ਇਕ ਜਾਗਰੂਕ ਗ੍ਰਾਹਕ ਸਦਕਾ ਸਿਹਤ ਵਿਭਾਗ ਨੂੰ ਮਿਲੀ ਵੱਡੀ ਕਾਮਯਾਬੀ

Wednesday, Nov 24, 2021 - 05:49 PM (IST)

ਇਕ ਜਾਗਰੂਕ ਗ੍ਰਾਹਕ ਸਦਕਾ ਸਿਹਤ ਵਿਭਾਗ ਨੂੰ ਮਿਲੀ ਵੱਡੀ ਕਾਮਯਾਬੀ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ, ਪਵਨ) : ਸ੍ਰੀ ਮੁਕਤਸਰ ਸਾਹਿਬ ਸਿਹਤ ਵਿਭਾਗ ਨੇ ਅੱਜ ਇਕ ਗੋਦਾਮ ’ਤੇ ਛਾਪੇਮਾਰੀ ਕਰਕੇ ਵੱਡੀ ਗਿਣਤੀ ਵਿਚ ਐਕਸਪਾਇਰ ਸਾਫ਼ਟਡਰਿੰਕ, ਪਾਣੀ ਦੀਆਂ ਬੋਤਲਾਂ ਆਦਿ ਬਰਾਮਦ ਕੀਤੀਆਂ ਹਨ। ਇਹ ਕਾਰਵਾਈ ਡਿਪਟੀ ਕਮਿਸ਼ਨਰ ਮੁਕਤਸਰ ਸਾਹਿਬ ਦੇ ਮੋਬਾਇਲ ਰਾਹੀਂ ਮਿਲੇ ਹੁਕਮਾਂ ਉਪਰੰਤ ਹੋਈ ਹੈ। ਦਰਅਸਲ ਹੋਇਆ ਇੰਝ ਕਿ ਗੁਰਦਾਸਪੁਰ ਵਾਸੀ ਰਮੇਸ਼ ਬਹਿਲ ਕਿਸੇ ਕੰਮ ਮਲੋਟ ਆਇਆ ਸੀ ਅਤੇ ਜਦ ਉਹ ਬੱਸ ਰਾਹੀਂ ਵਾਪਸ ਜਾ ਰਿਹਾ ਸੀ ਅਤੇ ਬੱਸ ਸ੍ਰੀ ਮੁਕਤਸਰ ਸਾਹਿਬ ਬੱਸ ਅੱਡੇ ’ਤੇ ਰੁਕੀ ਤਾਂ ਉਸਨੇ ਇਕ ਕੋਲਡ ਡ੍ਰਿੰਕ ਬੱਸ ਅੱਡੇ ਅੰਦਰ ਬਣੀਆ ਦੁਕਾਨਾਂ ਤੋਂ ਖਰੀਦੀ। ਰਮੇਸ਼ ਅਨੁਸਾਰ ਉਸਨੇ ਵੇਖਿਆ ਕਿ ਇਹ ਕੋਲਡ ਡਰਿੰਕ ਦੀ ਐਕਸਪਾਇਰੀ ਮਿਤੀ ਲੰਘੀ ਹੋਈ ਸੀ, ਉਸਨੇ ਦੁਕਾਨਦਾਰ ਨੂੰ ਸ਼ਿਕਾਇਤ ਕੀਤੀ ਤਾਂ ਉਸਨੇ ਕੋਲਡ ਡਰਿੰਕ ਵਾਪਸ ਕਰਕੇ ਉਸਨੂੰ ਹੋਰ ਕੋਲਡ ਡਰਿੰਕ ਦੇ ਦਿੱਤੀ ਪਰ ਉਸਨੇ ਵੇਖਿਆ ਕਿ ਉਹ ਐਕਸਪਾਇਰ ਕੋਲਡ ਡਰਿੰਕ ਦੁਬਾਰਾ ਫਿਰ ਕਿਸੇ ਹੋਰ ਗ੍ਰਾਹਕ ਨੂੰ ਦੇਣ ਲਈ ਫਰਿਜ ਵਿਚ ਲਗਾ ਦਿੱਤੀ ਗਈ।

ਉਸਨੇ ਪਹਿਲਾਂ ਇਸ ਸਬੰਧੀ ਪੁਲਸ ਅਤੇ ਫਿਰ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੂੰ ਫੋਨ ਰਾਹੀਂ ਸ਼ਿਕਾਇਤ ਕੀਤੀ, ਡਿਪਟੀ ਕਮਿਸ਼ਨਰ ਨੇ ਤੁਰੰਤ ਸਿਹਤ ਵਿਭਾਗ ਦੀ ਟੀਮ ਉੱਥੇ ਪਹੁੰਚੀ। ਜ਼ਿਲ੍ਹਾ ਫੂਡ ਸੇਫਟੀ ਅਫ਼ਸਰ ਅਭਿਨਵ ਕੁਮਾਰ ਦੀ ਅਗਵਾਈ ਵਾਲੀ ਟੀਮ ਨੇ ਜਦ ਜਾਂਚ ਕੀਤੀ ਤਾਂ ਦੁਕਾਨਦਾਰ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਹੋਲ ਸੇਲਰ ਵੱਲੋਂ ਹੀ ਇਹ ਐਕਸਪਾਇਰ ਸਮਾਨ ਭੇਜਿਆ ਗਿਆ ਹੈ, ਜਦ ਇਸ ਮਾਮਲੇ ਵਿਚ ਹੋਲਸੇਲਰ ਨੂੰ ਬੁਲਾਇਆ ਗਿਆ ਤਾਂ ਪੁੱਛਗਿੱਛ ਦੌਰਾਨ ਇਕ ਬੰਦ ਪਈ ਫੈਕਟਰੀ ਵਿਚ ਛਾਪੇਮਾਰੀ ਕੀਤੀ ਗਈ ਤਾਂ ਉੱਥੇ ਵੱਡੀ ਤਾਦਾਦ ਵਿਚ ਐਕਸਪਾਇਰ ਸਾਫਟ ਡਰਿੰਕ, ਪਾਣੀ ਦੀਆਂ ਬੋਤਲਾਂ ਅਤੇ ਹੋਰ ਪੀਣ ਵਾਲੇ ਪਦਾਰਥ ਮਿਲੇ। ਜ਼ਿਲ੍ਹਾ ਫੂਡ ਸੇਫਟੀ ਅਫ਼ਸਰ ਅਭਿਨਵ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਵਿਚ ਵੱਡੀ ਤਾਦਾਦ ਵਿਚ ਇਹ ਸਮਾਨ ਜ਼ਬਤ ਕਰ ਲਿਆ ਹੈ ਅਤੇ ਇਸ ਸਬੰਧੀ ਬਣਦੀ ਕਾਰਵਾਈ ਕੀਤੀ ਜਾਵੇਗੀ। ਉਧਰ ਦੂਜੇ ਪਾਸੇ ਇਸ ਗੋਦਾਮ ਦੇ ਮਾਲਕ ਦਾ ਕਹਿਣਾ ਹੈ ਕਿ ਇਹ ਐਕਸਪਾਇਰੀ ਸਮਾਨ ਉਸਨੇ ਕੰਪਨੀ ਨੂੰ ਵਾਪਿਸ ਭੇਜਣਾ ਸੀ, ਇਹ ਸਮਾਨ ਦੁਕਾਨਾਂ ਤੇ ਪਹੁੰਚਣ ਬਾਰੇ ਪੁੱਛੇ ਜਾਣ ’ਤੇ ਉਸ ਨੇ ਕਿਹਾ ਕਿ ਉਸ ਨੇ ਨੇ ਐਕਸਪਾਇਰੀ ਸਮਾਨ ਦੁਕਾਨਾਂ ’ਤੇ ਨਹੀਂ ਭੇਜਿਆ।


author

Gurminder Singh

Content Editor

Related News