ਕਾਂਗਰਸ ''ਚ ਸੀਟਾਂ ਲਈ ਸਿਆਸੀ ਘਮਸਾਨ, ਪਾਰਟੀ ’ਤੇ ਭਾਰੀ ਪੈ ਸਕਦੀ ਹੈ ਹਿੰਦੂ ਨੇਤਾਵਾਂ ਦੀ ਅਣਦੇਖੀ

Wednesday, Jan 19, 2022 - 05:59 PM (IST)

ਕਾਂਗਰਸ ''ਚ ਸੀਟਾਂ ਲਈ ਸਿਆਸੀ ਘਮਸਾਨ, ਪਾਰਟੀ ’ਤੇ ਭਾਰੀ ਪੈ ਸਕਦੀ ਹੈ ਹਿੰਦੂ ਨੇਤਾਵਾਂ ਦੀ ਅਣਦੇਖੀ

ਜਲੰਧਰ(ਵਿਸ਼ੇਸ਼):  2017 ਦੀਆਂ ਚੋਣਾਂ ਵਿਚ ਹਿੰਦੂ ਵੋਟਾਂ ਦੇ ਦਮ ’ਤੇ ਸੱਤਾ ਵਿਚ ਆਈ ਕਾਂਗਰਸ ਵਿਚ ਇਨ੍ਹਾਂ ਚੋਣਾਂ ਦੌਰਾਨ ਹਿੰਦੂਆਂ ਦੀ ਅਣਦੇਖੀ ਹੋ ਰਹੀ ਹੈ। ਪਿਛਲੀਆਂ ਚੋਣਾਂ ਵਿਚ ਕਾਂਗਰਸ ਨੇ ਹਿੰਦੂ ਪ੍ਰਭਾਵ ਵਾਲੀਆਂ 23 ਸੀਟਾਂ ਵਿਚੋਂ 20 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ ਅਤੇ ਭਾਜਪਾ ਦੇ ਨਾਲ ਸਿੱਧੇ ਮੁਕਾਬਲੇ ਵਾਲੀ ਹਿੰਦੂ ਪ੍ਰਭਾਵ ਦੀਆਂ 23 ਸੀਟਾਂ ਵਿਚੋਂ ਭਾਜਪਾ ਸਿਰਫ਼ 3 ਸੀਟਾਂ ਜਿੱਤ ਸਕੀ ਸੀ ਪਰ ਇਨ੍ਹਾਂ ਚੋਣਾਂ ਵਿਚ ਹਿੰਦੂ ਨੇਤਾਵਾਂ ਦੀ ਕਾਂਗਰਸ ਵਿਚ ਅਣਦੇਖੀ ਹੋ ਰਹੀ ਹੈ। ਪੰਜਾਬ ਦੀ ਆਬਾਦੀ ਦੀ 38.69 ਫ਼ੀਸਦੀ ਆਬਾਦੀ ਹਿੰਦੂ ਹੈ ਅਤੇ ਪਿਛਲੀਆਂ ਚੋਣਾਂ ਵਿਚ ਇਸੇ ਹਿੰਦੂ ਵੋਟ ਬੈਂਕ ਨੇ ਕਾਂਗਰਸ ਦੀ ਭੂਮਿਕਾ ਨਿਭਾਈ ਸੀ ਅਤੇ ਤਮਾਮ ਸ਼ਹਿਰੀ ਸੀਟਾਂ ’ਤੇ ਕਾਂਗਰਸ ਇਸੇ ਵੋਟ ਬੈਂਕ ਦੇ ਦਮ ’ਤੇ ਭਾਜਪਾ ’ਤੇ ਭਾਰੀ ਪਈ ਸੀ।

ਨਿਮਿਸ਼ਾ ਮਹਿਤਾ ਨੇ ਭਾਜਪਾ ਜੁਆਇਨ ਕੀਤੀ
ਕਾਂਗਰਸ ਦੀ ਤੇਜ਼ ਤਰਾਰ ਬੁਲਾਰਨ ਅਤੇ ਬ੍ਰਾਹਮਣ ਨੇਤਾ ਨਿਮਿਸ਼ਾ ਮਹਿਤਾ ਵਲੋਂ ਗੜ੍ਹਸ਼ੰਕਰ ਵਿਚ ਜ਼ਮੀਨੀ ਪੱਧਰ ’ਤੇ ਪਿਛਲੇ 5 ਸਾਲਾਂ ਵਿਚ ਕੰਮ ਕੀਤੇ ਜਾਣ ਦੇ ਬਾਵਜੂਦ ਹਿੰਦੂ ਪ੍ਰਭਾਵ ਵਾਲੀ ਇਹ ਸੀਟ ਸਿੱਖ ਉਮੀਦਵਾਰ ਅਮਰਪ੍ਰੀਤ ਲਾਲੀ ਨੂੰ ਦੇ ਦਿੱਤੀ ਗਈ। 2008 ਦੇ ਡੀ ਲਿਮੀਟੇਸ਼ਨ ਤੋਂ ਪਹਿਲਾਂ ਇਹ ਸੀਟ ਭਾਜਪਾ ਦੇ ਖਾਤੇ ਵਿਚ ਆਉਂਦੀ ਸੀ ਅਤੇ 2002 ਦੀਆਂ ਚੋਣਾਂ ਵਿਚ ਭਾਜਪਾ ਦੇ ਅਵਿਨਾਸ਼ ਰਾਏ ਖੰਨਾ ਇਸ ਸੀਟ ’ਤੇ ਚੋਣ ਜਿੱਤੇ ਸਨ। ਉਸ ਸਮੇਂ ਪੰਜਾਬ ਵਿਚ ਕਾਂਗਰਸ ਦੀ ਹਵਾ ਦੇ ਬਾਵਜੂਦ ਭਾਜਪਾ ਇਹ ਸੀਟ ਬਚਾਉਣ ਵਿਚ ਕਾਮਯਾਬ ਰਹੀ ਸੀ। ਕੰਢੀ ਇਲਾਕੇ ਦੀ ਇਸ ਸੀਟ ’ਤੇ ਸਾਰਾ ਸ਼ਹਿਰੀ ਵੋਟਰ ਹਿੰਦੂ ਹੈ ਪਰ ਇਸ ਦੇ ਬਾਵਜੂਦ ਇਹ ਸੀਟ ਨਿਮਿਸ਼ਾ ਮਹਿਤਾ ਨੂੰ ਦੇਣ ਦੀ ਬਜਾਏ ਲਾਲੀ ਨੂੰ ਦਿੱਤੀ ਗਈ, ਜਿਸ ਤੋਂ ਨਿਰਾਸ਼ ਨਿਮਿਸ਼ਾ ਮਹਿਤਾ ਨੇ ਭਾਜਪਾ ਦਾ ਪੱਲਾ ਫੜ ਲਿਆ। ਇਸ ਨਾਲ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ।

ਇਹ ਵੀ ਪੜ੍ਹੋ :ਟਕਸਾਲੀ ਅਕਾਲੀਆਂ 'ਚ ਭਾਜਪਾ ਦੀ ਸੰਨ੍ਹ, 3 ਵੱਡੇ ਪਰਿਵਾਰਾਂ ਮਗਰੋਂ ਹੁਣ ਇਸ ਪਰਿਵਾਰ 'ਤੇ ਨਜ਼ਰ

ਅਸ਼ਵਨੀ ਸੇਖੜੀ ਦੀ ਸੀਟ ’ਤੇ ਬਾਜਵਾ ਪਰਿਵਾਰ ਦਾ ਦਾਅਵਾ
ਬਟਾਲਾ ਤੋਂ ਕਾਂਗਰਸ ਦੇ ਵਿਧਾਇਕ ਅਤੇ 2002 ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਿਚ ਮੰਤਰੀ ਰਹੇ ਅਸ਼ਵਨੀ ਸੇਖੜੀ ਦੀ ਦਾਅਵੇਦਾਰੀ ਨੂੰ ਲੈ ਕੇ ਹੁਣ ਕਾਂਗਰਸ ਵਿਚ ਵਿਵਾਦ ਹੋ ਗਿਆ ਹੈ। ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਾਂਗਰਸ ਹਾਈਕਮਾਨ ’ਤੇ ਇਹ ਸੀਟ ਆਪਣੇ ਪੁੱਤਰ ਨੂੰ ਦੇਣ ਦਾ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਬਾਜਵਾ ਨੇ ਕਿਹਾ ਕਿ ਜੇਕਰ ਚੌਧਰੀ ਸੰਤੋਖ ਸਿੰਘ ਦੇ ਪਰਿਵਾਰ ਨੂੰ 3 ਟਿਕਟਾਂ ਦਿੱਤੀਆਂ ਜਾ ਸਕਦੀਆਂ ਹਨ ਤਾਂ ਉਨ੍ਹਾਂ ਦੇ ਪਰਿਵਾਰ ਨੂੰ ਇਕ ਹੋਰ ਟਿਕਟ ਕਿਉਂ ਨਹੀਂ ਦਿੱਤੀ ਜਾ ਸਕਦੀ। ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਬਟਾਲਾ ਵਿਚ ਰੈਲੀ ਦੌਰਾਨ ਅਸ਼ਵਨੀ ਸੇਖੜੀ ਨੂੰ ਟਿਕਟ ਦਿੱਤੇ ਜਾਣ ਦੀ ਹਮਾਇਤ ਕਰ ਚੁੱਕੇ ਹਨ ਪਰ ਸੇਖੜੀ ਦੀ ਇਸ ਸੀਟ ’ਤੇ ਬਾਜਵਾ ਪਰਿਵਾਰ ਦੇ ਦਾਅਵੇ ਤੋਂ ਬਾਅਦ ਮਾਝਾ ਦੇ ਹਿੰਦੂਆਂ ਵਿਚ ਗ਼ਲਤ ਸੰਦੇਸ਼ ਜਾ ਸਕਦਾ ਹੈ। 2011 ਦੀ ਜਨਗਣਨਾ ਮੁਤਾਬਕ ਬਟਾਲਾ ਵਿਚ 56 ਫ਼ੀਸਦੀ ਆਬਾਦੀ ਹਿੰਦੂ ਹੈ ਜਦਕਿ ਸਿੱਖ ਵੋਟਰਾਂ ਦੀ ਗਿਣਤੀ 37 ਫ਼ੀਸਦੀ ਹੈ। ਅਜਿਹੇ ਵਿਚ ਇਸ ਹਿੰਦੂ ਸੀਟ ’ਤੇ ਵਿਵਾਦ ਤੋਂ ਬਾਅਦ ਕਾਂਗਰਸ ਪ੍ਰਤੀ ਹਿੰਦੂਆਂ ਵਿਚ ਗ਼ਲਤ ਸੰਦੇਸ਼ ਜਾ ਰਿਹਾ ਹੈ ਅਤੇ ਇਸ ਦਾ ਲਾਭ ਭਾਜਪਾ ਨੂੰ ਹੋ ਸਕਦਾ ਹੈ।

ਇਹ ਵੀ ਪੜ੍ਹੋ ਕੇਜਰੀਵਾਲ ਦਾ ਖ਼ੁਲਾਸਾ, ਦੱਸਿਆ ਕਿਉਂ ਨਹੀਂ ਹੋਇਆ ਸੰਯੁਕਤ ਸਮਾਜ ਮੋਰਚਾ ਨਾਲ ਗਠਜੋੜ

ਰਮਨ ਬਹਿਲ ਨੂੰ ਵੀ ਸੰਭਾਲ ਨਹੀਂ ਸਕੀ ਕਾਂਗਰਸ
ਗੁਰਦਾਸਪੁਰ ਤੋਂ ਕਾਂਗਰਸ ਦੇ ਵਿਧਾਇਕ ਰਹੇ ਖੁਸ਼ਹਾਲ ਬਹਿਲ ਦੇ ਬੇਟੇ ਰਮਨ ਬਹਿਲ ਵੀ ਕਾਂਗਰਸ ਦੀ ਇਸੇ ਨੀਤੀ ਕਾਰਨ ਉਨ੍ਹਾਂ ਤੋਂ ਦੂਰ ਹੋਏ ਹਨ ਅਤੇ ਉਨ੍ਹਾਂ ਆਮ ਆਦਮੀ ਪਾਰਟੀ ਦਾ ਪੱਲਾ ਫੜਾ ਲਿਆ ਹੈ। ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਗੁਰਦਾਸਪੁਰ ਸੀਟ ਤੋਂ ਮੈਦਾਨ ਵਿਚ ਉਤਾਰਿਆ ਹੈ। ਗੁਰਦਾਸਪੁਰ ਦੀ 68.8 ਫ਼ੀਸਦੀ ਆਬਾਦੀ ਵੀ ਹਿੰਦੂ ਹੈ ਪਰ ਕਾਂਗਰਸ ਨੇ ਇਸ ਸੀਟ ’ਤੇ ਮੌਜੂਦਾ ਵਿਧਾਇਕ ਬਰਿੰਦਰਜੀਤ ਸਿੰਘ ਪਾਹੜਾ ਨੂੰ ਮੈਦਾਨ ਵਿਚ ਉਤਾਰਿਆ ਹੈ ਪਰ ਰਮਨ ਬਹਿਲ ਨੂੰ ਪਾਰਟੀ ਦੇ ਨਾਲ ਜੋੜੀ ਰੱਖਣ ਲਈ ਕੋਈ ਖ਼ਾਸ ਕੋਸ਼ਿਸ਼ ਨਹੀਂ ਕੀਤੀ। ਰਮਨ ਬਹਿਲ 2012 ਵਿਚ ਇਸ ਸੀਟ ਤੋਂ ਕਾਂਗਰਸ ਦੀ ਟਿਕਟ ’ਤੇ ਚੋਣ ਲੜੇ ਸਨ ਅਤੇ ਉਨ੍ਹਾਂ ਨੂੰ 38,335 ਵੋਟਾਂ ਹਾਸਲ ਹੋਈਆਂ ਸਨ।

ਨੋਟ : ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦੱਸੋ


author

Harnek Seechewal

Content Editor

Related News