ਕਾਂਗਰਸ ਸਰਕਾਰ ਚੋਣਾਂ ਦੌਰਾਨ ਕੀਤੇ ਵਾਅਦਿਆਂ ਤੋਂ ਮੁਕਰੀ : ਜਥੇ. ਢਪੱਈ

03/02/2018 4:45:05 AM

ਕਪੂਰਥਲਾ, (ਮੱਲ੍ਹੀ)— ਚੋਣਾਂ ਮੌਕੇ ਵੱਡੇ-ਵੱਡੇ ਵਾਅਦੇ ਕਰ ਕੇ ਪੰਜਾਬ ਦੀ ਸੱਤਾ 'ਤੇ ਕਬਜ਼ਾ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਰਾਜ ਦੌਰਾਨ ਪੈਨਸ਼ਨ ਧਾਰਕਾਂ ਨੂੰ ਸਮੇਂ ਸਿਰ ਪੈਨਸ਼ਨ, ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹ, ਗਰੀਬ ਮਾਪਿਆਂ ਨੂੰ ਸਮੇਂ ਸਿਰ ਸ਼ਗਨ ਸਕੀਮ ਦੇ ਪੈਸੇ ਨਹੀਂ ਮਿਲ ਰਹੇ ਤੇ ਸੂਬੇ ਦੇ ਲੋਕ ਕਾਂਗਰਸ ਨੂੰ ਦਿੱਤੇ ਆਪਣੇ ਪੂਰਨ ਸਮਰਥਨ ਦੇ ਲਏ ਫੈਸਲੇ 'ਤੇ ਪਛਤਾ ਰਹੇ ਹਨ। ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਕਪੂਰਥਲਾ ਦੇ ਸਰਕਲ ਸਦਰ ਪ੍ਰਧਾਨ ਜਥੇ. ਅਮਰਜੀਤ ਸਿੰਘ ਢਪੱਈ ਨੇ ਕਹੇ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਚੋਣਾਂ ਦੌਰਾਨ ਕੀਤੇ ਵਾਅਦਿਆਂ ਤੋਂ ਮੁਕਰ ਗਈ ਹੈ। ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਦੇ ਸਮੁੱਚੇ ਵਿਕਾਸ ਕਾਰਜ ਠੱਪ ਪਏ ਹਨ, ਕਿਸਾਨਾਂ ਨੂੰ ਮੋਟਰਾਂ ਦੇ ਮੁੜ ਬਿਜਲੀ ਬਿੱਲ ਲਾਏ ਜਾ ਰਹੇ ਹਨ, ਨੌਜਵਾਨ ਬੇਰੋਜ਼ਗਾਰੀ ਦੀ ਅੱਗ 'ਚ ਝੁਲਸ ਰਹੇ ਹਨ, ਮਹਿੰਗਾਈ ਕਾਰਨ ਲੋਕਾਂ ਦੇ ਘਰੀਂ ਦੋ ਵਕਤ ਦਾ ਚੁੱਲ੍ਹਾ ਬਲਣਾ ਔਖਾ ਹੋਇਆ ਪਿਆ ਹੈ। 
PunjabKesari
ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹ ਨਾ ਦੇ ਸਕਣ ਵਾਲੀ ਕੈਪਟਨ ਸਰਕਾਰ ਨੂੰ ਨੈਤਿਕਤਾ ਦੇ ਆਧਾਰ 'ਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ। ਮਾਰਕੀਟ ਕਮੇਟੀ ਕਪੂਰਥਲਾ ਦੇ ਸਾਬਕਾ ਚੇਅਰਮੈਨ ਜਥੇ. ਰਣਜੀਤ ਸਿੰਘ ਖੋਜੇਵਾਲ, ਬਲਾਕ ਸੰਮਤੀ ਕਪੂਰਥਲਾ ਦੇ ਚੇਅਰਮੈਨ ਦਲਜੀਤ ਸਿੰਘ ਬਸਰਾ, ਬਲਾਕ ਸੰਮਤੀ ਕਪੂਰਥਲਾ ਦੇ ਮੈਂਬਰ ਦਲਵਿੰਦਰ ਸਿੰਘ ਸਿੱਧੂ ਤੇ ਇੰਦਰਜੀਤ ਸਿੰਘ ਮੰਨਣ ਆਦਿ ਨੇ ਕਿਹਾ ਕਿ ਧਾਰਮਿਕ ਗ੍ਰੰਥਾਂ ਨੂੰ ਹੱਥ 'ਚ ਫੜ ਕੇ ਪੰਜਾਬ ਨੂੰ ਮੁਕੰਮਲ ਰੂਪ 'ਚ ਨਸ਼ਾ ਮੁਕਤ ਕਰਨ ਦੀ ਸਹੁੰਆਂ ਖਾਣ ਵਾਲੇ ਕੈਪਟਨ ਅਮਰਿੰਦਰ ਸਿੰਘ ਦੇ ਰਾਜ 'ਚ ਨਸ਼ਿਆਂ ਦਾ ਕਾਰੋਬਾਰ ਜਿਓ ਦਾ ਤਿਓ ਚੱਲ ਰਿਹਾ ਹੈ, ਆਰਥਿਕ ਮੰਦਹਾਲੀ 'ਚੋਂ ਗੁਜ਼ਰ ਰਹੇ ਕਿਸਾਨ ਨਿਰੰਤਰ ਖੁਦਕੁਸ਼ੀ ਕਰ ਰਹੇ ਹਨ, ਪੁਲਸ ਥਾਣਿਆ 'ਚ ਸੱਤਾਧਾਰੀ ਆਗੂਆਂ ਦੀ ਬੇਲੋੜੀ ਦਖਲ- ਅੰਦਾਜ਼ੀ ਦਾ ਬੋਲਬਾਲਾ ਹੈ ਤੇ ਪੰਜਾਬ 'ਚ ਵਾਪਰ ਰਹੀਆਂ ਗੈਂਗਸਟਰ ਵਾਰਦਾਤਾਂ, ਲੁੱਟਾ ਖੋਹਾਂ ਤੇ ਡਕੈਤੀਆਂ ਤੋਂ ਪੰਜਾਬ ਦੇ ਲੋਕ ਪੂਰੀ ਤਰ੍ਹਾਂ ਖੌਫਜਦਾ ਹਨ।


Related News