ਅੰਮ੍ਰਿਤਸਰ ’ਚ ‘ਕੋਰੋਨਾ’ ਬਲਾਸਟ, 276 ਮਾਮਲੇ ਆਏ ਪਾਜ਼ੇਟਿਵ
Friday, Jan 07, 2022 - 08:09 PM (IST)
ਅੰਮ੍ਰਿਤਸਰ (ਦਲਜੀਤ ਸ਼ਰਮਾ) : ਪੰਜਾਬ ’ਚ ਕੋਰੋਨਾ ਵਾਇਰਸ ਨਾਲ ਹਾਲਾਤ ਤੇਜ਼ੀ ਨਾਲ ਖ਼ਰਾਬ ਹੋ ਰਹੇ ਹਨ। ਮਰੀਜ਼ਾਂ ਦੀ ਪਾਜ਼ੇਟਿਵਿਟੀ ਦਰ 10.20 ਫ਼ੀਸਦੀ ਹੋ ਗਈ ਹੈ। ਅੱਜ ਅੰਮ੍ਰਿਤਸਰ ’ਚ ਇਕ ਵਾਰ ਫਿਰ ਜ਼ਬਰਦਸਤ ਢੰਗ ਨਾਲ ‘ਕੋਰੋਨਾ’ ਬਲਾਟ ਹੋਇਆ ਹੈ। ਸ਼ੁੱਕਰਵਾਰ ਨੂੰ 276 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇੰਨੀ ਵੱਡੀ ਗਿਣਤੀ ’ਚ ਕੋਰੋਨਾ ਦੇ ਕੇਸ ਸਾਹਮਣੇ ਆਉਣ ਕਾਰਨ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈਹੈ। ਸਿਹਤ ਮਹਿਕਮੇ ਵਲੋਂ ਪਿਛਲੇ 24 ਘੰਟਿਆਂ ’ਚ 4600 ਲੋਕਾਂ ਦੇ ਟੈਸਟ ਕੀਤੇ ਗਏ ਸਨ। ਜਾਣਕਾਰੀ ਅਨੁਸਾਰ ਅੰਮ੍ਰਿਤਸਰ ’ਚ ਇਕ ਵਾਰ ਫਿਰ ਤੋਂ ਕੋਰੋਨਾ ਦੇ ਕੇਸ ਤੇਜ਼ੀ ਨਾਲ ਵੱਧ ਰਹੇ ਹਨ। ਲੋਕਾਂ ਦੀ ਲਾਪਰਵਾਹੀ ਕਾਰਨ ਇਸ ਵਾਰ ਜ਼ਬਰਦਸਤ ਢੰਗ ਨਾਲ ਕੋਰੋਨਾ ਵਾਇਰਸ ਫੈਲ ਰਿਹਾ ਹੈ। ਸਿਹਤ ਮਹਿਕਮੇ ਦਾ ਮੰਨਣਾ ਹੈ ਕਿ ਜੇਕਰ ਲੋਕਾਂ ਨੇ ਗਾਈਡਲਾਈਨਜ਼ ਦੀ ਪਾਲਣਾ ਨਾ ਕੀਤੀ ਤਾਂ ਆਉਣ ਵਾਲੇ ਦਿਨਾਂ ’ਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ’ਚ ਹੋਰ ਵਾਧਾ ਹੋ ਸਕਦਾ ਹੈ।
ਇਹ ਵੀ ਪੜ੍ਹੋ : ਇਟਲੀ ਤੋਂ ਆਉਣ ਵਾਲੇ 100 ਤੋਂ ਵੱਧ ਯਾਤਰੀਆਂ ਦੀ ਰਿਪੋਰਟ ਪਾਜ਼ੇਟਿਵ ਆਉਣ ’ਤੇ ਵੱਡਾ ਸਵਾਲ!
ਦੱਸਣਯੋਗ ਹੈ ਕਿ ਵੀਰਵਾਰ ਨੂੰ ਇਟਲੀ ਦੇ ਰੋਮ ਤੋਂ ਚਾਰਟਰਡ ਪਲੇਨ ਰਾਹੀਂ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪੁੱਜੇ 179 ਮੁਸਾਫਰਾਂ ’ਚੋਂ 125 ਕੋਰੋਨਾ ਪੀੜਤ ਪਾਏ ਗਏ, ਜਿਸ ਨੇ ਹਾਲਾਤ ਹੋਰ ਵਿਗਾੜ ਦਿੱਤੇ ਹਨ। ਵੀਰਵਾਰ ਦੁਪਹਿਰ ਲੱਗਭਗ ਸਾਢੇ 11 ਵਜੇ ਅੰਮ੍ਰਿਤਸਰ ਹਵਾਈ ਅੱਡੇ ’ਤੇ ਉੱਤਰੇ ਚਾਰਟਰਡ ਪਲੇਨ ’ਚ ਸਵਾਰ ਸਾਰੇ ਮੁਸਾਫਰਾਂ ਦਾ ਰੈਪਿਡ ਟੈਸਟ ਕੀਤਾ ਗਿਆ। ਇਨ੍ਹਾਂ ’ਚੋਂ 125 ’ਚ ਕੋਰੋਨਾ ਦੀ ਪੁਸ਼ਟੀ ਹੋਈ। ਇਨ੍ਹਾਂ ’ਚ ਹੁਸ਼ਿਆਪੁਰ ਜ਼ਿਲ੍ਹੇ ’ਚੋਂ ਸਭ ਤੋਂ ਜ਼ਿਆਦਾ 24 ਮਰੀਜ਼ ਰਿਪੋਰਟ ਹੋਏ, ਜਦਕਿ 13 ਅੰਮ੍ਰਿਤਸਰ ਦੇ ਰਹਿਣ ਵਾਲੇ ਹਨ। ਇਨ੍ਹਾਂ ’ਚ 11 ਲੁਧਿਆਣਾ, 13 ਜਲੰਧਰ, 2 ਕਪੂਰਥਲਾ, 1 ਬਰਨਾਲਾ, 1 ਮਾਨਸਾ, 1 ਜੰਮੂ-ਕਸ਼ਮੀਰ, 10 ਹਰਿਆਣਾ ਤੇ 1 ਰਾਜਸਥਾਨ ਨਾਲ ਸਬੰਧਤ ਹਨ। ਇਨ੍ਹਾਂ ਪੀੜਤਾਂ ’ਚ ਬੱਚੇ ਵੀ ਸ਼ਾਮਿਲ ਹਨ। ਸਾਰੇ ਮੁਸਾਫਰਾਂ ਨੂੰ ਆਈਸੋਲੇਟ ਕਰ ਕੇ ਉਨ੍ਹਾਂ ਦੇ ਆਰ. ਟੀ. ਪੀ. ਸੀ. ਆਰ. ਟੈਸਟ ਕਰਵਾਏ ਗਏ। ਦੇਰ ਰਾਤ ਅੰਮ੍ਰਿਤਸਰ ਦੇ 13 ਕੋਰੋਨਾ ਪਾਜ਼ੇਟਿਵ ਯਾਤਰੀ ਫਰਾਰ ਹੋ ਗਏ। ਡੀ. ਸੀ. ਗੁਰਪ੍ਰੀਤ ਸਿੰਘ ਖਹਿਰਾ ਨੇ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਇਨ੍ਹਾਂ ਲੋਕਾਂ ਦੀ ਜਾਣਕਾਰੀ ਨਾ ਮਿਲੀ ਤਾਂ ਕੇਸ ਦਰਜ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਵੱਡਾ ਸਵਾਲ: ਅੰਦੋਲਨਕਾਰੀਆਂ ਨੂੰ ਕਿਵੇਂ ਮਿਲੀ PM ਦੇ ਸੜਕ ਰਾਹੀਂ ਜਾਣ ਦੇ ਪ੍ਰੋਗਰਾਮ ਦੀ ਜਾਣਕਾਰੀ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ