ਕਾਂਗਰਸ ਪ੍ਰਧਾਨ ਦੇ ਪੁੱਤ ਦੀ ਗੁੰਡਾਗਰਦੀ, ਦੁੱਧ ਵਪਾਰੀ ’ਤੇ ਹਮਲਾ ਕਰ ਕੱਟੀ ਉਂਗਲੀ

Friday, Mar 20, 2020 - 09:36 AM (IST)

ਜਲੰਧਰ (ਮ੍ਰਿਦੁਲ) - ਬਸਤੀ ਮਿੱਠੂ ਵਿਚ ਵੀਰਵਾਰ ਨੂੰ ਜ਼ਿਲਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਬਲਦੇਵ ਸਿੰਘ ਦੇਵ ਦੇ ਪੁੱਤਰ ਮੰਗੂ ਵਲੋਂ ਦੋਸਤਾਂ ਨਾਲ ਮਿਲ ਕੇ ਤਲਵਾਰਾਂ ਲੈ ਕੇ ਸ਼ਰੇਆਮ ਧੱਕੇਸ਼ਾਹੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਇਕ ਦੁੱਧ ਵਪਾਰੀ ਸਰਬਜੀਤ ਸਿੰਘ ਉਰਫ ਸੰਦੀਪ ਦੇ ਹੱਥ ਦੀ ਉਂਗਲੀ ਕੱਟੀ ਗਈ, ਜਿਸ ਦਾ ਨਿੱਜੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਉਥੇ ਹੀ ਸੂਚਨਾ ਮਿਲਣ ’ਤੇ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ ਸਰਬਜੀਤ ਸਿੰਘ ਨੇ ਦੋਸ਼ ਲਾਇਆ ਹੈ ਕਿ ਉਹ ਬਸਤੀ ਮਿੱਠੂ ਵਿਚ ਰਹਿੰਦਾ ਹੈ। ਪਹਿਲਾਂ ਕਾਂਗਰਸੀ ਨੇਤਾ ਅਤੇ ਜ਼ਿਲਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਬਲਦੇਵ ਸਿੰਘ ਦੀ ਡੇਅਰੀ ਵਿਚ ਕੰਮ ਕਰਦਾ ਸੀ ਪਰ ਦੋ ਦਿਨ ਪਹਿਲਾਂ ਉਸ ਨੂੰ ਨੌਕਰੀ ਵਿਚੋਂ ਕੱਢ ਦਿੱਤਾ ਗਿਆ, ਜਿਸ ਤੋਂ ਬਾਅਦ ਉਸ ਨੇ ਉਧਾਰ ਲੈ ਕੇ ਖੁਦ ਦੁੱਧ ਵੇਚਣ ਦਾ ਕੰਮ ਸ਼ੁਰੂ ਕਰ ਦਿੱਤਾ। 

PunjabKesari

ਮੁਲਜ਼ਮ ਇਸ ਗੱਲ ਦੀ ਉਸ ਨਾਲ ਰੰਜਿਸ਼ ਰੱਖਣ ਲੱਗ ਪਿਆ ਅਤੇ 3 ਦਰਜਨ ਲੜਕਿਆਂ ਨਾਲ ਉਸ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਉਸ ਨਾਲ ਕੁੱਟ-ਮਾਰ ਕਰ ਕੇ ਉਸ ਦੀ ਦੁਕਾਨ ਵਿਚ ਤੋੜ-ਭੰਨ ਵੀ ਕੀਤੀ ਗਈ। ਇਸ ਦੌਰਾਨ ਉਸ ਦੇ ਹੱਥ ਦੀ ਉਂਗਲੀ ਕੱਟੀ ਗਈ। ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਏ। ਜ਼ਖ਼ਮੀ ਹੋਣ ’ਤੇ ਉਸ ਦੇ ਭਰਾ ਮਨਜੋਤ ਸਿੰਘ ਨੇ ਉਸ ਨੂੰ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ। ਮਨਜੋਤ ਸਿੰਘ ਨੇ ਦੱਸਿਆ ਕਿ 3 ਦਰਜਨ ਮੁਲਜ਼ਮ ਉਨ੍ਹਾਂ ਦੀ ਦੁਕਾਨ ਵਿਚ ਆਏ ਅਤੇ ਤੋੜ-ਭੰਨ ਕਰਨੀ ਸ਼ੁਰ ਕਰ ਦਿੱਤੀ ਤੇ ਲਗਭਗ ਇਕ ਘੰਟੇ ਤੱਕ ਗੁੰਡਾਗਰਦੀ ਕਰਦੇ ਰਹੇ ਪਰ ਕੋਈ ਉਸ ਨੂੰ ਬਚਾਉਣ ਲਈ ਅੱਗੇ ਨਹੀਂ ਆਇਆ। 

ਅਸੀਂ ਪੁਲਸ ਨੂੰ ਵੀ ਫੋਨ ਕਰਦੇ ਰਹੇ ਪਰ ਪੁਲਸ ਵੀ ਡੇਢ ਘੰਟੇ ਬਾਅਦ ਮੌਕੇ ’ਤੇ ਪਹੁੰਚੀ। ਉਸ ਨੇ ਦੱਸਿਆ ਕਿ ਜ਼ਖ਼ਮੀ ਭਰਾ ਦੀ ਹਸਪਤਾਲ ਵਿਚੋਂ ਐੱਮ. ਐੱਲ. ਆਰ. ਕਟਵਾ ਲਈ ਹੈ ਪਰ ਪੁਲਸ ਵਲੋਂ ਅਜੇ ਤੱਕ ਕੋਈ ਵੀ ਬਿਆਨ ਦਰਜ ਨਹੀਂ ਕੀਤਾ ਗਿਆ ਹੈ। ਇਸ ਸਬੰਧੀ ਜਦੋਂ ਬਲਦੇਵ ਦੇਵ ਨੂੰ ਫੋਨ ਕੀਤਾ ਗਿਆ ਤਾਂ ਉਨ੍ਹਾਂ ਦਾ ਫੋਨ ਲਗਾਤਾਰ ਆਊਟ ਆਫ ਰੀਚ ਆ ਰਿਹਾ ਸੀ। ਰਾਜਨੀਤਕ ਗਲਿਆਰਿਆਂ ਵਿਚ ਵੀ ਇਸ ਗੱਲ ਦੀ ਚਰਚਾ ਹੋ ਰਹੀ ਹੈ ਅਤੇ ਲੋਕ ਕਹਿ ਰਹੇ ਹਨ ਕਿ ਕਾਂਗਰਸ ਦੇ ਰਾਜ ਵਿਚ ਇਸ ਤਰ੍ਹਾਂ ਦੀ ਧੱਕੇਸ਼ਾਹੀ ਦਾ ਨੰਗਾ ਨਾਚ ਹੋ ਰਿਹਾ ਹੈ। ਉਥੇ ਹੀ ਮਾਮਲੇ ਬਾਰੇ ਐੱਸ. ਐੱਚ. ਓ. ਕਮਲਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਖਤਾ ਜਾਂਚ ਤੋਂ ਬਾਅਦ ਹੀ ਕੋਈ ਕਾਰਵਾਈ ਕੀਤੀ ਜਾਵੇਗੀ।


rajwinder kaur

Content Editor

Related News