ਕੋਰੋਨਾ ਕਾਰਣ ਨੌਜਵਾਨ ਅਤੇ ਬਜ਼ੁਰਗ ਔਰਤ ਦੀ ਮੌਤ
Saturday, Oct 24, 2020 - 06:15 PM (IST)
ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) : ਕੋਰੋਨਾ ਦਾ ਪ੍ਰਕੋਪ ਬੇਹੱਦ ਕਾਫ਼ੀ ਹੱਦ ਤੱਕ ਘਟ ਗਿਆ ਹੈ ਪਰ ਫਿਰ ਵੀ ਇਹ ਮਹਾਮਾਰੀ ਲੋਕਾਂ ਦੀ ਜਾਨ ਲਈ ਅਜੇ ਵੀ ਖ਼ਤਰਾ ਬਣੀ ਹੋਈ ਹੈ। ਐੱਸ. ਐੱਮ. ਓ. ਡਾ. ਜਸਪ੍ਰੀਤ ਕੌਰ ਨੇ ਦੱਸਿਆ ਕਿ ਮਾਛੀਵਾੜਾ ਬੇਟ ਖੇਤਰ ਦੇ ਇਕ ਪਿੰਡ 'ਚ 31 ਸਾਲਾ ਨੌਜਵਾਨ ਦੀ ਕੋਰੋਨਾ ਨਾਲ ਮੌਤ ਹੋ ਗਈ। ਡਾਕਟਰ ਅਨੁਸਾਰ ਇਹ ਨੌਜਵਾਨ ਕਈ ਬੀਮਾਰੀਆਂ ਨਾਲ ਪੀੜ੍ਹਤ ਸੀ, ਜਿਸਦਾ ਲੁਧਿਆਣਾ ਫੋਰਟਿਸ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ ਜਿੱਥੇ ਉਹ ਦਮ ਤੋੜ ਗਿਆ। ਇਸ ਨੌਜਵਾਨ ਦਾ ਸਿਹਤ ਵਿਭਾਗ ਦੀ ਨਿਗਰਾਨੀ ਹੇਠ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ।
ਦੂਸਰਾ ਮਾਮਲਾ ਸਮਰਾਲਾ ਨੇੜਲੇ ਇਕ ਪਿੰਡ ਦਾ ਹੈ ਜਿਥੇ 74 ਸਾਲ ਦੀ ਔਰਤ ਇਕ ਬੀਮਾਰੀ ਦਾ ਇਲਾਜ ਕਰਵਾਉਣ ਲਈ ਪੀ. ਜੀ. ਆਈ. ਦਾਖਲ ਹੋਈ ਸੀ ਜਿੱਥੇ ਉਸਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਅਤੇ ਉਹ ਵੀ ਦਮ ਤੋੜ ਗਈ। ਡਾਕਟਰ ਜਸਪ੍ਰੀਤ ਕੌਰ ਅਨੁਸਾਰ ਮਾਛੀਵਾੜਾ ਬਲਾਕ 'ਚ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਰੋਜ਼ਾਨਾ 100 ਤੋਂ 150 ਟੈਸਟ ਕੀਤੇ ਜਾ ਰਹੇ ਹਨ ਅਤੇ ਰੋਜ਼ਾਨਾ ਇਕਾ-ਦੁੱਕਾ ਮਾਮਲੇ ਸਾਹਮਣੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਕੋਰੋਨਾ ਦੇ ਜ਼ਿਆਦਾ ਮਾਮਲੇ ਮਾਛੀਵਾੜਾ ਦੇ ਆਸਪਾਸ ਫੈਕਟਰੀਆਂ 'ਚ ਕੰਮ ਕਰਦੇ ਮਜ਼ਦੂਰਾਂ ਨਾਲ ਸਬੰਧਿਤ ਹਨ ਅਤੇ ਲੋਕ ਪੂਰੀ ਤਰ੍ਹਾਂ ਜਾਗਰੂਕ ਰਹਿਣ ਕਿਉਂਕਿ ਥੋੜ੍ਹੀ ਜਿਹੀ ਲਾਪ੍ਰਵਾਹੀ ਫਿਰ ਇਸ ਬੀਮਾਰੀ ਦਾ ਫੈਲਾਅ ਵਧਾ ਸਕਦੀ ਹੈ।