 ਕੇਸਾਂ ’ਚੋਂ 9 ਸਮਾਣਾ, 10 ਪਟਿਆਲਾ ਸ਼ਹਿਰ, 1 ਨਾਭਾ, 1 ਰਾਜਪੁਰਾ ਤੇ ਇਕ ਘਨੌਰ ਨਾਲ ਸਬੰਧਤ ਹੈ। ਪਟਿਆਲਾ ਦੇ ਅਰਬਨ ਅਸਟੇਟ ਤੋਂ 1, ਭਾਦਸੋਂ ਰੋਡ ਤੋਂ 1, ਆਨੰਦ ਨਗਰ ਏ ਤੋਂ 5, ਖਾਲਸਾ ਮੁਹੱਲਾ ਤੋਂ 1, ਮੇਨ ਬਾਜ਼ਾਰ ਤ੍ਰਿਪਡ਼ੀ ਤੋਂ 1, ਲਹਿਲ ਕਾਲੋਨੀ ਤੋਂ 1, ਰਾਜਪੁਰਾ ਤੋਂ 1, ਨਾਭਾ ਦੇ ਅਜੀਤ ਨਗਰ ਤੋਂ 1, ਸਮਾਣਾ ਜੱਟਾਂ ਪੱਤੀ ਤੋਂ 7, ਤੇਜ਼ ਕਾਲੋਨੀ ਤੋਂ 2 ਤੇ ਘਨੌਰ ਤੋਂ 1 ਕੇਸ ਪਾਜ਼ੇਟਿਵ ਆਇਆ ਹੈ।
ਡੇਢ ਲੱਖ ਰੁਪਏ ਪ੍ਰਤੀ ਪਾਜ਼ੇਟਿਵ ਕੇਸ ਮਿਲਣ ਦੀ ਵਾਇਰਲ ਆਡੀਓ ਦੇ ਦਾਅਵੇ ਗਲਤ
ਸਿਵਲ ਸਰਜਨ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ’ਚ ਆਇਆ ਹੈ ਕਿ ਤੋਪਖਾਨਾ ਮੋਡ਼ ਅਤੇ ਨਾਲ ਲੱਗਦੇ ਇਲਾਕੇ ’ਚ ਲੋਕਾਂ ’ਚ ਮਹਾਰਾਸ਼ਟਰ ਤੋਂ ਇਕ ਆਡੀਓ ਵਾਇਰਲ ਹੋਈ ਹੈ। ਇਸ ’ਚ ਦਾਅਵਾ ਕੀਤਾ ਗਿਆ ਹੈ ਕਿ ਸਿਹਤ ਵਿਭਾਗ ਤੇ ਪ੍ਰਸਾਸ਼ਨ ਨੂੰ ਡੇਢ ਲੱਖ ਰੁਪਏ ਪ੍ਰਤੀ ਪਾਜ਼ੇਟਿਵ ਕੇਸ ਮਿਲਦੇ ਹਨ। ਇਹ ਦਾਅਵੇ ਬਿਲਕੁਲ ਗਲਤ ਹਨ। ਇਸ ਆਡੀਓ ’ਚ ਕੋਈ ਸੱਚਾਈ ਨਹੀਂ ਹੈ ਅਤੇ ਬਿਲਕੁਲ ਝੂਠੀ ਹੈ। ਉਨ੍ਹਾਂ ਦੱਸਿਆ ਕਿ ਇਸ ਆਡੀਓ ਕਾਰਨ ਪਾਜ਼ੇਟਿਵ ਕੇਸਾਂ ਦੇ ਸੰਪਰਕ ’ਚ ਆਏ ਲੋਕਾਂ ਦੇ ਸੈਂਪਲ ਲੈਣ ’ਚ ਮੁਸ਼ਕਲਾਂ ਆ ਰਹੀਆਂ ਹਨ। ਉਨ੍ਹਾਂ ਨੇ ਝੂਠੀਆਂ ਵੀਡੀਓ ਜਾਂ ਆਡੀਓ ਵਾਇਰਲ ਕਰਨ ਵਾਲੇ ਅਨਸਰਾਂ ਨੂੰ ਤਾਡ਼ਨਾ ਕੀਤੀ ਕਿ ਉਹ ਬਾਜ ਆ ਜਾਣ ਨਹੀਂ ਤਾਂ ਉਨ੍ਹਾਂ ਵਿਰੁੱਧ ਡਿਜ਼ਾਸਟਰ ਮੈਨੇਜਮੈਂਟ ਐਕਟ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।