ਪੰਜਾਬ ’ਚ ਮਿਲੀ ਵੱਡੀ ਹਾਰ ਤੋਂ ਬਾਅਦ ਕਾਂਗਰਸ ’ਚ ਮੰਥਨ, ਨਵਜੋਤ ਸਿੱਧੂ ਤੇ ਚਰਨਜੀਤ ਚੰਨੀ ਨਿਸ਼ਾਨੇ ’ਤੇ

Wednesday, Mar 16, 2022 - 09:57 PM (IST)

ਪੰਜਾਬ ’ਚ ਮਿਲੀ ਵੱਡੀ ਹਾਰ ਤੋਂ ਬਾਅਦ ਕਾਂਗਰਸ ’ਚ ਮੰਥਨ, ਨਵਜੋਤ ਸਿੱਧੂ ਤੇ ਚਰਨਜੀਤ ਚੰਨੀ ਨਿਸ਼ਾਨੇ ’ਤੇ

ਚੰਡੀਗੜ੍ਹ (ਅਸ਼ਵਨੀ) : ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕਰਾਰੀ ਹਾਰ ਤੋਂ ਬਾਅਦ ਪੰਜਾਬ ਕਾਂਗਰਸ ਮੰਥਨ ਦੀ ਮੁਦਰਾ ਵਿਚ ਆ ਗਈ ਹੈ। ਮੰਗਲਵਾਰ ਨੂੰ ਚੰਡੀਗੜ੍ਹ ਦੇ ਪੰਜਾਬ ਕਾਂਗਰਸ ਭਵਨ ਵਿਚ ਦਿਨ ਭਰ ਮਹਾਮੰਥਨ ਦਾ ਦੌਰ ਚੱਲਦਾ ਰਿਹਾ। ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਨੇ ਕਈ ਨੇਤਾਵਾਂ ਨਾਲ ਵਨ-ਟੂ- ਵਨ ਬੈਠਕ ਕਰਕੇ ਹਾਰ ਦੇ ਕਾਰਨਾਂ ਨੂੰ ਜਾਣਨ ਦੀ ਕੋਸ਼ਿਸ਼ ਕੀਤੀ। ਉਧਰ, ਬੈਠਕ ਵਿਚ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਮੌਜੂਦ ਰਹੇ। ਬੈਠਕ ਦੌਰਾਨ ਜ਼ਿਆਦਾਤਰ ਨੇਤਾਵਾਂ ਦਾ ਕਹਿਣਾ ਸੀ ਕਿ ਇਸ ਕਰਾਰੀ ਹਾਰ ਦਾ ਵੱਡਾ ਕਾਰਨ ਨੇਤਾਵਾਂ ਦੀ ਬੇਵਜ੍ਹਾ ਬਿਆਨਬਾਜ਼ੀ ਰਹੀ ਹੈ। ਚੋਣਾਂ ਦੌਰਾਨ ਕਈ ਅਜਿਹੇ ਮੌਕੇ ਆਏ, ਜਦੋਂ ਗਲਤ ਬਿਆਨਬਾਜ਼ੀ ਨੇ ਰਾਤੋ-ਰਾਤ ਚੋਣਾਂ ਦੀ ਦਿਸ਼ਾ ਬਦਲ ਦਿੱਤੀ। ਨੇਤਾਵਾਂ ਦਾ ਇਹ ਵੀ ਕਹਿਣਾ ਸੀ ਕਿ ਪੰਜਾਬ ਕਾਂਗਰਸ ’ਚ ਕਲੇਸ਼ ਵੀ ਹਾਰ ਦਾ ਵੱਡਾ ਕਾਰਨ ਰਿਹਾ ਹੈ।

ਇਹ ਵੀ ਪੜ੍ਹੋ : ਸੰਦੀਪ ਨੰਗਲ ਅੰਬੀਆਂ ਕਤਲ ਕਾਂਡ ’ਚ ਨਵਾਂ ਮੋੜ, ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਨੇ ਪਾਈ ਫੇਸਬੁੱਕ ਪੋਸਟ

ਕਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤਾਂ ਕਦੇ ਨਵਜੋਤ ਸਿੰਘ ਸਿੱਧੂ ਦੇ ਸੁਰ ਵਿਚ ਸੁਰ ਮਿਲਾਉਂਦੇ ਨੇਤਾ ਸਾਫ਼ ਤੌਰ ’ਤੇ ਖੇਮਿਆਂ ਵਿਚ ਵੰਡੇ ਹੋਏ ਵਿਖਾਈ ਦਿੱਤੇ। ਪੰਜਾਬ ਦੇ ਲੋਕ ਰੋਜ਼ਾਨਾ ਕਲੇਸ਼ ਤੋਂ ਇੰਨੇ ਅੱਕ ਚੁੱਕੇ ਸਨ ਕਿ ਉਨ੍ਹਾਂ ਦਾ ਕਾਂਗਰਸ ਤੋਂ ਭਰੋਸਾ ਡਗਮਗਾ ਗਿਆ। ਉੱਧਰ, ਵਿਧਾਇਕ ਪਰਗਟ ਸਿੰਘ ਨੇ ਸੰਜਮ ਦੀ ਗੱਲ ਨੂੰ ਤਵੱਜੋਂ ਦਿੰਦੇ ਹੋਏ ਕਿਹਾ ਕਿ ਪਾਰਟੀ ਵਿਚ ਹੁਣ ਨੇਤਾਵਾਂ ਨੂੰ ਇਕ-ਦੂਜੇ ’ਤੇ ਹਾਰ ਦਾ ਭਾਂਡਾ ਭੰਨਣ ਦੀ ਥਾਂ ਸਬਕ ਲੈਣਾ ਚਾਹੀਦਾ ਹੈ ਅਤੇ ਅੱਗੇ ਦੀ ਰਣਨੀਤੀ ਬਣਾਉਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਦੋ ਸਾਲ ਪਹਿਲਾਂ ਵਿਆਹੇ ਪੁੱਤ ਦੀ ਅਚਾਨਕ ਮੌਤ, ਰੋ-ਰੋ ਹਾਲੋ ਬੇਹਾਲ ਹੋਇਆ ਪਰਿਵਾਰ

ਪਹਿਲੇ ਦੌਰ ’ਚ ਤਿੰਨ ਨੇਤਾਵਾਂ ਨੇ ਵਿਧਾਇਕਾਂ ਨਾਲ ਕੀਤੀ ਗੱਲਬਾਤ
ਬੈਠਕ ਦੌਰਾਨ ਪਹਿਲੇ ਦੌਰ ਵਿਚ ਹਰੀਸ਼ ਚੌਧਰੀ, ਨਵਜੋਤ ਸਿੰਘ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ ਨੇ ਨੇਤਾਵਾਂ ਨਾਲ ਬੈਠਕ ਕੀਤੀ। ਇਸ ਦੌਰਾਨ ਬੱਸੀ ਪਠਾਣਾਂ ਤੋਂ ਉਮੀਦਵਾਰ ਰਹੇ ਗੁਰਪ੍ਰੀਤ ਸਿੰਘ ਜੀ. ਪੀ. ਨੇ ਜੰਮ ਕੇ ਭੜਾਸ ਕੱਢੀ। ਉਨ੍ਹਾਂ ਨੇ ਸਿੱਧੇ ਤੌਰ ’ਤੇ ਚੰਨੀ ਨੂੰ ਨਿਸ਼ਾਨੇ ’ਤੇ ਲੈਂਦੇ ਹੋਏ ਕਿਹਾ ਕਿ ਚੰਨੀ ਨੂੰ ਮੁੱਖ ਮੰਤਰੀ ਬਣਾਉਣਾ ਗਲ਼ਤ ਫੈਸਲਾ ਸੀ, ਜਿਸ ਲਈ ਰਾਹੁਲ ਗਾਂਧੀ ਨੂੰ ਠੀਕ ਤਰੀਕੇ ਨਾਲ ਗਾਈਡ ਨਹੀਂ ਕੀਤਾ ਗਿਆ। ਉਨ੍ਹਾਂ ਨੇ ਚੰਨੀ ਨੂੰ ਇਥੋਂ ਤਕ ਕਹਿ ਦਿੱਤਾ ਕਿ ਜੋ ਆਪਣਾ ਪਰਿਵਾਰ ਨਹੀਂ ਸੰਭਾਲ ਸਕਦਾ, ਉਹ ਪੰਜਾਬ ਨੂੰ ਕਿਵੇਂ ਸੰਭਾਲ ਸਕਦਾ ਹੈ। ਜੀ. ਪੀ. ਨੇ ਨਵਜੋਤ ਸਿੰਘ ਸਿੱਧੂ ਦੀ ਹਿਮਾਇਤ ਕਰਦੇ ਹੋਏ ਕਿਹਾ ਕਿ ਜੇਕਰ ਸਿੱਧੂ ਮੁੱਖ ਮੰਤਰੀ ਦਾ ਚਿਹਰਾ ਹੁੰਦੇ ਤਾਂ ਸ਼ਾਇਦ ਕਾਂਗਰਸ ਦਾ ਪੰਜਾਬ ਵਿਚ ਇਹ ਹਾਲ ਨਾ ਹੁੰਦਾ। ਉੱਧਰ, ਕੁਝ ਨੇਤਾਵਾਂ ਨੇ ਚੰਨੀ ਅਤੇ ਸਿੱਧੂ ਦੀ ਆਪਸੀ ਖਿੱਚੋਤਾਣ ਦੇ ਨਾਲ-ਨਾਲ ਸੁਨੀਲ ਜਾਖੜ ਦੇ ਬਿਆਨਾਂ ਨੂੰ ਵੀ ਹਾਰ ਲਈ ਜ਼ਿੰਮੇਵਾਰ ਠਹਿਰਾਇਆ।

ਇਹ ਵੀ ਪੜ੍ਹੋ : ਭਗਤਾ ਭਾਈ ਨੇੜੇ ਵਾਪਰਿਆ ਭਿਆਨਕ ਹਾਦਸਾ, ਤਿੰਨ ਘਰਾਂ ’ਚ ਵਿੱਛ ਗਏ ਲਾਸ਼ਾਂ ਦੇ ਸੱਥਰ

ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਦੇ ਲੋਕ ਸਿਸਟਮ ਤੋਂ ਅੱਕ ਚੁੱਕੇ ਸਨ, ਜਿਸ ਦੀ ਨਬਜ਼ ਪਾਰਟੀ ਨੇਤਾ ਟਟੋਲ ਨਹੀਂ ਸਕੇ। ਉੱਧਰ, ਇਸ ਹਾਰ ’ਤੇ ਮਹਾਮੰਥਨ ਨੂੰ ਪਾਰਟੀ ਦੇ ਸੀਨੀਅਰ ਨੇਤਾ ਪਵਨ ਦੀਵਾਨ ਨੇ ਸਿਰਫ਼ ਇਕ ਨੌਟੰਕੀ ਕਰਾਰ ਦਿੱਤਾ। ਉਨ੍ਹਾਂ ਨੇ ਹਰੀਸ਼ ਚੌਧਰੀ ਦੀ ਚੋਣ ਨੀਤੀ ’ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਜਦੋਂ ਦੋਸ਼ੀ ਹੀ ਜੱਜ ਹੈ ਤਾਂ ਇਨਸਾਫ ਕੌਣ ਕਰੇਗਾ। ਬੈਠਕ ਦੌਰਾਨ ਕਈ ਨੇਤਾਵਾਂ ਨੇ ਹਰੀਸ਼ ਚੌਧਰੀ ਦੇ ਅਸਤੀਫ਼ੇ ਸਬੰਧੀ ਆਵਾਜ਼ ਵੀ ਚੁੱਕੀ। ਬੈਠਕ ਦੌਰਾਨ ਸੁਰਜੀਤ ਧੀਮਾਨ ਅਤੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਤਿੱਖੀ ਬਿਆਨਬਾਜ਼ੀ ਕੀਤੀ।

ਇਹ ਵੀ ਪੜ੍ਹੋ : ਚੋਣਾਂ ’ਚ ਹਾਰ ਤੋਂ ਬਾਅਦ ਕਾਂਗਰਸ ਚ ਘਮਸਾਨ, ਚਰਨਜੀਤ ਚੰਨੀ ’ਤੇ ਸੁਨੀਲ ਜਾਖੜ ਦਾ ਸਿੱਧਾ ਹਮਲਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News