ਕਾਂਗਰਸ ਨੇ ਸੰਸਦ ਦੇ ਬਾਹਰ ਮੋਦੀ ਸਰਕਾਰ ਵਿਰੁੱਧ ਕੀਤਾ ਪ੍ਰਦਰਸ਼ਨ

Friday, Jul 20, 2018 - 07:13 AM (IST)

ਜਲੰਧਰ  (ਧਵਨ) — ਕਾਂਗਰਸ ਨੇ ਮੱਕੀ ਦੀ ਫਸਲ ਨੂੰ ਲੈ ਕੇ ਕੇਂਦਰ ਸਰਕਾਰ ਵਲੋਂ ਐਲਾਨੇ ਘੱਟੋ-ਘੱਟ ਸਮਰਥਨ ਮੁੱਲ ਤੋਂ ਘੱਟ ਕੀਮਤ 'ਤੇ ਵਿਕਰੀ ਹੋਣ ਦੇ ਮਾਮਲੇ ਵਿਚ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ  ਵੀਰਵਾਰ ਸੰਸਦ ਭਵਨ ਦੇ ਬਾਹਰ ਜ਼ੋਰਦਰ ਰੋਸ ਮੁਜ਼ਾਹਰਾ ਕੀਤਾ।  ਕਾਂਗਰਸ ਨਾਲ  ਸਬੰਧਿਤ ਵੱਖ-ਵੱਖ ਸੂਬਿਆਂ ਦੇ ਸੰਸਦ ਮੈਂਬਰਾਂ ਨੇ ਇਸ 'ਚ  ਹਿੱਸਾ ਲਿਆ ਅਤੇ ਕੇਂਦਰ ਦੀ ਰਾਜਗ ਸਰਕਾਰ ਵਿਰੁੱਧ ਜ਼ੋਰਦਾਰ   ਨਾਅਰੇਬਾਜ਼ੀ ਵੀ ਕੀਤੀ।
ਇਸ ਰੋਸ ਮੁਜ਼ਾਹਰੇ ਵਿਚ ਪੰਜਾਬ ਕਾਂਗਰਸ ਕਮੇਟੀ  ਦੇ ਪ੍ਰਧਾਨ ਸੁਨੀਲ ਜਾਖੜ, ਐੱਮ. ਪੀ.  ਜਿਓਤਿਰਦਿੱਤਿਆ ਸਿੰਧੀਆ ,  ਸੰਤੋਖ ਚੌਧਰੀ, ਗੁਰਜੀਤ ਸਿੰਘ ਔਜਲਾ, ਸੁਸਮਿਤਹ ਦੇਵ, ਸ਼ਸ਼ੀ ਥਰੂਰ, ਗੌਰਵ ਗੋਗੋਈ, ਕੇ. ਸੀ. ਵੇਣੂਗੋਪਾਲ ਅਤੇ ਹੋਰਨਾਂ  ਨੇ ਹਿੱਸਾ ਲਿਆ।
ਇਸ ਮੌਕੇ ਸੁਨੀਲ ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਨੂੰ ਲਾਗਤ ਦਾ ਡੇਢ ਗੁਣਾ ਮੁੱਲ ਦੇਣ ਬਾਰੇ  ਵੱਡੇ-ਵੱਡੇ ਵਾਅਦੇ ਕੀਤੇ ਸਨ ਪਰ  ਇਹ ਵਾਅਦੇ ਖੋਖਲੇ ਅਤੇ ਸੱਚਾਈ ਤੋਂ ਕੋਹਾਂ ਦੂਰ ਦਿਖਾਈ ਦੇ ਰਹੇ ਹਨ। ਕੇਂਦਰ ਸਰਕਾਰ ਨੇ ਪਿਛਲੇ ਦਿਨੀਂ ਮੱਕੀ ਦਾ ਘੱਟੋ-ਘੱਟ ਸਮਰਥਨ ਮੁੱਲ 1700 ਰੁਪਏ   ਪ੍ਰਤੀ ਕੁਇੰਟਲ ਐਲਾਨਿਆ ਪਰ ਪੰਜਾਬ ਸਮੇਤ ਵੱਖ-ਵੱਖ ਸੂਬਿਆਂ ਵਿਚ ਮੱਕੀ 600 ਤੋਂ 700 ਰੁਪਏ ਪ੍ਰਤੀ ਕੁਇੰਟਲ ਦੀ ਕੀਮਤ ਨਾਲ ਵਿਕ ਰਹੀ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ 11 ਜੁਲਾਈ ਨੂੰ ਪ੍ਰਧਾਨ ਮੰਤਰੀ ਨੂੰ ਫਸਲਾਂ ਦੀ ਐੱਮ. ਐੱਸ. ਪੀ. ਆਮ ਵਾਂਗ ਕਰਨ ਲਈ ਮਲੋਟ ਬੁਲਾਇਆ ਪਰ ਅਜਿਹਾ ਕਰਕੇ ਉਨ੍ਹਾਂ ਨੇ ਪੰਜਾਬ ਦੇ ਕਿਸਾਨਾਂ ਦੀ ਪਿੱਠ 'ਤੇ ਛੁਰਾ ਮਾਰਿਆ। ਹਮੇਸ਼ਾ ਕਿਸਾਨਾਂ ਦੇ ਨਾਂ 'ਤੇ ਰਾਜਨੀਤੀ ਕਰਨ ਵਾਲੇ ਅਕਾਲੀ ਦਲ ਤੋਂ ਅਜਿਹੀ ਉਮੀਦ ਨਹੀਂ ਸੀ।
ਪੰਜਾਬ ਦੇ ਕਿਸਾਨ ਦਿੱਲੀ 'ਚ ਭਾਜਪਾ ਹੈੱਡਕੁਆਰਟਰ ਘੇਰਨਗੇ
ਜਾਖੜ  ਨੇ ਕਿਹਾ ਕਿ ਜੇ  ਕੇਂਦਰ ਸਰਕਾਰ ਨੇ ਮੱਕੀ ਅਤੇ ਕਪਾਹ ਦੀ ਸਰਕਾਰੀ ਖਰੀਦ ਨਾ ਕੀਤੀ ਤਾਂ ਪੰਜਾਬ ਦੇ ਕਿਸਾਨ ਭਾਜਪਾ ਦੇ ਦਿੱਲੀ ਸਥਿਤ ਹੈੱਡਕੁਆਰਟਰ ਅੱਗੇ ਆਪਣੀਆਂ ਫਸਲਾਂ ਦਾ ਢੇਰ ਲਾ ਕੇ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। ਪੰਜਾਬ ਸਮੇਤ ਦੇਸ਼ ਦੇ ਕਿਸਾਨਾਂ ਨੇ ਅਗਲੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਤੋਂ ਹਿਸਾਬ ਲੈਣ ਦਾ ਮਨ ਬਣਾ ਲਿਆ ਹੈ।


Related News