ਲੁਧਿਆਣਾ : ਟੀਮ ਆਸ਼ੂ ’ਤੇ ਆਏ ਸੰਕਟ ਮਗਰੋਂ ਹੁਣ ਕੌਣ ਸੰਭਾਲੇਗਾ ਸ਼ਹਿਰ ’ਚ ਕਾਂਗਰਸ ਦੀ ਕਮਾਨ?

Tuesday, Nov 29, 2022 - 01:21 PM (IST)

ਲੁਧਿਆਣਾ (ਮੋਹਿਨੀ) : ਕਹਿੰਦੇ ਹਨ ਕਿ ਆਦਮੀ ਨਹੀਂ ਸਮਾਂ ਤਾਕਤਵਰ ਹੁੰਦਾ ਹੈ। ਸਮੇਂ ਦੀ ਧਾਰ ਅੱਗੇ ਕੋਈ ਨਹੀਂ ਟਿਕ ਪਾਉਂਦਾ। ਪੰਜਾਬ 'ਚ ਸਿਆਸਤ ਵੀ ਸਮੇਂ ਦੀ ਧਾਰ ’ਤੇ ਹੀ ਚੱਲਦੀ ਹੈ। ਚੋਣਾਂ 'ਚ ਜਿੱਤ-ਹਾਰ ਦੇ ਲਈ ਕਿਸਮਤ ਦਾ ਹੋਣਾ ਬਹੁਤ ਵੱਡੀ ਗੱਲ ਹੈ। ਆਉਣ ਵਾਲੇ ਕੁੱਝ ਮਹੀਨਿਆਂ 'ਚ ਪੰਜਾਬ ਦੇ ਕਈ ਸ਼ਹਿਰਾਂ 'ਚ ਕਾਰਪੋਰੇਸ਼ਨ ਚੋਣਾਂ ਦਾ ਬਿਗੁਲ ਵੱਜਣ ਵਾਲਾ ਹੈ। ਇਸ 'ਚ ਲੁਧਿਆਣਾ ਨਗਰ ਨਗਮ ਵੀ ਸ਼ਾਮਲ ਹੈ। ਮੌਜੂਦਾ 'ਚ ਕਾਂਗਰਸ ਦੇ ਬਲਕਾਰ ਸਿੰਘ ਸੰਧੂ ਮੇਅਰ ਅਹੁਦੇ ’ਤੇ ਕਾਬਜ਼ ਹਨ ਕਿਉਂਕਿ ਸਾਲ 2018 'ਚ ਕਾਂਗਰਸ ਨੇ ਇਕ ਵੱਡੀ ਜਿੱਤ ਦੇ ਨਾਲ ਨਗਰ ਨਿਗਮ ਚੋਣਾਂ 'ਚ ਆਪਣਾ ਝੰਡਾ ਲਹਿਰਾਇਆ ਸੀ ਅਤੇ ਵਿਰੋਧੀ ਪਾਰਟੀਆਂ 'ਚ ਅਕਾਲੀ-ਭਾਜਪਾ ਗਠਜੋੜ ਨੂੰ ਮੂੰਹ ਦੀ ਖਾਣੀ ਪਈ ਸੀ। ਸ਼ਹਿਰ 'ਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਟੀਮ ਨੇ ਕਈ ਸੀਟਾਂ ਜਿਤਾਉਣ ਦਾ ਦਾਅਵਾ ਕੀਤਾ ਸੀ। ਉਦੋਂ ਆਸ਼ੂ ਦੀ ਤੂਤੀ ਬੋਲਦੀ ਸੀ ਪਰ ਹੁਣ ਸ਼ਹਿਰ 'ਚ ਚਰਚਾ ਹੈ ਕਿ ਆਸ਼ੂ ਗਰੁੱਪ ਦੇ ਇਕ ਤਰ੍ਹਾਂ ਨਾਲ ਖਿੱਲਰਨ ਤੋਂ ਬਾਅਦ ਹੁਣ ਕਾਂਗਰਸ ਦਾ ਕਿਹੜਾ ਚਿਹਰਾ ਅਗਵਾਈ ਕਰੇਗਾ ਜੋ ਕਾਂਗਰਸ ਦਾ ਮੇਅਰ ਬਣਾਉਣ ਦਾ ਦਾਅਵਾ ਕਰ ਸਕੇ।

ਇਹ ਵੀ ਪੜ੍ਹੋ : ਪੰਜਾਬ 'ਚ ਸੋਸ਼ਲ ਮੀਡੀਆ 'ਤੇ ਗੰਨ ਕਲਚਰ ਵਾਲੀਆਂ ਤਸਵੀਰਾਂ ਹਟਾਉਣ ਦੀ ਮੋਹਲਤ ਖ਼ਤਮ, ਅੱਜ ਤੋਂ ਹੋਵੇਗੀ FIR

ਉਦੋਂ ਕਾਂਗਰਸ ਦੀ ਲਹਿਰ ਵੀ ਸੀ ਅਤੇ ਦੋ ਵਾਰ ਵਿਧਾਨ ਸਭਾ ਚੋਣਾਂ ਜਿੱਤ ਚੁੱਕੇ ਭਾਰਤ ਭੂਸ਼ਣ ਦਾ ਸਾਥ ਵੀ ਸੀ ਪਰ ਹੁਣ ਕਾਂਗਰਸ ਦੀ ਕੋਈ ਲਹਿਰ ਨਹੀਂ ਹੈ। ਹੋਰ ਤਾਂ ਹੋਰ ਟੀਮ ਆਸ਼ੂ ਦੇ ਮੁਖੀ ਭਾਰਤ ਭੂਸ਼ਣ ਆਸ਼ੂ ਖ਼ੁਦ ਜੇਲ੍ਹ 'ਚ ਬੰਦ ਹਨ ਅਤੇ ਉਨ੍ਹਾਂ ਦੀ ਟੀਮ ਦੇ ਕਈ ਸਾਥੀਆਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਦੇ ਤਹਿਤ ਕੇਸ ਚੱਲ ਰਹੇ ਹਨ।  ਆਸ਼ੂ ਦੇ ਕਈ ਕਰੀਬੀ ਪੁਲਸ ਦੀ ਪਕੜ ਤੋਂ ਬਾਹਰ ਹਨ, ਜਿਨ੍ਹਾਂ ਨੂੰ ਭਗੌੜੇ ਐਲਾਨਣ ਦੀਆਂ ਕਾਰਵਾਈਆਂ ਵੀ ਚੱਲ ਰਹੀਆਂ ਹਨ। ਇਹ ਸਾਰੇ ਸਮੀਕਰਣ ਕਾਂਗਰਸ ਦੀ ਫਿਰ ਤੋਂ ਜਿੱਤ ਦੇ ਰੱਥ ਦੇ ਪਹੀਏ ਨੂੰ ਸਥਾਨਕ ਚੋਣਾਂ 'ਚ ਰੋਕ ਸਕਦੇ ਹਨ। ਇਸ ਤੋਂ ਇਹ ਸਵਾਲ ਵਾਰ-ਵਾਰ ਖੜ੍ਹਾ ਹੋ ਰਿਹਾ ਹੈ ਕਿ ਇਸ ਕਥਿਤ ਸੰਕਟ ਦੀ ਘੜੀ 'ਚ ਕਾਂਗਰਸ ਨੂੰ ਨਿਗਮ ਚੋਣਾਂ ਦੇ ਲਈ ਲਾਮਬੰਦ ਕੌਣ ਕਰੇਗਾ। ਦੱਸਿਆ ਜਾਂਦਾ ਹੈ ਕਿ ਮੌਜੂਦਾ ਸਮੇਂ 'ਚ ਕਾਂਗਰਸ ਆਪਣੀਆਂ-ਆਪਣੀਆਂ ਟੀਮਾਂ ਦੇ ਨਾਲ ਹੀ ਗੁੱਟਾਂ 'ਚ ਵੰਡੀ ਦਿਖਾਈ ਦੇ ਰਹੇ ਰਹੀ ਹੈ।

ਇਹ ਵੀ ਪੜ੍ਹੋ : ਭਾਰਤੀ ਖੇਤਰ 'ਚ ਮੁੜ ਪਾਕਿਸਤਾਨੀ ਡਰੋਨ ਦੀ ਦਸਤਕ, ਫਾਇਰਿੰਗ ਮਗਰੋਂ ਨਹੀਂ ਸੁਣੀ ਵਾਪਸ ਪਰਤਣ ਦੀ ਆਵਾਜ਼

ਪਿਛਲੀ ਵਾਰ ਕਾਂਗਰਸ ਨੇ ਜਿੱਤੀਆਂ ਸਨ 62 ਸੀਟਾਂ, ਹੁਣ ਸਥਿਤੀ ਕਾਫੀ ਉਲਟਫੇਰ ਵਾਲੀ

ਸਥਿਤੀ ਹੁਣ ਵੀ ਕਿਸ ਦੇ ਪੱਖ 'ਚ ਹੈ, ਇਹ ਸਾਫ਼ ਨਹੀਂ ਹੈ। ਪੰਜਾਬ ਦੀ ਸੱਤ੍ਹਾ 'ਚ ਬੇਸ਼ੱਕ ਆਮ ਆਦਮੀ ਪਾਰਟੀ ਹੈ ਪਰ ਆਗਾਮੀ ਜਨਵਰੀ-ਫਰਵਰੀ 'ਚ ਜਨਤਾ ਦਾ ਮੂਡ ਕਿਸ ਤਰ੍ਹਾਂ ਦਾ ਹੋਵੇਗਾ, ਇਸ ’ਤੇ ਕਿਸੇ ਪਾਰਟੀ ਨੂੰ ਕੋਈ ਸਥਿਤੀ ਸਪੱਸ਼ਟ ਨਹੀਂ ਹੈ। ਅੰਕੜੇ ਬੋਲਦੇ ਹਨ ਕਿ ਕਾਂਗਰਸ ਪਿਛਲੀ ਵਾਰ ਸਭ ਤੋਂ ਸਫ਼ਲ ਪਾਰਟੀ ਰਹੀ ਸੀ, ਜਿਸ ਨੇ 95 ਵਾਰਡਾਂ 'ਚ ਹੋਈਆਂ ਚੋਣਾਂ 'ਚ 62 ਸੀਟਾਂ ’ਤੇ ਜਿੱਤ ਦਰਜ ਕਰਕੇ ਆਪਣੇ ਮੇਅਰ ਬਣਾਏ ਸਨ। ਇਨ੍ਹਾਂ 'ਚ 31 ਮਹਿਲਾ ਉਮੀਦਵਾਰਾਂ ਨੇ ਵੀ ਸੀਟਾਂ ਜਿੱਤ ਕੇ ਕਾਂਗਰਸ ਦੀ ਝੋਲੀ ਪਾਈਆਂ ਸਨ। ਹੁਣ ਪੰਜਾਬ 'ਚ ਕਾਂਗਰਸ ਸਰਕਾਰ ਨਹੀਂ ਹੈ ਅਤੇ ਸੱਤਾਧਾਰੀ ਆਮ  ਆਦਮੀ ਪਾਰਟੀ ਵੀ ਇਸ ਵਾਰ ਪੂਰੇ ਜ਼ੋਰ-ਸ਼ੋਰ ਨਾਲ ਉਤਰੇਗੀ। ਇਨ੍ਹਾਂ ਹਾਲਾਤ ਤੋਂ ਬਾਅਦ ਕਾਂਗਰਸ ਨੂੰ ਆਪਣੀ ਜਿੱਤ ਨੂੰ ਰਿਪੀਟ ਕਰਨ ਲਈ ਕਾਫੀ ਪਸੀਨਾ ਵਹਾਉਣਾ ਪਵੇਗਾ ਕਿਉਂਕਿ ਭਾਜਪਾ ਵੀ ਅਕਾਲੀ ਦਲ ਤੋਂ ਵੱਖ ਹੋ ਕੇ ਹਿੰਦੂ ਵੋਟਾਂ ’ਤੇ ਚੰਗਾ ਖ਼ਾਸਾ ਪ੍ਰਭਾਵ ਪਾ ਰਹੀ ਹੈ, ਜੋ ਜੇਕਰ ਸਥਾਨਕ ਚੋਣਾਂ 'ਚ ਵੀ ਕਾਇਮ ਰਿਹਾ ਤਾਂ ਨਤੀਜੇ ਬੜੇ ਉਲਟ ਫੇਰ ਵਾਲੇ ਸਾਬਤ ਹੋਣਗੇ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News