ਮੰਤਰੀ ਫ਼ੌਜਾ ਸਿੰਘ ਸਰਾਰੀ ਨੂੰ ਲੈ ਕੇ ਪੰਜਾਬ ਭਰ ’ਚ ਕਾਂਗਰਸ ਵੱਲੋਂ ਪ੍ਰਦਰਸ਼ਨ, ਉੱਠੀ ਬਰਖ਼ਾਸਤਗੀ ਦੀ ਮੰਗ
Monday, Oct 10, 2022 - 06:12 PM (IST)
ਜਲੰਧਰ/ਰੋਪੜ/ਪਟਿਆਲਾ/ਗੁਰਦਾਸਪੁਰ (ਵੈੱਬ ਡੈਸਕ, ਗੁਰਮੀਤ ਸਿੰਘ, ਸੋਨੂੰ)— ਮੰਤਰੀ ਫ਼ੌਜਾ ਸਿੰਘ ਸਰਾਰੀ ਦੀ ਵਾਇਰਲ ਹੋਈ ਆਡੀਓ ਨੂੰ ਲੈ ਕੇ ਉੱਠੇ ਵਿਵਾਦ ਦੌਰਾਨ ਅੱਜ ਪੰਜਾਬ ਭਰ ਵਿਚ ਫ਼ੌਜਾ ਸਿੰਘ ਵਿਰੁੱਧ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਦੌਰਾਨ ਫ਼ੌਜਾ ਸਿੰਘ ਨੂੰ ਬਰਖ਼ਾਸਤ ਕਰਨ ਦੀ ਵੀ ਮੰਗ ਉੱਠੀ ਹੈ। ਇਸੇ ਤਹਿਤ ਅੱਜ ਰੋਪੜ ਵਿਚ ਕਾਂਗਰਸ ਪਾਰਟੀ ਦੀ ਰੋਪੜ ਇਕਾਈ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ’ਚ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਵੀ ਸ਼ਾਮਲ ਹੋਏ।
ਇਹ ਵੀ ਪੜ੍ਹੋ: ਪੰਜਾਬ ਦੇ ਸਾਬਕਾ ਮੰਤਰੀ ਗਿਲਜ਼ੀਆਂ ਦੇ ਭਤੀਜੇ ਖ਼ਿਲਾਫ਼ ਚਾਰਜਸ਼ੀਟ ਦਾਖ਼ਲ, ਜਾਣੋ ਪੂਰਾ ਮਾਮਲਾ
ਆਮ ਆਦਮੀ ਪਾਰਟੀ ਦੇ ਮੰਤਰੀ ਫ਼ੌਜਾ ਸਿੰਘ ਸਰਾਰੀ ਨੂੰ ਬਰਖ਼ਾਸਤ ਕਰਨ ਦੀ ਮੰਗ ਕਰਦੇ ਹੋਏ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੱਟੜ ਈਮਾਨਦਾਰ ਪਾਰਟੀ ਹੋਣ ਦਾ ਢਿੰਡੋਰਾ ਪਿਟਦੀ ਹੈ ਅਤੇ ਪਹਿਲਾਂ ਇਕ ਮੰਤਰੀ ਨੂੰ ਬਰਖ਼ਾਸਤ ਕੀਤਾ ਗਿਆ ਸੀ ਜਦਕਿ ਉਸ ਦੀ ਆਡੀਓ ਕਿਸੇ ਨੇ ਸੁਣੀ ਵੀ ਨਹੀਂ ਪਰ ਹੁਣ ਫ਼ੌਜਾ ਸਿੰਘ ਦੀ ਆਡੀਓ ਸਾਰਿਆਂ ਨੇ ਸੁਣੀ ਹੈ ਪਰ ਆਮ ਆਦਮੀ ਪਾਰਚੀ ਵੱਲੋਂ ਉਨ੍ਹਾਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਮੌਕੇ ਮਿੰਨੀ ਸਕੱਤਰੇਤ ਕੰਪਲੈਕਸ ਦੇ ਬਾਹਰ ਆਮ ਆਦਮੀ ਪਾਰਟੀ ਦੇ ਨੇਤਾ ਫ਼ੌਜਾ ਸਿੰਘ ਸਰਾਰੀ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ ਗਈ ਅਤੇ ਆਮ ਆਦਮੀ ਪਾਰਟੀ ਮੁਰਦਾਬਾਦ ਦੇ ਨਾਅਰੇ ਲਗਾਏ ਗਏ।
ਇਹ ਵੀ ਪੜ੍ਹੋ: ਧੀ ਨੂੰ ਕਰਵਾਚੌਥ ਦਾ ਵਰਤ ਦੇ ਕੇ ਵਾਪਸ ਪਰਤ ਰਹੇ ਪਤੀ-ਪਤਨੀ ਨਾਲ ਵਾਪਰੀ ਅਣਹੋਣੀ, ਪਤੀ ਦੀ ਤੜਫ਼-ਤੜਫ਼ ਕੇ ਹੋਈ ਮੌਤ
ਉਥੇ ਹੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜ਼ਿਲ੍ਹਾ ਪਟਿਆਲਾ ’ਚ ਦਿੱਤੇ ਗਏ ਧਰਨੇ ’ਚ ਹਿੱਸਾ ਲਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਵਿਚ ਘਿਰੇ ਮੰਤਰੀ ਫ਼ੌਜਾ ਸਿੰਘ ਸਰਾਰੀ ਦੀ ਸੌਦੇਬਾਜ਼ੀ ਦੀ ਵਾਲੀ ਵੀਡੀਓ ਜਨਤਕ ਹੋਣ ’ਤੇ ਵੀ ਕੋਈ ਕਾਰਵਾਈ ਕਰਨ ਦੇ ਹੁਕਮ ਕਿਉਂ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਸਾਡੀ ਸਾਰਿਆਂ ਦੀ ਮੰਗ ਹੈ ਕਿ ਸਰਕਾਰ ਉਸ ਨੂੰ ਜਲਦੀ ਮੰਤਰੀ ਮੰਡਲ ’ਚੋਂ ਬਰਖ਼ਾਸਤ ਕਰਕੇ ਸੁਤੰਤਰ ਕਰਵਾਈ ਨੂੰ ਯਕੀਨੀ ਬਣਾਵੇ।
ਜਲੰਧਰ ’ਚ ਕਾਂਗਰਸ ਵੱਲੋਂ ਮੰਤਰੀ ਫ਼ੌਜਾ ਸਿੰਘ ਵਿਰੁੱਧ ਕੀਤੇ ਗਏ ਪ੍ਰਦਰਸ਼ਨ ਦੌਰਾਨ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਬਲਰਾਜ ਠਾਕੁਰ ਨੇ ਕਿਹਾ ਕਿ ਫ਼ੌਜਾ ਸਿੰਘ ਸਰਾਰੀ ਦੀ ਇਕ ਵੀਡੀਓ ਵਾਇਰਲ ਹੋਈ ਹੈ, ਜਿਸ ’ਚ ਉਹ ਸ਼ਰੇਆਮ ਪੈਸਿਆਂ ਦੀ ਸੈਟਿੰਗ ਕਰਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਵਿਧਾਨ ਸਭਾ ਸੈਸ਼ਨ ’ਚ ਕਾਂਗਰਸੀ ਵਿਧਾਇਕ ਉਨ੍ਹਾਂ ਨੂੰ ਬਰਖ਼ਾਸਤ ਕਰਨ ਦੀ ਮੰਗ ਕਰਨਗੇ।
ਉਥੇ ਹੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਗੁਰਦਾਸਪੁਰ ’ਚ ਜ਼ਿਲ੍ਹਾ ਪੱਧਰ ਤੌਰ ’ਤੇ ਕੀਤੇ ਗਏ ਰੋਸ ਪ੍ਰਦਰਸ਼ਨ ਹਿੱਸਾ ਲੈਣ ਪਹੁੰਚੇ। ਇਸ ਦੌਰਾਨ ਫ਼ੌਜਾ ਸਿੰਘ ਸਰਾਰੀ ਦੀ ਬਰਖ਼ਾਸਤੀ ਦੀ ਮੰਗ ਨੂੰ ਲੈ ਕੇ ਉਨ੍ਹਾਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਇਕ ਮੰਗ ਪੱਤਰ ਵੀ ਸੌਂਪਿਆ ਗਿਆ।
ਇਹ ਵੀ ਪੜ੍ਹੋ: ਜਲੰਧਰ: ਕਾਰੋਬਾਰੀ ਟਿੰਕੂ ਕਤਲ ਕੇਸ 'ਚ ਬੰਬੀਹਾ ਗਰੁੱਪ ਦੇ ਸ਼ੂਟਰ ਹੈੱਪੀ ਭੁੱਲਰ ਨੇ ਖੋਲ੍ਹੀਆਂ ਹੈਰਾਨੀਜਨਕ ਪਰਤਾਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ