ਕਾਂਗਰਸ ਵਿਧਾਇਕ ਦਲ ਦੀ ਬੈਠਕ ''ਚ ਮੰਤਰੀ ਨਾਲ ਭਿੜੇ ਵਿਧਾਇਕ

02/21/2020 12:31:37 AM

ਚੰਡੀਗੜ੍ਹ,(ਅਸ਼ਵਨੀ)-ਵਿਧਾਨ ਸਭਾ ਦੇ ਬਜਟ ਸੈਸ਼ਨ ਤੋਂ ਪਹਿਲਾਂ ਵੀਰਵਾਰ ਸਵੇਰੇ ਬੁਲਾਈ ਗਈ ਕਾਂਗਰਸ ਵਿਧਾਇਕ ਦਲ ਦੀ ਬੈਠਕ 'ਚ ਉਸ ਸਮੇਂ ਸਥਿਤੀ ਗੰਭੀਰ ਹੋ ਗਈ, ਜਦੋਂ ਕੁੱਝ ਵਿਧਾਇਕ ਮੰਤਰੀ ਨਾਲ ਭਿੜ ਗਏ। ਮਾਹੌਲ ਇੰਨਾ ਭਖ ਗਿਆ ਕਿ ਬਾਕੀ ਵਿਧਾਇਕਾਂ ਨੂੰ ਵਿਚ-ਬਚਾਅ ਕਰਨਾ ਪਿਆ। ਮੰਤਰੀ ਨਾਲ ਭਿੜੇ ਵਿਧਾਇਕਾਂ ਦਾ ਦੋਸ਼ ਸੀ ਕਿ ਮੰਤਰੀ ਤਾਂ ਦੂਰ ਦੀ ਗੱਲ, ਉਨ੍ਹਾਂ ਦੇ ਵਿਭਾਗ 'ਚ ਤਾਇਨਾਤ ਅਫ਼ਸਰ ਤੱਕ ਵਿਧਾਇਕਾਂ ਦੀ ਗੱਲ ਨਹੀਂ ਸੁਣਦੇ। 2 ਵਿਧਾਇਕਾਂ ਨੇ ਤਹਿਸੀਲਦਾਰਾਂ ਨੂੰ ਲੈ ਕੇ ਵੀ ਨਰਾਜ਼ਗੀ ਜਤਾਈ। ਇਕ ਵਿਧਾਇਕ ਨੇ ਤਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਤੱਕ 'ਤੇ ਸਵਾਲ ਦਾਗ ਦਿੱਤਾ ਕਿ ਉਹ ਕਾਫ਼ੀ ਵਾਰ ਮਿਲਣ ਦਾ ਸਮਾਂ ਮੰਗ ਚੁੱਕੇ ਹਨ ਪਰ ਉਨ੍ਹਾਂ ਨੂੰ ਸਮਾਂ ਨਹੀਂ ਦਿੱਤਾ ਜਾ ਰਿਹਾ। ਇਕ ਵਿਧਾਇਕ ਹੋਣ ਦੇ ਨਾਤੇ ਉਨ੍ਹਾਂ ਨੂੰ ਸਮਾਂ ਮਿਲਣਾ ਚਾਹੀਦਾ ਹੈ ਤਾਂ ਕਿ ਉਹ ਆਪਣੇ ਵਿਧਾਨ ਸਭਾ ਖੇਤਰ ਦੇ ਕੰਮਾਂ ਦੀ ਚਰਚਾ ਕਰ ਸਕਣ। ਇਸ 'ਤੇ ਮੁੱਖ ਮੰਤਰੀ ਨੇ ਵਿਧਾਇਕ ਨੂੰ ਭਰੋਸਾ ਦਿਵਾਇਆ ਕਿ ਉਹ ਜਦੋਂ ਚਾਹੇ ਸਮਾਂ ਲੈ ਕੇ ਮੁਲਾਕਾਤ ਕਰ ਸਕਦੇ ਹਨ। ਇਸ ਕੜੀ 'ਚ ਇਕ ਵਿਧਾਇਕ ਨੇ ਦਿੱਲੀ ਦੇ ਪੰਜਾਬ ਭਵਨ 'ਚ ਕਮਰਿਆਂ ਦੀ ਬੁਕਿੰਗ ਨਾ ਮਿਲਣ 'ਤੇ ਸਬੰਧਤ ਅਧਿਕਾਰੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਇਸ 'ਤੇ ਕੁੱਝ ਵਿਧਾਇਕਾਂ ਨੇ ਵੀ ਸੁਰ 'ਚ ਸੁਰ ਮਿਲਾਉਂਦੇ ਹੋਏ ਕਿਹਾ ਕਿ ਦਿੱਲੀ 'ਚ ਵਿਧਾਇਕਾਂ ਨੂੰ ਬੀ ਬਲਾਕ 'ਚ ਕਮਰੇ ਨਹੀਂ ਦਿੱਤੇ ਜਾਂਦੇ ਹਨ, ਜਦੋਂਕਿ ਅਧਿਕਾਰੀ ਖੁਦ ਇਕ ਬਲਾਕ 'ਚ ਕਮਰੇ ਬੁਕ ਕਰਵਾ ਲੈਂਦੇ ਹਨ। ਅਜਿਹੇ 'ਚ ਲੱਗਦਾ ਹੈ ਕਿ ਪੰਜਾਬ ਦੇ ਅਧਿਕਾਰੀ ਵਿਧਾਇਕਾਂ ਤੋਂ ਜ਼ਿਆਦਾ ਪਾਵਰਫੁੱਲ ਹਨ। ਵਿਧਾਇਕਾਂ ਦੇ ਲਗਾਤਾਰ ਗਰਮ ਹੁੰਦੇ ਤੇਵਰ ਦਾ ਹੀ ਨਤੀਜਾ ਰਿਹਾ ਕਿ ਬੈਠਕ ਨੂੰ ਜਲਦੀ ਹੀ ਖ਼ਤਮ ਕਰ ਦਿੱਤਾ ਗਿਆ। ਹਾਲਾਂਕਿ ਕੁੱਝ ਵਿਧਾਇਕਾਂ ਨੇ ਕਿਹਾ ਕਿ ਇਹ ਪੂਰਾ ਮਾਮਲਾ ਉਦੋਂ ਹੋਇਆ, ਜਦੋਂ ਬੈਠਕ ਖ਼ਤਮ ਹੋ ਗਈ ਸੀ।


Related News