ਸ੍ਰੀ ਮੁਕਤਸਰ ਸਾਹਿਬ 'ਚ ਕੋਰੋਨਾ ਦੇ ਦੋ ਹੋਰ ਮਾਮਲੇ ਆਏ, ਦੋ ਨੂੰ ਮਿਲੀ ਛੁੱਟੀ

Sunday, Jul 26, 2020 - 05:42 PM (IST)

ਸ੍ਰੀ ਮੁਕਤਸਰ ਸਾਹਿਬ 'ਚ ਕੋਰੋਨਾ ਦੇ ਦੋ ਹੋਰ ਮਾਮਲੇ ਆਏ, ਦੋ ਨੂੰ ਮਿਲੀ ਛੁੱਟੀ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਰਿਣੀ) : ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ 'ਚ ਕੋਰੋਨਾ ਦੇ ਮਾਮਲੇ ਵੱਧਦੇ ਜਾ ਰਹੇ ਹਨ। ਸਿਹਤ ਵਿਭਾਗ ਵੱਲੋਂ ਲਗਾਤਾਰ ਕੀਤੀ ਜਾ ਰਹੀ ਸੈਂਪਲਿੰਗ ਤਹਿਤ ਅੱਜ ਫ਼ਿਰ ਜ਼ਿਲ੍ਹੇ ਅੰਦਰ ਕੋਰੋਨਾ ਦੇ ਦੋ ਕੇਸ ਸਾਹਮਣੇ ਆਏ ਹਨ। ਇਹ ਪੁਸ਼ਟੀ ਸਿਵਲ ਸਰਜਨ ਡਾ. ਹਰੀ ਨਰਾਇਣ ਸਿੰਘ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸੈਂਪਲਿੰਗ ਦੀ ਰਿਪੋਰਟ ਅਨੁਸਾਰ ਅੱਜ ਇਕ ਜਨਾਨੀ ਅਤੇ ਵਿਅਕਤੀ ਵਿਚ ਕੋਰੋਨਾ ਦੀ ਪੁਸ਼ਟੀ ਹੋਈ ਹੈ, ਜਿਸ ਵਿਚ ਪਹਿਲਾਂ ਪੀੜਤ ਸਥਾਨਕ ਗੋਨਿਆਣਾ ਰੋਡ ਦੀ ਗਲੀ ਨੰਬਰ 8 ਨਾਲ ਸਬੰਧਿਤ ਹੈ, ਜਿਸਦੀ ਉਮਰ ਕਰੀਬ 35 ਸਾਲ ਹੈ, ਜਦੋਂਕਿ ਦੂਜੀ ਪੀੜਤ ਜਨਾਨੀ ਮਲੋਟ ਦੇ ਗੁੜ ਬਾਜ਼ਾਰ ਤੋਂ ਹੈ, ਜਿਸਦੀ ਉਮਰ 35 ਸਾਲ ਹੈ, ਜਿਨ੍ਹਾਂ ਵਿਚ ਕੋਰੋਨਾ ਦੀ ਪੁਸ਼ਟੀ ਹੋਣ ਤੋਂ ਬਾਅਦ ਇਨ੍ਹਾਂ ਦੋਵਾਂ ਨੂੰ ਕੋਵਿਡ-19 ਹਸਪਤਾਲ ਵਿਖੇ ਆਈਸੂਲੇਟ ਕਰ ਦਿੱਤਾ ਗਿਆ ਹੈ। ਸਿਵਲ ਸਰਜਨ ਨੇ ਦੱਸਿਆ ਕਿ ਅੱਜ ਪਾਜ਼ੇਟਿਵ ਆਏ ਦੋ ਮਾਮਲਿਆਂ ਤੋਂ ਬਾਅਦ ਜ਼ਿਲ੍ਹੇ 'ਚ ਕੋਰੋਨਾ ਮਾਮਲਿਆਂ ਦੀ ਗਿਣਤੀ 204 ਹੋ ਗਈ ਹੈ, ਜਿਨ੍ਹਾਂ ਵਿੱਚੋਂ 169 ਮਰੀਜ਼ ਠੀਕ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ, ਜਦਕਿ 34 ਮਰੀਜ਼ ਇਸ ਸਮੇਂ ਸਰਗਰਮ ਚੱਲ ਹਨ ਅਤੇ ਇਕ ਜਨਾਨੀ ਦੀ ਕੋਰੋਨਾ ਕਰਕੇ ਮੌਤ ਵੀ ਹੋ ਚੁੱਕੀ ਹੈ। 

ਦੋ ਮਰੀਜ਼ਾਂ ਨੂੰ ਮਿਲੀ ਛੁੱਟੀ
ਸਿਵਲ ਸਰਜਨ ਨੇ ਦੱਸਿਆ ਕਿ ਕੋਰੋਨਾ ਪੀੜਤਾਂ ਵਿਚੋਂ ਅੱਜ ਦੋ ਮਰੀਜ਼ਾਂ ਨੂੰ ਮਿਸ਼ਨ ਫਤਹਿ ਤਹਿਤ ਠੀਕ ਕਰਕੇ ਘਰ ਭੇਜਿਆ ਗਿਆ ਹੈ, ਜਿਨ੍ਹਾਂ ਵਿਚੋਂ ਪਹਿਲਾ ਮਰੀਜ਼ ਕੋਵਿਡ-19 ਸੈਂਟਰ ਵਿਖੇ ਦਾਖ਼ਲ ਸੀ, ਜਦਕਿ ਦੂਜਾ ਮਰੀਜ਼ ਜੋ ਮਲੋਟ ਵਿਖੇ ਆਪਣੇ ਘਰ 'ਚ ਹੀ ਆਈਸੋਲੇਟ ਸੀ, ਨੂੰ ਵੀ ਅੱਜ ਛੁੱਟੀ ਦੇ ਦਿੱਤੀ ਗਈ ਹੈ। ਦੋਵਾਂ ਮਰੀਜ਼ਾਂ ਨੂੰ ਆਪਣੇ-ਆਪਣੇ ਘਰਾਂ ਵਿਚ 7 ਦਿਨਾਂ ਲਈ ਕੁਆਰੰਟਾਈਨ ਰਹਿਣ ਦੀ ਹਦਾਇਤ ਕੀਤੀ ਗਈ ਹੈ।


author

Gurminder Singh

Content Editor

Related News