ਜ਼ਰੂਰੀ ਖ਼ਬਰ : Pink Eye ਇਨਫੈਕਸ਼ਨ ਦੀ ਲਪੇਟ ’ਚ ਕਈ ਵਿਦਿਆਰਥੀ, ਸਕੂਲਾਂ ਨੇ ਜਾਰੀ ਕੀਤੀ ਐਡਵਾਈਜ਼ਰੀ

Saturday, Jul 29, 2023 - 10:09 AM (IST)

ਜ਼ਰੂਰੀ ਖ਼ਬਰ : Pink Eye ਇਨਫੈਕਸ਼ਨ ਦੀ ਲਪੇਟ ’ਚ ਕਈ ਵਿਦਿਆਰਥੀ, ਸਕੂਲਾਂ ਨੇ ਜਾਰੀ ਕੀਤੀ ਐਡਵਾਈਜ਼ਰੀ

ਲੁਧਿਆਣਾ (ਵਿੱਕੀ) : ਸ਼ਹਿਰ ਦੇ ਨਾਲ-ਨਾਲ ਜ਼ਿਲ੍ਹੇ ’ਚ ਅੱਖਾਂ ਦੇ ਫਲੂ ਜਾਂ ਕੰਜਕਟਿਵਾਇਟਿਸ ਫੈਲਿਆ ਹੋਇਆ ਹੈ। ਇਸ ਦੇ ਮਰੀਜ਼ਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਖਾਂ ਦੇ ਫਲੂ ਨੂੰ ਕੰਜਕਟਿਵਾਇਟਿਸ ਜਾਂ ਗੁਲਾਬੀ ਅੱਖ ਦੀ ਸਮੱਸਿਆ ਵਜੋਂ ਵੀ ਜਾਣਿਆ ਜਾਂਦਾ ਹੈ। ਅੱਖਾਂ ਦੇ ਮਾਹਰਾਂ ਅਨੁਸਾਰ ਕੰਜਕਟਿਵਾਇਟਿਸ ਕਾਰਨ ਅੱਖਾਂ ਦਾ ਚਿੱਟਾ ਹਿੱਸਾ ਗੁਲਾਬੀ ਜਾਂ ਲਾਲ ਹੋ ਜਾਂਦਾ ਹੈ, ਇਸ ਲਈ ਇਸ ਨੂੰ ਗੁਲਾਬੀ ਅੱਖ ਕਿਹਾ ਜਾਂਦਾ ਹੈ। ਅੱਖਾਂ ’ਚ ਇਹ ਇਨਫੈਕਸ਼ਨ ਬੈਕਟੀਰੀਆ ਜਾਂ ਵਾਇਰਲ ਦੋਹਾਂ ਕਿਸਮਾਂ ਦੀ ਹੋ ਸਕਦੀ ਹੈ। ਇਹ ਇਨਫੈਕਸ਼ਨ ਇਕ-ਦੂਜੇ ਤੋਂ ਫੈਲਦੀ ਹੈ। ਸਕੂਲਾਂ ’ਚ ਬੱਚਿਆਂ ਨੂੰ ਇਕ-ਦੂਜੇ ਤੋਂ ਇਹ ਇਨਫੈਕਸ਼ਨ ਹੋ ਰਹੀ ਹੈ। ਇਸ ਤੋਂ ਬਾਅਦ ਇਨਫੈਕਟਿਡ ਬੱਚੇ ਆਪਣੇ ਘਰ ਦੇ ਲੋਕਾਂ ਤੱਕ ਵਾਇਰਸ ਫੈਲਾਅ ਰਹੇ ਹਨ। ਇਹ ਬੀਮਾਰੀ 3 ਸਾਲ ਬਾਅਦ ਸਾਹਮਣੇ ਆਈ ਹੈ, ਜਿਸ ਦੇ ਸਭ ਤੋਂ ਵੱਧ ਮਰੀਜ਼ ਹਨ। ਸਕੂਲ ਸੰਚਾਲਕਾਂ ਵਲੋਂ ਸਾਵਧਾਨੀ ਵਜੋਂ ਇਸ ਸਬੰਧੀ ਮਾਪਿਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਜੇਕਰ ਬੱਚਿਆਂ ’ਚ ਅੱਖਾਂ ਦੇ ਫਲੂ ਦੇ ਲੱਛਣ ਦਿਖਾਈ ਦੇਣ ਤਾਂ ਉਨ੍ਹਾਂ ਨੂੰ ਸਕੂਲ ਨਾ ਭੇਜੋ। ਇਸ ਦੇ ਬਾਵਜੂਦ ਕਈ ਬੱਚੇ ਸਕੂਲ ਆ ਰਹੇ ਹਨ, ਜਿਸ ਕਾਰਨ ਦੂਜੇ ਬੱਚਿਆਂ ’ਚ ਇਹ ਬੀਮਾਰੀ ਤੇਜ਼ੀ ਨਾਲ ਫੈਲ ਰਹੀ ਹੈ। ਸਕੂਲ ਸੰਚਾਲਕਾਂ ਅਨੁਸਾਰ ਜੂਨੀਅਰ ਵਰਗ ਦੇ ਬੱਚਿਆਂ ’ਚ ਅੱਖਾਂ ਦੇ ਫਲੂ ਦੇ ਲੱਛਣ ਸਭ ਤੋਂ ਵੱਧ ਹਨ। ਸੂਚਨਾ ਮਿਲਣ ’ਤੇ ਉਨ੍ਹਾਂ ਨੂੰ ਵੱਖ-ਵੱਖ ਬੈਠਣ ਲਈ ਕਿਹਾ ਜਾ ਰਿਹਾ ਹੈ ਅਤੇ ਮਾਪਿਆਂ ਨੂੰ ਸੂਚਿਤ ਕਰ ਕੇ ਘਰ ਭੇਜ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਸਕੂਲਾਂ ’ਚ ਸਵੇਰ ਦੀ ਸਭਾ ’ਚ ਅਜਿਹੇ ਮਾਮਲੇ ਸਾਹਮਣੇ ਆਉਣ ’ਤੇ ਬੱਚਿਆਂ ਨੂੰ ਸਾਵਧਾਨੀਆਂ ਵਰਤਣ ਦਾ ਸੁਝਾਅ ਦੇ ਕੇ ਅੱਖਾਂ ਦੇ ਡਾਕਟਰ ਕੋਲ ਜਾਂਚ ਲਈ ਭੇਜਿਆ ਜਾ ਰਿਹਾ ਹੈ। ਦੂਜੇ ਪਾਸੇ ਸਕੂਲਾਂ ਦੇ ਪ੍ਰਿੰਸੀਪਲਾਂ ਵਲੋਂ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਪਹਿਲਾਂ ਹੀ ਐਡਵਾਈਜ਼ਰੀ ਜਾਰੀ ਕੀਤੀ ਜਾ ਚੁੱਕੀ ਹੈ, ਜਿੱਥੇ ਅਜੇ ਤੱਕ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਹੜ੍ਹਾਂ ਦੇ Side Effect : ਚਿਕਨਗੁਨੀਆ ਦੇ ਮਾਮਲੇ ਵੱਧਣ ਲੱਗੇ, ਡੇਂਗੂ ਦੇ ਕੇਸ ਇਕ ਮਹੀਨੇ 'ਚ ਹੋਏ ਤਿੱਗਣੇ

ਹਰ ਰੋਜ਼ ਦਰਜਨਾਂ ਸਕੂਲੀ ਬੱਚੇ ਪ੍ਰਭਾਵਿਤ ਹੋ ਰਹੇ
ਸਰਕਾਰੀ ਸਕੂਲ ਦੇ ਇਕ ਅਧਿਆਪਕ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ’ਚ ਹਰ ਰੋਜ਼ 4-5 ਬੱਚਿਆਂ ਨੂੰ ਅੱਖਾਂ ਦੇ ਫਲੂ ਦੀ ਸ਼ਿਕਾਇਤ ਆ ਰਹੀ ਹੈ। ਹੁਣ ਤੱਕ ਕਰੀਬ 12-15 ਬੱਚਿਆਂ ਨੂੰ ਘਰ ਵਾਪਸ ਭੇਜ ਦਿੱਤਾ ਗਿਆ ਹੈ। ਇਸ ਸਬੰਧੀ ਮਾਪਿਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਬੱਚਿਆਂ ਨੂੰ ਕਿਹਾ ਗਿਆ ਹੈ ਕਿ ਜੇਕਰ ਉਨ੍ਹਾਂ ਨੂੰ ਅਜਿਹੀ ਕੋਈ ਸਮੱਸਿਆ ਹੈ ਤਾਂ ਤੁਸੀਂ 2-3 ਦਿਨ ਘਰ ਹੀ ਆਰਾਮ ਕਰੋ ਅਤੇ ਡਾਕਟਰ ਨੂੰ ਦਿਖਾਓ।
ਆਈ ਫਲੂ ਦਾ ਸਰਕਾਰੀ ਹਸਪਤਾਲਾਂ ’ਚ ਮੁਫਤ ਇਲਾਜ : ਸਿਵਲ ਸਰਜਨ
ਲੁਧਿਆਣਾ : ਸਰਕਾਰੀ ਹਸਪਤਾਲਾਂ ’ਚ ਆਈ ਫਲੂ ਦਾ ਮੁਫ਼ਤ ਇਲਾਜ ਮੁਹੱਈਆ ਹੈ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਤਿੰਦਰ ਕੌਰ ਨੇ ਦੱਸਿਆ ਕਿ ਬਰਸਾਤ ਦੇ ਮੌਸਮ ’ਚ ਕੰਜਟੀਵਾਇਟਿਸ ਆਈ ਫਲੂ ਵਰਗੀ ਬੀਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਿਹਤ ਵਿਭਾਗ ਵਲੋਂ ਸਮੇਂ-ਸਮੇਂ ’ਤੇ ਆਮ ਲੋਕਾਂ ਨੂੰ ਬੀਮਾਰੀਆਂ ਤੋਂ ਬਚਾਅ ਦੇ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।
ਡਾਕਟਰਾਂ ਕੋਲ ਪਹੁੰਚ ਰਹੇ ਹਨ ਮਰੀਜ਼
ਜ਼ਿਲ੍ਹੇ ’ਚ ਕੰਜਕਟਿਵਾਇਟਿਸ ਦੀ ਬੀਮਾਰੀ ਤੇਜ਼ੀ ਨਾਲ ਫੈਲ ਰਹੀ ਹੈ। ਇਸ ਦੀ ਲਪੇਟ ’ਚ ਬੱਚੇ ਅਤੇ ਬਾਲਗ ਦੋਵੇਂ ਆ ਰਹੇ ਹਨ। ਸਭ ਤੋਂ ਵੱਧ ਬੱਚੇ ਪ੍ਰਭਾਵਿਤ ਹੋ ਰਹੇ ਹਨ। ਇਸ ਸਮੇਂ ਸਰਕਾਰੀ ਅਤੇ ਹੋਰ ਪ੍ਰਾਈਵੇਟ ਹਸਪਤਾਲਾਂ ’ਚ ਇਸ ਦੇ ਮਰੀਜ਼ ਜ਼ਿਆਦਾ ਪਹੁੰਚ ਰਹੇ ਹਨ। ਇਸ ਬੀਮਾਰੀ ਨਾਲ 40 ਤੋਂ ਵੱਧ ਮਰੀਜ਼ ਹਰ ਰੋਜ਼ ਸਰਕਾਰੀ ਹਸਪਤਾਲਾਂ ’ਚ ਪਹੁੰਚ ਰਹੇ ਹਨ। ਡਾਕਟਰਾਂ ਅਨੁਸਾਰ ਅਚਾਨਕ ਅੱਖਾਂ ਦੇ ਇਲਾਜ ਲਈ ਆਉਣ ਵਾਲੇ ਮਰੀਜ਼ਾਂ ’ਚ ਬੱਚਿਆਂ ਦੀ ਗਿਣਤੀ ਜ਼ਿਆਦਾ ਦੇਖੀ ਜਾ ਰਹੀ ਹੈ। ਇਹ ਇਕ ਅੱਖ ਤੋਂ ਸ਼ੁਰੂ ਹੁੰਦਾ ਹੈ ਪਰ ਜਲਦੀ ਹੀ ਦੂਜੀ ਅੱਖ ਨੂੰ ਵੀ ਲੱਗ ਜਾਂਦੀ ਹੈ।
ਇਸ ਤਰ੍ਹਾਂ ਫੈਲ ਰਿਹਾ ਵਾਇਰਸ
ਕਿਸੇ ਅਜਿਹੇ ਵਿਅਕਤੀ ਦੇ ਸੰਪਰਕ ’ਚ ਆਉਣਾ, ਜਿਸ ਨੂੰ ਕੰਜਕਟਿਵਾਇਟਿਸ ਹੈ
ਕਿਸੇ ਚੀਜ਼ ਦੇ ਸੰਪਰਕ ’ਚ ਆਉਣਾ, ਜਿਸ ਤੋਂ ਤੁਹਾਨੂੰ ਐਲਰਜੀ ਹੈ
ਰਸਾਇਣਾਂ ਦੇ ਸੰਪਰਕ ’ਚ ਆਉਣਾ, ਜਿਵੇਂ ਕਿ ਸਵੀਮਿੰਗ ਪੂਲ ਦੇ ਪਾਣੀ ’ਚ ਕਲੋਰੀਨ ਦਾ ਸੰਪਰਕ
ਲੰਬੇ ਸਮੇਂ ਲਈ ਕੰਟੈਕਟ ਲੈਂਸ ਦੀ ਵਰਤੋਂ ਕਰਨਾ
ਨਿੱਜੀ ਚੀਜ਼ਾਂ ਨੂੰ ਸਾਂਝਾ ਕਰਨਾ
ਸਫ਼ਾਈ ਦਾ ਧਿਆਨ ਨਾ ਰੱਖਣਾ
ਅੱਖਾਂ ਨੂੰ ਸਾਫ਼ ਨਾ ਰੱਖਣਾ
ਦੂਸ਼ਿਤ ਸਤ੍ਹਾ ਨੂੰ ਛੂਹਣ ਤੋਂ ਬਾਅਦ ਉਸੇ ਹੱਥ ਨਾਲ ਅੱਖਾਂ ਨੂੰ ਛੂਹਣਾ

ਇਹ ਵੀ ਪੜ੍ਹੋ : ਪੰਜਾਬ 'ਚ 'ਆਯੁਸ਼ਮਾਨ ਯੋਜਨਾ' ਦਾ ਲਾਭ ਲੈਣ ਵਾਲਿਆਂ ਲਈ ਅਹਿਮ ਖ਼ਬਰ, ਸਰਕਾਰ ਕਰ ਰਹੀ ਇਹ ਵਿਚਾਰ
ਇਹ ਹਨ ਇਸ ਬੀਮਾਰੀ ਦੇ ਲੱਛਣ
ਲਾਲ ਅੱਖਾਂ
ਅੱਖਾਂ ਦੀ ਸੋਜ, ਖੁਜਲੀ, ਜਲਣ
ਰੌਸ਼ਨੀ ਤੋਂ ਪਰੇਸ਼ਾਨ ਹੋਣਾ
ਅੱਖਾਂ ’ਚੋਂ ਚਿੱਟਾ ਪਦਾਰਥ ਨਿਕਲਣਾ
ਆਮ ਨਾਲੋਂ ਵੱਧ ਹੰਝੂ ਆਉਣਾ
ਇਸ ਤਰ੍ਹਾਂ ਕਰੋ ਇਸ ਬੀਮਾਰੀ ਤੋਂ ਬਚਾਅ
ਹੱਥ ਸਾਫ਼ ਰੱਖੋ
ਵਾਰ-ਵਾਰ ਹੱਥ ਧੋਵੋ
ਅੱਖਾਂ ਦਾ ਮੇਕਅੱਪ ਅਤੇ ਤੌਲੀਏ ਕਿਸੇ ਨਾਲ ਵੀ ਸਾਂਝੇ ਨਾ ਕਰੋ
ਮਿਆਦ ਪੁੱਗਣ ਤੋਂ ਬਾਅਦ ਅੱਖਾਂ ਦੇ ਸੁੰਦਰਤਾ ਉਤਪਾਦਾਂ ਦੀ ਵਰਤੋਂ ਨਾ ਕਰੋ
ਸਿਰਹਾਣੇ ਦੇ ਕਵਰ ਬਦਲਦੇ ਰਹੋ
ਆਪਣੀਆਂ ਅੱਖਾਂ ਨੂੰ ਵਾਰ-ਵਾਰ ਨਾ ਛੂਹੋ
ਜਦੋਂ ਖਾਰਸ਼ ਹੁੰਦੀ ਹੈ ਤਾਂ ਆਪਣੀਆਂ ਅੱਖਾਂ ਨੂੰ ਨਾ ਰਗੜੋ
ਅੱਖਾਂ 'ਚ ਡਰਾਪਸ ਪਾਉਣ ਤੋਂ ਪਹਿਲਾਂ ਅਤੇ ਬਾਅਦ ’ਚ ਸਾਬਣ ਨਾਲ ਹੱਥ ਧੋਵੋ
ਡਾਕਟਰ ਦੀ ਸਲਾਹ ਤੋਂ ਬਿਨਾਂ ਦਵਾਈ ਨਾ ਲਓ
ਇਸ ਹਾਲਤ ’ਚ ਜਾਓ ਡਾਕਟਰ ਕੋਲ
ਗੰਭੀਰ ਅੱਖ ਦਰਦ
ਅੱਖਾਂ ’ਚ ਤੇਜ਼ ਦਰਦ ਹੋਣਾ, ਅੱਖਾਂ ’ਚ ਚੁਭਣ ਮਹਿਸੂਸ ਹੋਣਾ
ਜਦੋਂ ਨਜ਼ਰ ਧੁੰਦਲੀ ਹੋ ਜਾਂਦੀ ਹੈ
ਲਾਲ ਅੱਖਾਂ
ਅੱਖਾਂ ਦੇ ਫਲੂ ਤੋਂ ਨਾ ਡਰੋ, ਡਾਕਟਰ ਦੀ ਸਲਾਹ ਲਓ ਅਤੇ ਇਲਾਜ ਕਰਵਾਓ
ਜੇਕਰ ਕਿਸੇ ਨੂੰ ਅੱਖਾਂ ਦਾ ਫਲੂ ਹੋ ਗਿਆ ਹੈ ਤਾਂ ਖ਼ਦ ਦਵਾਈ ਨਾ ਲਓ, ਪਹਿਲਾਂ ਡਾਕਟਰ ਨੂੰ ਦਿਖਾਓ ਅਤੇ ਫਿਰ ਦਵਾਈ ਲਓ। ਤੁਹਾਡੇ ਲੱਛਣ ਦੇਖ ਕੇ ਡਾਕਟਰ ਅੱਖਾਂ ਦੀ ਜਾਂਚ ਕਰਦਾ ਹੈ ਅਤੇ ਫਿਰ ਦਵਾਈ ਦਿੰਦਾ ਹੈ, ਜਿਸ ਕਾਰਨ ਇਹ ਬੀਮਾਰੀ 6 ਤੋਂ 7 ਦਿਨਾਂ ’ਚ ਠੀਕ ਹੋ ਜਾਂਦੀ ਹੈ। ਇਸ ਬੀਮਾਰੀ ਸਬੰਧੀ ਕਈ ਤਰ੍ਹਾਂ ਦੀਆਂ ਆਈ ਡਰਾਪਸ ਬਜ਼ਾਰ ’ਚ ਵਿਕ ਰਹੀਆਂ ਹਨ। ਜੇਕਰ ਕੋਈ ਗਲਤ ਦਵਾਈ ਅੱਖ ’ਚ ਆ ਜਾਵੇ ਤਾਂ ਇਹ ਅੱਖਾਂ ਦੀ ਸਮੱਸਿਆ ਨੂੰ ਵਧਾ ਸਕਦੀ ਹੈ। ਇਸ ਲਈ ਡਾਕਟਰ ਨੂੰ ਦਿਖਾਏ ਬਿਨਾਂ ਦਵਾਈ ਨਾ ਲਓ। ਖ਼ਾਸ ਕਰ ਕੇ ਜੇਕਰ ਬੱਚਿਆਂ ਦੀਆਂ ਅੱਖਾਂ ’ਚ ਫਲੂ ਦੇ ਲੱਛਣ ਨਜ਼ਰ ਆਉਣ ਤਾਂ ਤੁਰੰਤ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News