ਨਸ਼ੇ ਵਾਲੀਆਂ ਗੋਲੀਆਂ ਸਣੇ 1 ਕਾਬੂ

04/11/2018 5:07:55 AM

ਖਾਲੜਾ, ਭਿੱਖੀਵਿੰਡ  (ਭਾਟੀਆ, ਬਖਤਾਵਰ, ਲਾਲੂਘੁੰਮਣ)-  ਥਾਣਾ ਖਾਲੜਾ ਦੀ ਪੁਲਸ ਨੇ 1300 ਨਸ਼ੇ ਵਾਲੀਆਂ ਗੋਲੀਆਂ ਸਣੇ ਇਕ ਨੌਜਵਾਨ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ  ਐੱਸ. ਐੱਚ. ਓ. ਗੁਰਚਰਨ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਏ. ਐੱਸ. ਆਈ. ਭਗਵੰਤ ਸਿੰਘ ਗਸ਼ਤ ਦੌਰਾਨ ਪੁਲਸ ਪਾਰਟੀ ਸਮੇਤ ਖਾਲੜਾ ਤੋਂ ਪਿੰਡ ਨਾਰਲਾ ਨੂੰ ਜਾ ਰਹੇ ਸਨ ਤਾਂ ਜਦ ਉਹ ਮੁਗਲ ਚੱਕ ਗੇਟ ਨੇੜੇ ਪੁੱਜੇ ਤਾਂ ਮਾੜੀਮੇਘਾ ਵੱਲੋਂ ਆਉਂਦਾ ਇਕ ਨੌਜਵਾਨ ਪੁਲਸ ਪਾਰਟੀ ਨੂੰ ਵੇਖ ਕੇ ਆਪਣੇ ਹੱਥ 'ਚ ਫੜੇ ਪਲਾਸਟਿਕ ਦੇ ਲਿਫਾਫੇ ਨੂੰ ਜ਼ਮੀਨ 'ਤੇ ਸੁੱਟ ਕੇ ਪਿੱਛੇ ਨੂੰ ਮੁੜ ਪਿਆ, ਜਿਸ ਨੂੰ ਪੁਲਸ ਪਾਰਟੀ ਨੇ ਕਾਬੂ ਕਰ ਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਨਾਂ ਅਜਮੇਰ ਸਿੰਘ ਕਾਲਾ ਪੁੱਤਰ ਗੁਰਮੁਖ ਸਿੰਘ ਵਾਸੀ ਖਾਲੜਾ ਦੱਸਿਆ। ਉਸ ਕੋਲ ਫੜੇ ਲਿਫਾਫੇ 'ਚੋਂ ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ, ਜਿਨ੍ਹਾਂ ਦੀ ਗਿਣਤੀ ਲਗਭਗ 1300 ਦੇ ਕਰੀਬ ਸੀ।
ਕੀ ਕਹਿਣਾ ਹੈ ਥਾਣਾ ਮੁਖੀ ਦਾ :  ਥਾਣਾ ਮੁਖੀ ਗੁਰਚਰਨ ਸਿੰਘ ਨੇ ਦੱਸਿਆ ਕਿ ਉਕਤ ਮੁਲਜ਼ਮ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਉੱਧਰ ਨੌਜਵਾਨ ਦੇ ਪਰਿਵਾਰ ਵੱਲੋਂ ਉਸ ਨੂੰ ਝੂਠੇ ਕੇਸ 'ਚ ਫਸਾਏ ਜਾਣ ਦੀ ਗੱਲ ਕਹੀ ਜਾ ਰਹੀ ਹੈ। ਇਸ ਬਾਰੇ ਪੁੱਛਣ 'ਤੇ ਥਾਣਾ ਮੁਖੀ ਨੇ ਦੱਸਿਆ ਕਿ ਇਸ ਨੌਜਵਾਨ ਖਿਲਾਫ ਪਹਿਲਾਂ ਵੀ ਕੇਸ ਦਰਜ ਹਨ, ਜਦਕਿ ਇਸ ਸਬੰਧੀ ਨੌਜਵਾਨ ਅਜਮੇਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ 'ਤੇ ਧੱਕੇਸ਼ਾਹੀ ਦੇ ਇਲਜ਼ਾਮ ਲਾਉਂਦਿਆਂ ਉਸ 'ਤੇ ਝੂਠਾ ਕੇਸ ਪਾਉਣ ਦੀ ਗੱਲ ਕਹੀ ਹੈ।
ਮੇਰਾ ਪਤੀ ਨਿਰਦੋਸ਼ : ਪ੍ਰੀਤ ਕੌਰ
ਮੁਲਜ਼ਮ ਦੀ ਪਤਨੀ ਪ੍ਰੀਤ ਕੌਰ ਦਾ ਕਹਿਣਾ ਸੀ ਕਿ ਉਸ ਦੇ ਪਤੀ ਨੂੰ ਭਿੱਖੀਵਿੰਡ ਤੋਂ ਵਾਪਸ ਪਰਤਦਿਆਂ ਰਸਤੇ 'ਚੋਂ ਗ੍ਰਿਫਤਾਰ ਕਰ ਕੇ ਨਸ਼ੇ ਵਾਲੀਆਂ ਗੋਲੀਆਂ ਦੇ ਝੂਠੇ ਮਾਮਲੇ 'ਚ ਫਸਾ ਦਿੱਤਾ ਗਿਆ ਹੈ। ਉਸ ਅਨੁਸਾਰ ਉਸ ਦਾ ਪਤੀ ਕੁਝ ਮਹੀਨੇ ਪਹਿਲਾਂ ਨਸ਼ੇ ਦਾ ਆਦੀ ਸੀ ਪਰ ਹੁਣ ਉਹ ਬਿਲਕੁਲ ਠੀਕ ਹੈ ਤੇ ਨਿਰਦੋਸ਼ ਹੋਣ ਦੇ ਬਾਵਜੂਦ ਉਸ ਨੂੰ ਨਾਜਾਇਜ਼ ਕੇਸ 'ਚ ਫਸਾਇਆ ਗਿਆ ਹੈ 


Related News