ਸਿਹਤ ਮੰਤਰੀ ਦਾ ਵੱਡਾ ਐਲਾਨ, 'ਕੋਰੋਨਾ' ਮਰੀਜ਼ਾਂ ਦਾ ਨਿੱਜੀ ਹਸਪਤਾਲਾਂ 'ਚ ਹੋਵੇਗਾ ਮੁਫ਼ਤ ਇਲਾਜ
Monday, Aug 31, 2020 - 04:11 PM (IST)
ਦੋਰਾਹਾ (ਵਿਪਨ) : ਪੰਜਾਬ ਦੇ ਸਿਹਤ ਮੰਤਰੀ ਨੇ ਵੱਡਾ ਐਲਾਨ ਕਰਦਿਆਂ ਕਿਹਾ ਹੈ ਕਿ ਜੇਕਰ ਕੋਈ ਕੋਰੋਨਾ ਪੀੜਤ ਵਿਅਕਤੀ ਸਰਕਾਰੀ ਹਸਪਤਾਲ ਤੋਂ ਇਲਾਜ ਕਰਵਾ ਰਿਹਾ ਹੈ ਅਤੇ ਉਸ ਨੂੰ ਇਲਾਜ ਲਈ ਕਿਸੇ ਕਾਰਨ ਨਿੱਜੀ ਹਸਪਤਾਲ ਰੈਫ਼ਰ ਕਰਨਾ ਪੈਂਦਾ ਹੈ ਤਾਂ ਉਸ ਦੇ ਇਲਾਜ ਦਾ ਸਾਰਾ ਖ਼ਰਚਾ ਸਰਕਾਰ ਚੁੱਕੇਗੀ।
ਬਲਬੀਰ ਸਿੱਧੂ ਦੋਰਾਹਾ ਵਿਖੇ ਸਾਬਕਾ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਯਾਦ 'ਚ 9 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਕਮਿਊਨਿਟੀ ਹੈਲਥ ਸੈਂਟਰ ਦਾ ਨੀਂਹ ਪੱਥਰ ਰੱਖਣ ਲਈ ਪੁੱਜੇ ਸਨ। ਇਸ ਮੌਕੇ ਬੋਲਦਿਆਂ ਬਲਬੀਰ ਸਿੱਧੂ ਨੇ ਕਿਹਾ ਕਿ ਇਹ ਹੈਲਥ ਸੈਂਟਰ ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗਾ ਅਤੇ ਇਸ ਦੀ ਮੰਗ ਇਲਾਕਾ ਵਾਸੀਆਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ।
ਇਹ ਵੀ ਪੜ੍ਹੋ : 'ਰਾਜਿੰਦਰਾ ਹਸਪਤਾਲ' ਦਾ ਨਾ ਸੁਣਦੇ ਹੀ ਡਰਨ ਲੱਗੇ ਲੋਕ, ਜਾਣੋ ਕਾਰਨ
ਹਸਪਤਾਲਾਂ 'ਚ ਮਹਿੰਗਾ ਇਲਾਜ ਕੀਤੇ ਜਾਣ 'ਤੇ ਬੋਲਦਿਆਂ ਬਲਬੀਰ ਸਿੱਧੂ ਨੇ ਕਿਹਾ ਕਿ ਕੋਰੋਨਾ ਪੀੜਤਾਂ ਨੂੰ ਐਂਬੂਲੈਂਸ ਸੇਵਾ ਮੁਫ਼ਤ ਮੁਹੱਈਆ ਕਰਵਾਈ ਜਾਂਦੀ ਹੈ ਅਤੇ ਜਿਹੜੇ ਚਾਰਜ ਵਧਾਏ ਗਏ ਹਨ, ਉਹ ਇੱਕ ਵਿਸ਼ੇਸ਼ ਫੰਡ ਲਈ ਇਸਤੇਮਾਲ ਕੀਤੇ ਜਾਣਗੇ ਅਤੇ ਜਿਹੜੀਆਂ ਦਵਾਈਆਂ ਹਸਪਤਾਲ 'ਚ ਮੌਜੂਦ ਨਹੀਂ ਹਨ, ਇਸ ਫੰਡ ਨੂੰ ਇਹ ਦਵਾਈਆਂ ਮੰਗਵਾਉਣ ਲਈ ਖਰਚਿਆ ਜਾਵੇਗਾ।
ਇਹ ਵੀ ਪੜ੍ਹੋ : ਦੂਜੀ ਜਨਾਨੀ ਨਾਲ ਪਤੀ ਨੂੰ ਦੇਖ ਪਿੱਛਾ ਕਰਦੀ ਹੋਟਲ ਪੁੱਜੀ ਪਤਨੀ, ਫਿਰ ਕਮਰੇ ਬਾਹਰ ਜੋ ਹੋਇਆ...
ਇਸ ਦੇ ਨਾਲ ਹੀ ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਦੇ ਜੱਚਾ-ਬੱਚਾ ਕੇਂਦਰਾਂ ਦਾ ਨਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦਾਈ ਮਾਈ ਦੌਲਤਾ ਦੇ ਨਾਂ 'ਤੇ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਸਿਹਤ ਮੰਤਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਇਲਾਜ ਬਾਰੇ ਗਲਤ ਅਫ਼ਵਾਹਾਂ ਫੈਲਾਉਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।