ਠੇਕਾ ਆਧਾਰਿਤ ਐੱਨ.ਐੱਚ.ਐੱਮ. ਕਰਮਚਾਰੀਆਂ ਨੇ ਸਰਕਾਰ ਖਿਲਾਫ਼ ਕੀਤੀ ਨਾਅਰੇਬਾਜ਼ੀ

Wednesday, Mar 07, 2018 - 11:55 PM (IST)

ਨਵਾਂਸ਼ਹਿਰ, (ਤ੍ਰਿਪਾਠੀ)- ਨੈਸ਼ਨਲ ਹੈਲਥ ਮਿਸ਼ਨ ਤਹਿਤ ਪਿਛਲੇ 8 ਸਾਲਾਂ ਤੋਂ ਠੇਕੇ 'ਤੇ ਕੰਮ ਕਰ ਰਹੇ ਸਿਹਤ ਕਰਮਚਾਰੀਆਂ ਨੇ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਅੱਜ ਸਿਵਲ ਸਰਜਨ ਦਫ਼ਤਰ ਦੇ ਬਾਹਰ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ । ਕਰਮਚਾਰੀਆਂ ਨੇ ਆਪਣਾ ਰੋਸ ਜਤਾਉਂਦਿਆਂ ਦਫਤਰੀ ਕੰਮਕਾਜ ਕਾਲੀ ਪੱਟੀ ਬੰਨ੍ਹ ਕੇ ਕੀਤਾ । ਪ੍ਰਦਰਸ਼ਨ ਕਰ ਰਹੇ ਠੇਕਾ ਕਰਮਚਾਰੀਆਂ ਦੇ ਸੰਘਰਸ਼ 'ਚ ਰੈਗੂਲਰ ਕਰਮਚਾਰੀਆਂ ਨੇ ਵੀ ਸ਼ਮੂਲੀਅਤ ਕਰ ਕੇ ਕਰਮਚਾਰੀਆਂ ਦੀਆਂ ਮੰਗਾਂ ਦਾ ਸਮਰਥਨ ਕਰਦੇ ਹੋਏ ਸਰਕਾਰ ਤੋਂ ਠੇਕਾ ਆਧਾਰਿਤ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੀ ਮੰਗ ਕੀਤੀ ।  
ਇਸ ਮੌਕੇ ਐੱਨ.ਐੱਚ.ਐੱਮ. ਯੂਨੀਅਨ ਦੇ ਪ੍ਰਧਾਨ ਗੁਰਪ੍ਰਸਾਦ ਨੇ ਕਿਹਾ ਕਿ ਪੰਜਾਬ ਭਰ ਦੇ ਸਿਹਤ ਕਰਮਚਾਰੀਆਂ ਨੇ 6 ਤੋਂ 9 ਮਾਰਚ ਤੱਕ ਦਫਤਰੀ ਕੰਮਕਾਜ ਕਾਲੀ ਪੱਟੀ ਬੰਨ੍ਹ ਕੇ ਕਰਨ ਦਾ ਫ਼ੈਸਲਾ ਲਿਆ ਹੈ । ਨੈਸ਼ਨਲ ਹੈਲਥ ਮਿਸ਼ਨ ਪੰਜਾਬ ਤਹਿਤ ਕਰੀਬ 8 ਹਜ਼ਾਰ ਸਿਹਤ ਕਰਮਚਾਰੀ ਪਿਛਲੇ 8 ਸਾਲਾਂ ਤੋਂ ਠੇਕੇ 'ਤੇ ਕੰਮ ਕਰਦੇ ਹੋਏ ਬਹੁਤ ਹੀ ਘੱਟ ਤਨਖਾਹ ਹਾਸਲ ਕਰ ਰਹੇ ਹਨ ਪਰ ਹਾਲੇ ਤੱਕ ਸਰਕਾਰ ਨੇ ਉਨ੍ਹਾਂ ਨੂੰ ਰੈਗੂਲਰ ਕਰਨ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਹੈ । ਸਿਹਤ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਯੂਨੀਅਨ ਦੇ ਵਫਦ ਦੀ ਹੋਈ ਮੀਟਿੰਗ 'ਚ ਭਰੋਸਾ ਦਿੱਤਾ ਸੀ ਕਿ ਹਰਿਆਣਾ ਪੈਟਰਨ 'ਤੇ ਠੇਕਾ ਆਧਾਰਿਤ ਕਰਮਚਾਰੀਆਂ ਨੂੰ ਪੂਰਾ ਸਕੇਲ ਦਿੱਤਾ ਜਾਵੇਗਾ ਪਰ ਉਸ ਨੂੰ ਹਾਲੇ ਤੱਕ ਅਮਲੀ ਰੂਪ ਨਹੀਂ ਦਿੱਤਾ ਗਿਆ । 
ਇਸ ਮੌਕੇ ਜ਼ਿਲਾ ਪਰਿਵਾਰ ਭਲਾਈ ਅਧਿਕਾਰੀ ਡਾ. ਸੁਖਵਿੰਦਰ ਸਿੰਘ ਹੀਰਾ ਨੇ ਕਿਹਾ ਕਿ ਸਿਹਤ ਕਰਮਚਾਰੀਆਂ ਨੂੰ ਪੂਰੀ ਤਨਖਾਹ ਨਾ ਮਿਲਣ ਕਾਰਨ ਆਰਥਕ ਤੰਗੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਾਰਨ ਅਜਿਹੇ ਹਾਲਾਤ 'ਚ ਤਣਾਅ ਮੁਕਤ ਹੋ ਕੇ ਕੰਮ ਕਰਨਾ ਸੰਭਵ ਨਹੀਂ ਹੈ । ਉਨ੍ਹਾਂ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਕਰਮਚਾਰੀਆਂ ਨੂੰ ਰੈਗੂਲਰ ਕਰ ਕੇ ਪੂਰੀ ਤਨਖਾਹ ਜਾਰੀ ਕੀਤੀ ਜਾਵੇ ।  
ਇਸ ਮੌਕੇ ਜ਼ਿਲਾ ਪ੍ਰੋਗਰਾਮ ਮੈਨੇਜਰ ਰਾਮ ਸਿੰਘ, ਡਾ. ਜਗਦੀਪ ਸਿੰਘ, ਅਜੇ ਕੁਮਾਰ, ਬਲਵੀਰ ਸਿੰਘ, ਗੁਰਪ੍ਰੀਤ ਸਿੰਘ, ਵਿਨੋਦ ਖੰਨਾ, ਜਗਤ ਰਾਮ, ਰਣਵੀਰ ਬੱਬਰ, ਤਰਨਦੀਪ ਸਿੰਘ, ਹਰਜੋਤ ਸਿੰਘ, ਕਾਂਤਾ ਦੇਵੀ, ਸੁਨੀਤਾ ਰਾਣੀ, ਪੂਨਮ ਰਾਣੀ, ਮੁਨੀਸ਼ ਕੁਮਾਰ, ਜਤਿੰਦਰ ਕੁਮਾਰ, ਰਵੀ ਕੁਮਾਰ ਤੇ ਬਲਵੀਰ ਕੁਮਾਰ ਆਦਿ ਵੀ ਮੌਜੂਦ ਸਨ । 


Related News