ਪੰਜਾਬ ਕਾਂਗਰਸ ਨੇ ਛੋਟੇ ਤੇ ਲੰਮੇ ਸਮੇਂ ਦੇ ਸ਼ਹਿਰੀ ਵਿਕਾਸ ਲਈ ਵਿਜ਼ਨ ਡਾਕੂਮੈਂਟ ਜਾਰੀ ਕੀਤਾ
Friday, Dec 08, 2017 - 07:08 AM (IST)
ਅੰਮ੍ਰਿਤਸਰ/ਜਲੰਧਰ (ਬਿਊਰੋ) — ਪੰਜਾਬ ਸੂਬਾ ਕਾਂਗਰਸ ਕਮੇਟੀ ਦੇ ਸੀਨੀਅਰ ਆਗੂਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੂਬਾ ਪ੍ਰਧਾਨ ਸੁਨੀਲ ਜਾਖੜ ਤੇ ਸਥਾਨਕ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਾਰਪੋਰੇਸ਼ਨ ਚੋਣਾਂ ਨੂੰ ਵੇਖਦਿਆਂ ਅੱਜ ਪਾਰਟੀ ਦਾ ਵਿਜ਼ਨ ਡਾਕੂਮੈਂਟ ਰਿਲੀਜ਼ ਕੀਤਾ, ਜਿਸ ਵਿਚ ਥੋੜ੍ਹੇ ਤੇ ਲੰਮੇ ਸਮੇਂ ਦੇ ਸ਼ਹਿਰੀ ਵਿਕਾਸ ਦਾ ਏਜੰਡਾ ਪੇਸ਼ ਕੀਤਾ ਗਿਆ ਹੈ।
ਪਾਰਟੀ ਨੇ ਸ਼ਹਿਰੀ ਵਿਕਾਸ ਦੇ ਤਹਿਤ ਸ਼ਹਿਰਾਂ ਵਿਚ ਮੁਢਲਾ ਢਾਂਚਾ ਵਿਕਸਿਤ ਕਰਨ, ਫਾਇਰ ਫਾਈਟਿੰਗ ਪ੍ਰਣਾਲੀ ਨੂੰ ਵਿਕਸਿਤ ਕਰਨ, ਪਾਣੀ ਤੇ ਸੀਵਰੇਜ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ, ਗੱਡੀਆਂ ਖੜ੍ਹੀਆਂ ਕਰਨ ਲਈ ਪਾਰਕਿੰਗ ਸਹੂਲਤਾਂ ਦੇਣ ਤੇ ਈ-ਗਵਰਨੈਂਸ 'ਤੇ ਜ਼ੋਰ ਦਿੱਤਾ ਹੈ। ਕਾਂਗਰਸ ਨੇ ਇਸ ਤੋਂ ਪਹਿਲਾਂ ਕਦੀ ਵੀ ਛੋਟਾ ਚੋਣ ਐਲਾਨ ਪੱਤਰ ਲਾਗੂ ਨਹੀਂ ਕੀਤਾ ਸੀ।
ਸ਼ਹਿਰਾਂ 'ਚ ਵੱਧ ਰਹੀ ਆਬਾਦੀ ਨੂੰ ਧਿਆਨ 'ਚ ਰੱਖਦਿਆਂ ਕਾਂਗਰਸ ਨੇ ਸ਼ਹਿਰਾਂ ਵਿਚ ਜੀਵਨ ਉਪਯੋਗੀ ਸਹੂਲਤਾਂ ਵਿਚ ਸੁਧਾਰ ਕਰਨ ਦੀ ਗੱਲ ਕਹੀ ਹੈ। ਥੋੜ੍ਹੇ ਸਮੇਂ ਦੇ ਏਜੰਡੇ ਵਿਚ ਪਾਰਟੀ ਨੇ ਸ਼ਹਿਰਾਂ ਵਿਚ ਐੱਲ. ਈ. ਡੀ. ਸਟਰੀਟ ਲਾਈਟਾਂ ਲਾਉਣ ਤੇ ਫਾਇਰ ਫਾਈਟਿੰਗ ਸਿਸਟਮ ਨੂੰ ਬਿਹਤਰ ਬਣਾਉਣ ਦਾ ਵਾਅਦਾ ਕੀਤਾ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਐੱਲ. ਈ. ਡੀ. ਸਟਰੀਟ ਲਾਈਟਾਂ ਲਾਉਣ ਨਾਲ 60 ਫੀਸਦੀ ਬਿਜਲੀ ਦੀ ਬਚਤ ਹੋਵੇਗੀ। ਲੁਧਿਆਣਾ ਵਿਚ ਅਗਨੀਕਾਂਡ ਤੋਂ ਬਾਅਦ ਸਾਰੇ ਸ਼ਹਿਰਾਂ ਵਿਚ ਫਾਇਰ ਬ੍ਰਿਗੇਡ ਲਈ ਨਵੇਂ ਸਿਰੇ ਤੋਂ ਫਾਇਰ ਟੈਂਡਰ ਲਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਸ਼ਹਿਰਾਂ ਨੂੰ ਸਾਫ-ਸੁਥਰਾ ਰੱਖਣ ਲਈ ਪਾਰਟੀ ਨੇ ਸਮਾਰਟ ਵੇਸਟ ਕੁਲੈਕਸ਼ਨ ਸਿਸਟਮ ਲਾਗੂ ਕਰਨ ਦੀ ਗੱਲ ਕਹੀ ਹੈ, ਜਿਸ ਦੇ ਤਹਿਤ ਕੂੜੇ ਦੇ ਡੰਪਾਂ ਨੂੰ ਅੰਡਰਗਰਾਊਂਡ ਜਾਂ ਸੈਮੀ ਅੰਡਰਗਰਾਊਂਡ ਵੇਸਟ ਕੁਲੈਕਸ਼ਨ ਕੰਟੇਨਰਾਂ ਵਿਚ ਤਬਦੀਲ ਕਰਨ ਦੀ ਗੱਲ ਕਹੀ ਗਈ ਹੈ।
ਵਿਜ਼ਨ ਡਾਕੂਮੈਂਟ ਵਿਚ ਸਾਰੇ ਸ਼ਹਿਰਾਂ ਤੇ ਛੋਟੇ ਸ਼ਹਿਰਾਂ ਵਿਚ ਆਨਲਾਈਨ ਬਿਲਡਿੰਗ ਪਲਾਨ ਨੂੰ ਲਾਗੂ ਕਰਨ ਦਾ ਐਲਾਨ ਕੀਤਾ ਗਿਆ ਹੈ। ਬਿਲਡਿੰਗ ਪਲਾਨ ਮੈਨੇਜਮੈਂਟ ਸਿਸਟਮ ਦੇ ਤਹਿਤ ਆਨਲਾਈਨ ਪੇਮੈਂਟ ਹੋਵੇਗੀ ਤੇ ਸਾਰੇ ਕੰਮਾਂ ਨੂੰ ਪੂਰਾ ਕਰਨ ਤੋਂ ਬਾਅਦ ਆਨਲਾਈਨ ਕੰਪਲੀਸ਼ਨ ਸਰਟੀਫਿਕੇਟ ਵੀ ਮਿਲਣਗੇ। ਮੁੱਖ ਮੰਤਰੀ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸਰਕਾਰ ਨੇ ਪਹਿਲੀ ਵਾਰ ਸ਼ਹਿਰਾਂ ਵਿਚ ਔਰਤਾਂ ਨੂੰ ਨਗਰ ਨਿਗਮ ਚੋਣਾਂ ਵਿਚ 50 ਫੀਸਦੀ ਰਿਜ਼ਰਵੇਸ਼ਨ ਦਿੱਤੀ ਹੈ। ਲੰਮੇ ਸਮੇਂ ਲਈ ਸ਼ਹਿਰੀ ਵਿਕਾਸ ਦੇ ਤਹਿਤ ਪਾਰਟੀ ਨੇ ਸ਼ਹਿਰਾਂ ਵਿਚ 100 ਫੀਸਦੀ ਵਾਟਰ ਸਪਲਾਈ, ਸੀਵਰੇਜ ਦੀਆਂ ਸਹੂਲਤਾਂ ਦੇਣ ਤੇ ਸੀਵਰੇਜ ਟ੍ਰੀਟਮੈਂਟ ਪਲਾਂਟ ਲਾਉਣ ਦਾ ਵਾਅਦਾ ਕੀਤਾ ਹੈ। ਸ਼ਹਿਰਾਂ ਲਈ ਮਾਸਟਰ ਪਲਾਨ ਬਣਾਏ ਜਾਣਗੇ। ਇਸ ਸਮੇਂ 75 ਸ਼ਹਿਰਾਂ ਵਿਚ ਮਾਸਟਰ ਪਲਾਨ ਨੋਟੀਫਾਈਡ ਹਨ। ਅੰਮ੍ਰਿਤਸਰ, ਲੁਧਿਆਣਾ, ਜਲੰਧਰ ਤੇ ਪਟਿਆਲਾ ਲਈ 24*7 ਸਰਫੇਸ ਵਾਟਰ ਸਪਲਾਈ ਦੇਣ ਦਾ ਵਾਅਦਾ ਕੀਤਾ ਗਿਆ ਹੈ। ਅੰਮ੍ਰਿਤਸਰ ਲਈ 1386 ਕਰੋੜ, ਲੁਧਿਆਣਾ ਲਈ 2100 ਕਰੋੜ ਤੇ ਜਲੰਧਰ ਲਈ 2000 ਕਰੋੜ ਦੇ ਪ੍ਰਾਜੈਕਟ ਇਸਦੇ ਲਈ ਬਣਨਗੇ। ਪਟਿਆਲਾ ਲਈ ਏਸ਼ੀਆਈ ਵਿਕਾਸ ਬੈਂਕ ਨੇ 717.17 ਕਰੋੜ ਦਾ ਪ੍ਰਾਜੈਕਟ ਦੇਣ ਦਾ ਵਾਅਦਾ ਕੀਤਾ ਹੈ।
10 ਸਾਲਾਂ 'ਚ ਸ਼ਹਿਰਾਂ 'ਚ ਹੋਏ ਕਾਰਜਾਂ ਦੀ ਜਾਂਚ ਲਈ ਫਾਰੈਂਸਿੰਗ ਆਡਿਟ ਕਰਵਾਉਣ ਦੇ ਨਿਰਦੇਸ਼
ਕਾਂਗਰਸ ਨੇ ਸ਼ਹਿਰਾਂ ਵਿਚ ਪਿਛਲੇ 10 ਸਾਲਾਂ ਦੌਰਾਨ ਹੋਏ ਵਿਕਾਸ ਕਾਰਜਾਂ ਵਿਚ ਹੋਈਆਂ ਧਾਂਦਲੀਆਂ ਨੂੰ ਵੇਖਦਿਆਂ ਇਸ ਦੀ ਜਾਂਚ ਕਰਵਾਉਣ ਲਈ ਮੈਸਰਜ਼ ਗ੍ਰਾਂਟ ਥਾਰਟਨ ਲਿਮਟਿਡ ਕੰਪਨੀ ਦੀ ਮਦਦ ਲੈਣ ਦਾ ਫੈਸਲਾ ਲਿਆ ਹੈ ਜੋ ਸਾਰੇ ਕੰਮਾਂ ਦਾ ਆਡਿਟ ਕਰੇਗੀ। ਪਹਿਲੇ ਪੜਾਅ 'ਚ ਏਜੰਸੀ ਵਲੋਂ 4 ਸ਼ਹਿਰਾਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਤੇ ਪਟਿਆਲਾ 'ਚ ਫਾਰੈਂਸਿੰਗ ਆਡਿਟ ਕੀਤਾ ਜਾਵੇਗਾ। ਇਨ੍ਹਾਂ ਸ਼ਹਿਰਾਂ ਵਿਚ ਇੰਪਰੂਵਮੈਂਟ ਟਰੱਸਟਾਂ ਤੋਂ ਇਲਾਵਾ 3 ਨਗਰ ਕੌਂਸਲਾਂ ਖਰੜ, ਜੀਰਕਪੁਰ, ਰਾਜਪੁਰਾ ਵਿਚ ਵਾਟਰ ਸਪਲਾਈ, ਸੀਵਰੇਜ ਦੇ ਕਰਵਾਏ ਕੰਮਾਂ ਦਾ ਵੀ ਆਡਿਟ ਹੋਵੇਗਾ। ਪਿਛਲੇ 10 ਸਾਲਾਂ ਵਿਚ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਵਲੋਂ ਜਲੰਧਰ, ਅੰਮ੍ਰਿਤਸਰ, ਲੁਧਿਆਣਾ ਤੇ ਪਟਿਆਲਾ ਵਿਚ ਕਰਵਾਏ ਕੰਮਾਂ ਦਾ ਵੀ ਆਡਿਟ ਹੋਵੇਗਾ।
ਪਬਲਿਕ ਟਰਾਂਸਪੋਰਟ ਸਿਸਟਮ 'ਤੇ ਜ਼ੋਰ ਦੇਵੇਗੀ ਕਾਂਗਰਸ
ਕਾਂਗਰਸ ਨੇ ਸ਼ਹਿਰਾਂ ਵਿਚ ਪਬਲਿਕ ਟਰਾਂਸਪੋਰਟ ਸਿਸਟਮ ਨੂੰ ਲਾਗੂ ਕਰਨ 'ਤੇ ਜ਼ੋਰ ਦੇਣ ਦਾ ਫੈਸਲਾ ਲਿਆ ਹੈ ਤਾਂ ਜੋ ਨਿੱਜੀ ਵਾਹਨਾਂ 'ਤੇ ਨਿਰਭਰਤਾ ਘੱਟ ਹੋਵੇ ਤੇ ਸ਼ਹਿਰਾਂ ਵਿਚ ਪਾਰਕਿੰਗ ਸਮੱਸਿਆ ਦਾ ਹੱਲ ਕੱਢਿਆ ਜਾ ਸਕੇ। ਸ਼ਹਿਰਾਂ ਵਿਚ ਵਿਕਾਸ ਕਾਰਜ ਵੀ ਇਸ ਤਰ੍ਹਾਂ ਕਰਵਾਏ ਜਾਣਗੇ ਤਾਂ ਜੋ ਨਿੱਜੀ ਵਾਹਨਾਂ ਦੀ ਥਾਂ 'ਤੇ ਲੋਕ ਪਬਲਿਕ ਟਰਾਂਸਪੋਰਟ ਨੂੰ ਤਰਜੀਹ ਦੇਣ। ਅੰਮ੍ਰਿਤਸਰ ਵਿਚ ਬੀ. ਆਰ. ਟੀ. ਐੱਸ. ਪ੍ਰਾਜੈਕਟ ਨੂੰ ਪੂਰਾ ਕਰਨ ਤੇ ਸਿਟੀ ਬੱਸ ਸਰਵਿਸ ਦੇ ਨਾਲ-ਨਾਲ ਈ-ਰਿਕਸ਼ਾ ਤੇ ਈ-ਵ੍ਹੀਕਲ ਸ਼ੁਰੂ ਕਰਨ ਦਾ ਵੀ ਵਾਅਦਾ ਕੀਤਾ ਹੈ। ਅੰਮ੍ਰਿਤਸਰ ਲਈ ਪਹਿਲਾਂ ਹੀ 495 ਕਰੋੜ ਦਾ ਬੱਸ ਰੈਪਿਡ ਟਰਾਂਜਿਟ ਸਿਸਟਮ ਮਨਜ਼ੂਰ ਹੋ ਚੁੱਕਾ ਹੈ।
