ਸਹੁੰ ਖਾ ਕੇ ਮੁੱਕਰਿਆ ਕਾਂਗਰਸ ਦਾ ਵਿਧਾਇਕ! (ਵੀਡੀਓ)

05/25/2019 6:41:25 PM

ਪਠਾਨਕੋਟ (ਧਰਮਿੰਦਰ ਠਾਕੁਰ) : ਹਲਕਾ ਭੋਆ ਤੋਂ ਕਾਂਗਰਸ ਦੇ ਵਿਧਾਇਕ ਜੋਗਿੰਦਰ ਪਾਲ ਹੁਣ ਆਪਣੇ ਵਲੋਂ ਖਾਧੀ ਸਹੁੰ ਤੋਂ ਪਲਟਦੇ ਨਜ਼ਰ ਆ ਰਹੇ ਹਨ। ਦਰਅਸਲ ਵਿਧਾਇਕ ਜੋਗਿੰਦਰ ਪਾਲ ਨੇ ਆਪਣੀ ਆਪਣੀ ਮਾਂ ਦੀ ਸਹੁੰ ਖਾ ਕੇ ਇਹ ਕਿਹਾ ਸੀ ਕਿ ਜੇਕਰ ਗੁਰਦਾਸਪੁਰ ਵਿਚ ਸੁਨੀਲ ਜਾਖੜ ਹਾਰ ਗਏ ਤਾਂ ਉਹ ਅਸਤੀਫਾ ਦੇ ਦੇਣਗੇ ਪਰ ਸ਼ਾਇਦ ਹੁਣ ਉਨ੍ਹਾਂ ਦਾ ਮਨ ਬਦਲ ਗਿਆ ਹੈ। ਹੁਣ ਜਦੋਂ ਸੁਨੀਲ ਜਾਖੜ ਗੁਰਦਾਸਪੁਰ ਤੋਂ ਚੋਣ ਹਾਰ ਗਏ ਹਨ ਤਾਂ ਵਿਧਾਇਕ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਵਿਰੋਧੀਆਂ ਨੂੰ ਜੋਗਿੰਦਰਪਾਲ ਤੋਂ ਅਸਤੀਫਾ ਮੰਗਣ ਦਾ ਮੌਕਾ ਮਿਲ ਗਿਆ ਹੈ। ਭੋਆ ਤੋਂ ਸਾਬਕਾ ਵਿਧਾਇਕਾ ਨੇ ਪ੍ਰੈੱਸ ਕਾਨਫਰੰਸ ਕਰਕੇ ਕਾਂਗਰਸੀ ਵਿਧਾਇਕ ਤੋਂ ਅਸਤੀਫੇ ਦੀ ਮੰਗ ਕੀਤੀ ਹੈ। 
ਦੂਜੇ ਪਾਸੇ ਜੋਗਿੰਦਰ ਪਾਲ ਹੁਣ ਆਪਣੇ ਬੋਲ ਪੁਗਾਉਣ ਤੋਂ ਭੱਜਦੇ ਨਜ਼ਰ ਆ ਰਹੇ ਹਨ। ਵਿਰੋਧੀਆਂ ਦੀ ਮੰਗ 'ਤੇ ਜੋਗਿੰਦਰ ਪਾਲ ਵਰਕਰਾਂ ਦੀ ਆੜ੍ਹ ਲੈ ਕੇ ਆਪਣੀ ਕੁਰਸੀ ਬਚਾਉਂਦੇ ਨਜ਼ਰ ਆਏ। ਹੋਰ ਤਾਂ ਹੋਰ ਉਨ੍ਹਾਂ ਸੰਨੀ ਦਿਓਲ ਦੀ ਜਿੱਤ ਨੂੰ ਗੁਰਦਾਸਪੁਰ ਦੇ ਲੋਕਾਂ ਦੀ ਸਭ ਤੋਂ ਵੱਡੀ ਗਲਤੀ ਕਰਾਰ ਦਿੱਤਾ। 
ਦੱਸ ਦੇਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵੀ ਕਿਹਾ ਗਿਆ ਸੀ ਕਿ ਕਾਂਗਰਸੀ ਉਮੀਦਵਾਰਾਂ ਦੀ ਜਿੱਤ-ਹਾਰ ਲਈ ਸਬੰਧਤ ਹਲਕਿਆਂ ਦੇ ਵਿਧਾਇਕ ਜ਼ਿੰਮੇਵਾਰ ਹੋਣਗੇ ਤੇ ਉਮੀਦਵਾਰ ਦੇ ਹਾਰਨ 'ਤੇ ਵਿਧਾਇਕਾਂ ਨੂੰ ਅਸਤੀਫੇ ਦੇਣੇ ਪੈਣਗੇ। ਖੈਰ, ਕਹਿਣ ਦੀ ਗੱਲ ਹੋਰ ਹੈ ਪਰ ਕਿਸੇ ਲਈ ਆਪਣੀ ਕੁਰਸੀ ਛੱਡਣਾ ਸੌਖਾ ਨਹੀਂ ਤੇ ਹੁਣ ਇਹ ਗੱਲ ਸੱਚ ਸਾਬਤ ਹੁੰਦੀ ਨਜ਼ਰ ਆ ਰਹੀ ਹੈ।


Gurminder Singh

Content Editor

Related News