ਲੋਕਾਂ ਦੀ ਜਾਨ ਤੋਂ ਵੱਧ ਹੋ ਗਈ ਸਿਆਸਤ, ਲਾਕਡਾਊਨ ਦੇ ਬਾਵਜੂਦ ਸਾਬਕਾ ਵਿਧਾਇਕ ਨੇ ਕੀਤਾ ਸ਼ਕਤੀ ਪ੍ਰਦਰਸ਼ਨ
Saturday, May 15, 2021 - 05:51 PM (IST)
ਸਮਰਾਲਾ : ਵਿਸ਼ਵ ਭਰ ’ਚ ਜਿੱਥੇ ਕੋਰੋਨਾ ਦਾ ਕਹਿਰ ਹੈ, ਉਥੇ ਹੀ ਪੰਜਾਬ ਅੰਦਰ ਕੋਰੋਨਾ ਦੇ ਕਹਿਰ ਨੂੰ ਰੋਕਣ ਲਈ ਵੀਕੈਂਡ ਲਾਕਡਾਊਨ ਵੀ ਲਾਇਆ ਹੋਇਆ ਹੈ। ਪ੍ਰੰਤੂ, ਸਮਰਾਲਾ ਵਿਖੇ ਉਸ ਸਮੇਂ ਲੋਕਾਂ ਦੀ ਜਾਨ ਤੋਂ ਵੱਧ ਜ਼ਰੂਰੀ ਸਿਆਸਤ ਦਿਖਾਈ ਦਿੱਤੀ ਜਦੋਂ ਇੱਥੋਂ ਦੇ ਸਾਬਕਾ ਵਿਧਾਇਕ ਜਗਜੀਵਨਪਾਲ ਸਿੰਘ ਖੀਰਨੀਆਂ ਨੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨ ਲਈ ਇਕ ਮੈਰਿਜ ਪੈਲੇਸ ਅੰਦਰ ਭਾਰੀ ਇਕੱਠ ਕਰ ਲਿਆ।
ਦਰਅਸਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨੀਂ ਪਰਮਜੀਤ ਸਿੰਘ ਢਿੱਲੋਂ ਨੂੰ ਥਾਪੜਾ ਦੇ ਕੇ ਸਮਰਾਲਾ ਦੀ ਕਮਾਨ ਸੰਭਾਲੀ ਤਾਂ ਇੱਥੋਂ ਟਿਕਟ ਦੀ ਮੰਗ ਕਰ ਰਹੇ ਜਗਜੀਵਨਪਾਲ ਸਿੰਘ ਖੀਰਨੀਆਂ ਨੇ ਵਿਰੋਧ ਸ਼ੁਰੂ ਕਰ ਦਿੱਤਾ। ਖੀਰਨੀਆਂ ਨੇ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਇਹ ਜ਼ਰੂਰੀ ਨਹੀਂ ਸਮਝਿਆ ਕਿ ਲੋਕਾਂ ਦੀ ਜਾਨ ਰਾਜਨੀਤੀ ਤੋਂ ਜ਼ਿਆਦਾ ਜ਼ਰੂਰੀ ਹੈ। ਖੀਰਨੀਆਂ ਨੇ ਸਾਬਕਾ ਨਗਰ ਕੌਂਸਲ ਪ੍ਰਧਾਨ ਮੰਗਤ ਰਾਏ ਦੇ ਮਾਲਵਾ ਰਿਜ਼ੋਰਟ ’ਚ ਵੀਕੈਂਡ ਕਰਫਿਊ ਦੇ ਬਾਵਜੂਦ ਭਾਰੀ ਇਕੱਠ ਕੀਤਾ ਅਤੇ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ। ਜਦੋਂ ਖੀਰਨੀਆਂ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਹ ਇਹ ਤਰਕ ਦੇਣ ਲੱਗੇ ਕਿ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਜਦਕਿ ਉਹ ਖੁਦ ਇਸਦੀਆਂ ਧੱਜੀਆਂ ਉਡਾ ਰਹੇ ਸਨ। ਰਿਜ਼ੋਰਟ ਦੇ ਮਾਲਕ ਮੰਗਤ ਰਾਏ ਨੇ ਕਿਹਾ ਕਿ ਲੋਕ ਆਪ ਮੁਹਾਰੇ ਆ ਗਏ। ਉਨ੍ਹਾਂ ਨੇ ਤਾਂ ਇੰਨੇ ਲੋਕ ਨਹੀਂ ਸੱਦੇ ਸੀ।
ਉਥੇ ਹੀ ਆਮ ਲੋਕਾਂ ਦੇ ਚਾਲਾਨ ਕੱਟਣ ਅਤੇ ਦੁਕਾਨਦਾਰਾਂ ਖ਼ਿਲਾਫ਼ ਮੁਕੱਦਮੇ ਦਰਜ ਕਰਨ ਵਾਲੀ ਪੁਲਸ ਨੇ ਇਸ ’ਤੇ ਵੱਖਰੀ ਹੀ ਟਿੱਪਣੀ ਕੀਤੀ। ਥਾਣਾ ਸਮਰਾਲਾ ਦੇ ਮੁਖੀ ਕੁਲਵੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸੰਬੰਧੀ ਕੋਈ ਸ਼ਿਕਾਇਤ ਹੀ ਨਹੀਂ ਮਿਲੀ। ਜਨਾਬ ਕੋਲ ਇਸ ਗੱਲ ਦਾ ਜਵਾਬ ਨਹੀਂ ਸੀ ਕਿ ਜਿਹੜੇ ਦੁਕਾਨਦਾਰਾਂ ਖ਼ਿਲਾਫ਼ ਪੁਲਸ ਆਪ ਮੁਹਾਰੇ ਮੁਕੱਦਮੇ ਦਰਜ ਕਰਦੀ ਹੈ ਉਦੋਂ ਸ਼ਿਕਾਇਤ ਕੌਣ ਕਰਦਾ ਹੈ।